ਵਿਦਿਆਰਥੀਆਂ ''ਚ ਕਿਸੇ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ

Wednesday, Feb 28, 2018 - 07:45 AM (IST)

ਵਿਦਿਆਰਥੀਆਂ ''ਚ ਕਿਸੇ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ

ਫਿਰੋਜ਼ਪੁਰ,    (ਕੁਮਾਰ)—  ਸ਼ਹਿਰ ਦੇ ਸ਼ਹੀਦ ਅਨਿਲ ਬਾਗੀ ਸਕੂਲ ਆਫ ਨਰਸਿੰਗ ਦੇ ਵਿਦਿਆਰਥੀਆਂ ਦੀਆਂ 2 ਧੀਰਾਂ ਵਿਚ ਅੱਜ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਅਤੇ ਕੁਝ ਹੀ ਸਮੇਂ ਬਾਅਦ ਇਕ ਧੀਰ ਦੇ ਵਿਦਿਆਰਥੀ ਪਿਸਤੌਲਾਂ, ਬੰਦੂਕਾਂ ਅਤੇ ਤਲਵਾਰਾਂ ਨਾਲ ਲੈਸ ਆਪਣੇ ਸਾਥੀਆਂ ਨੂੰ ਲੈ ਕੇ ਆ ਗਏ, ਜਿਨ੍ਹਾਂ ਨੇ ਸਕੂਲ ਦੇ ਬਾਹਰ ਸੜਕ 'ਤੇ ਫਾਇਰਿੰਗ ਕੀਤੀ ਅਤੇ ਵਿਦਿਆਰਥੀਆਂ ਦੇ ਨਾਲ ਕੁੱਟ-ਮਾਰ ਕੀਤੀ। ਨਰਸਿੰਗ ਸਕੂਲ ਦੇ ਪ੍ਰਬੰਧਕਾਂ ਵੱਲੋਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਉਸੇ ਸਮੇਂ ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ. ਐੱਚ. ਓ. ਇੰਸਪੈਕਟਰ ਜਸਵੀਰ ਸਿੰਘ ਪਹੁੰਚ ਗਏ, ਜਿਸ ਕਾਰਨ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ। 
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਵੱਲੋਂ ਸੀ. ਸੀ. ਟੀ. ਵੀ. ਫੁਟੇਜ ਤੋਂ ਗੋਲੀ ਚਲਾਉਣ ਵਾਲਿਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਫੜਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਨਰਸਿੰਗ ਕਰ ਰਹੇ ਵਿਦਿਆਰਥੀਆਂ ਦੀਆਂ 2 ਧੀਰਾਂ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਅਤੇ ਥੋੜ੍ਹੀ ਦੇਰ ਬਾਅਦ ਇਕ ਗਰੁੱਪ ਦਾ ਵਿਦਿਆਰਥੀ ਆਪਣੇ ਸਾਥੀਆਂ ਨੂੰ ਲੈ ਕੇ ਆਇਆ, ਜਿਨ੍ਹਾਂ ਦੇ ਕੋਲ ਪਿਸਤੌਲਾਂ, ਬੰਦੂਕਾਂ ਤੇ ਤਲਵਾਰਾਂ ਆਦਿ ਸਨ ਅਤੇ ਉਨ੍ਹਾਂ ਦੂਸਰੇ ਗਰੁੱਪ ਦੇ ਵਿਦਿਆਰਥੀਆਂ ਦੀ ਕੁੱਟ-ਮਾਰ ਕੀਤੀ ਤੇ ਸ਼ਰੇਆਮ ਫਾਇਰਿੰਗ ਕੀਤੀ। ਉਨ੍ਹਾਂ ਦੱਸਿਆ ਕਿ ਪੁਲਸ ਗੋਲੀ ਚਲਾਉਣ ਅਤੇ ਕੁੱਟ-ਮਾਰ ਕਰਨ ਵਾਲਿਆਂ ਨੂੰ ਜਲਦ ਗ੍ਰਿਫਤਾਰ ਕਰ ਲਵੇਗੀ। 
ਦੋਸ਼ੀ ਪਾਏ ਜਾਣ ਵਾਲੇ ਵਿਦਿਆਰਥੀਆਂ ਨੂੰ  ਸਸਪੈਂਡ ਕਰਾਂਗੇ : ਡਾ. ਕਮਲ ਬਾਗੀ
ਦੂਸਰੇ ਪਾਸੇ ਸ਼ਹੀਦ ਅਨਿਲ ਬਾਗੀ ਸਕੂਲ ਆਫ ਨਰਸਿੰਗ ਦੇ ਮਾਲਕ ਡਾ. ਕਮਲ ਬਾਗੀ ਨੇ ਦੱਸਿਆ ਕਿ ਅਜਿਹੀ ਹਰਕਤ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਸੀਂ ਪੂਰੀ ਜਾਂਚ ਕਰਾਂਗੇ। 
ਉਨ੍ਹਾਂ ਕਿਹਾ ਕਿ ਜੋ ਵਿਦਿਆਰਥੀ ਜਾਂਚ ਵਿਚ ਦੋਸ਼ੀ ਪਾਏ ਗਏ, ਉਨ੍ਹਾਂ ਨੂੰ ਅਸੀਂ ਸਸਪੈਂਡ ਕਰਾਂਗੇ। ਡਾ. ਬਾਗੀ ਨੇ ਕਿਹਾ ਕਿ ਅਸੀਂ ਪੁਲਸ ਨੂੰ ਲਿਖ ਕੇ ਭੇਜਿਆ ਹੈ ਕਿ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।


Related News