ਤਿੰਨ ਮੋਟਰਸਾਈਕਲ ਸਵਾਰਾਂ ਨੇ ਪਿਸਤੌਲ ਦੀ ਨੋਕ ’ਤੇ ਪੈਟਰੋਲ ਪੰਪ ਦੇ ਕਰਿੰਦੇ ਤੋਂ ਲੁੱਟੀ ਨਗਦੀ

Monday, Feb 28, 2022 - 05:57 PM (IST)

ਤਿੰਨ ਮੋਟਰਸਾਈਕਲ ਸਵਾਰਾਂ ਨੇ ਪਿਸਤੌਲ ਦੀ ਨੋਕ ’ਤੇ ਪੈਟਰੋਲ ਪੰਪ ਦੇ ਕਰਿੰਦੇ ਤੋਂ ਲੁੱਟੀ ਨਗਦੀ

ਕੋਟਕਪੂਰਾ (ਨਰਿੰਦਰ/ਦਿਵੇਦੀ) : ਅੱਜ ਸਵੇਰੇ ਸਥਾਨਕ ਪੁਰਾਣਾ ਸ਼ਹਿਰ ਵਿਖੇ ਵਾਪਰੀ ਇਕ ਲੁੱਟ ਦੀ ਘਟਨਾ ਦੌਰਾਨ ਤਿੰਨ ਅਣਪਛਾਤੇ ਨਕਾਬਪੋਸ਼ ਲੁਟੇਰੇ ਪਿਸਤੌਲ ਦੀ ਨੋਕ ’ਤੇ ਪੈਟਰੋਲ ਪੰਪ ਦੇ ਕਰਿੰਦੇ ਤੋਂ 47 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਫਰਾਰ ਹੋ ਗਏ। ਇਸ ਸਬੰਧ ਵਿਚ ਪੀੜਤ ਅਭੀਕਰਨ ਚਾਵਲਾ ਦੇ ਬਿਆਨਾਂ ’ਤੇ ਪੁਲਸ ਵੱਲੋਂ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੀ ਪੜਤਾਲ ਕਰਦੇ ਹੋਏ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਬੱਸ ਸਟੈਂਡ ਦੇ ਨਜ਼ਦੀਕ ਇਕ ਪੈਟਰੋਲ ਪੰਪ ਦਾ ਕਰਿੰਦਾ ਅਭੀਕਰਨ ਚਾਵਲਾ ਆਪਣੇ ਸਕੂਟਰ ’ਤੇ ਸਵੇਰੇ 7:30 ਵਜੇ ਦੇ ਕਰੀਬ ਨਗਦੀ ਲੈ ਕੇ ਘਰ ਤੋਂ ਪੈਟਰੋਲ ਪੰਪ ਵੱਲ ਜਾ ਰਿਹਾ ਸੀ ਕਿ ਇਸ ਦੌਰਾਨ ਜਦੋਂ ਉਹ ਸਥਾਨਕ ਬੱਸ ਸਟੈਂਡ ਦੇ ਸਾਹਮਣੀ ਗਲੀ ਵਿਚ ਸਥਿਤ ਕਾਲੀ ਮਾਤਾ ਦੇ ਮੰਦਰ ਕੋਲ ਪੁੱਜਿਆ ਤਾਂ ਪਿੱਛੋਂ ਆਏ ਅਣਪਛਾਤੇ ਤਿੰਨ ਮੋਟਰਸਾਈਕਲ ਸਵਾਰਾਂ ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ, ਨੇ ਉਸ ਨਾਲ ਕੁੱਟਮਾਰ ਅਤੇ ਗਾਲੀ-ਗਲੋਚ ਕਰਦੇ ਹੋਏ ਪਿਸਤੌਲ ਦੀ ਨੋਕ ’ਤੇ 47 ਹਜ਼ਾਰ ਰੁਪਏ ਦੀ ਨਗਦੀ ਵਾਲਾ ਬੈਗ ਖੋਹ ਲਿਆ ਅਤੇ ਫਰਾਰ ਹੋ ਗਏ।

ਸੂਚਨਾ ਮਿਲਣ ’ਤੇ ਗੁਲਜਿੰਦਰ ਸਿੰਘ ਐੱਸ.ਐੱਚ.ਓ. ਥਾਣਾ ਸਿਟੀ ਕੋਟਕਪੂਰਾ, ਨਿਰਮਲ ਸਿੰਘ ਏ.ਐੱਸ.ਆਈ. ਅਤੇ ਇਕਬਾਲ ਸਿੰਘ ਏ.ਐੱਸ.ਆਈ. ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੇ। ਇਸ ਦੌਰਾਨ ਰਮਨਦੀਪ ਸਿੰਘ ਭੁੱਲਰ ਡੀ.ਐੱਸ.ਪੀ. ਕੋਟਕਪੂਰਾ ਵੀ ਮੌਕੇ ’ਤੇ ਪੁੱਜੇ ਅਤੇ ਜਾਂਚ ਆਰੰਭ ਕੀਤੀ। ਇਸ ਦੌਰਾਨ ਐੱਸ.ਐੱਚ.ਓ. ਗੁਲਜਿੰਦਰ ਸਿੰਘ ਨੇ ਦੱਸਿਆ ਕਿ ਲੁੱਟ ਦੀ ਇਸ ਘਟਨਾ ਦੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੂਰੇ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆਂ ਜਾਵੇਗਾ।


author

Gurminder Singh

Content Editor

Related News