ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਰੋਕਣ ਲਈ ਵਿਆਪਕ ਮੁਹਿੰਮ ਦੀ ਸ਼ੁਰੂਆਤ

Thursday, Jun 27, 2019 - 09:57 AM (IST)

ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਰੋਕਣ ਲਈ ਵਿਆਪਕ ਮੁਹਿੰਮ ਦੀ ਸ਼ੁਰੂਆਤ

ਚੰਡੀਗੜ੍ਹ (ਅਸ਼ਵਨੀ) : ਵਾਤਾਵਰਣ ਨੂੰ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਦੇ ਮੱਦੇਨਜ਼ਰ ਸਥਾਨਕ ਸਰਕਾਰਾਂ ਵਿਭਾਗ ਨੇ ਇਸ ਦੇ ਨਿਰਮਾਣ, ਭੰਡਾਰਨ, ਵੰਡ, ਮੁੜ ਵਰਤੋਂ, ਵਿਕਰੀ ਅਤੇ ਇਸ ਦੀ ਵਰਤੋਂ ਵਿਰੁੱਧ ਇਕ ਵਿਆਪਕ ਮੁਹਿੰਮ ਚਲਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਇਹ ਸਮੱਸਿਆ ਵਾਤਾਵਰਣ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਇਨ੍ਹਾਂ ਪਲਾਸਟਿਕ ਦੇ ਲਿਫਾਫਿਆਂ ਕਾਰਨ ਸੀਵਰੇਜ ਅਤੇ ਨਾਲਿਆਂ ਦੇ ਬਲਾਕ ਹੋਣ ਨਾਲ ਚਾਰੇ ਪਾਸੇ ਗੰਦਗੀ ਫੈਲਦੀ ਹੈ। ਇਸ ਲਈ ਪੰਜਾਬ ਸਰਕਾਰ ਵਲੋਂ ਵਿਆਪਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ 'ਚ ਛਾਪੇਮਾਰੀਆਂ ਦੇ ਨਾਲ ਉਤਪਾਦਕਾਂ, ਭੰਡਾਰ ਕਰਨ ਵਾਲਿਆਂ, ਡਿਸਟ੍ਰੀਬਿਊਟਰਜ਼, ਰੀਸਾਈਕਲਰਜ਼, ਵਿਕਰੇਤਾਵਾਂ ਅਤੇ ਪਲਾਸਟਿਕ ਦੇ ਖਪਤਕਾਰਾਂ ਨੂੰ ਜੁਰਮਾਨੇ ਲਾਉਣਾ ਸ਼ਾਮਲ ਹੈ।
ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਇਸ ਮੁਹਿੰਮ ਦਾ ਜ਼ਿੰਮਾ ਸੌਂਪਿਆ ਗਿਆ ਹੈ। ਇਸ ਮੁਹਿੰਮ ਅਧੀਨ ਥੋਕ ਵਪਾਰੀਆਂ, ਟ੍ਰਾਂਸਪੋਰਟਰਾਂ ਅਤੇ ਵੱਡੇ ਵਿਕਰੇਤਾਵਾਂ 'ਤੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਛਾਪੇਮਾਰੀਆਂ ਦੌਰਾਨ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ ਵਾਲੇ ਵੱਡੇ ਖਪਤਕਾਰ ਜਿਵੇਂ ਮਠਿਆਈ ਤੇ ਫਲਾਂ ਦੀਆਂ ਦੁਕਾਨਾਂ ਅਤੇ ਮਾਲਾਂ ਆਦਿ ਨੂੰ ਨਿਸ਼ਾਨੇ 'ਤੇ ਰੱਖਿਆ ਜਾਵੇਗਾ ਅਤੇ ਜ਼ਬਤ ਕੀਤੀ ਗਈ ਸਮੱਗਰੀ ਨੂੰ ਨਸ਼ਟ ਕੀਤਾ ਜਾਵੇਗਾ। ਅਜਿਹੀ ਸਮੱਗਰੀ ਦਾ ਨਿਰਮਾਣ ਕਰਨ ਵਾਲੀਆਂ ਫੈਕਟਰੀਆਂ ਬੰਦ ਕੀਤੀਆਂ ਜਾਣਗੀਆਂ। ਸੂਬੇ ਦੇ ਸਾਰੇ ਜ਼ਿਲਿਆਂ 'ਚ ਸਥਾਨਕ ਸਰਕਾਰਾਂ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਵਲੋਂ ਸਾਂਝੇ ਤੌਰ 'ਤੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ।


author

Babita

Content Editor

Related News