ਪੀਲੀਭੀਤ ਫਰਜ਼ੀ ਐਨਕਾਊਂਟਰ ਮਾਮਲਾ : ਦੋਸ਼ੀਆਂ ਦੀ ਸਜ਼ਾ ਮੁਆਫ਼ ਕੀਤੇ ਜਾਣ 'ਤੇ ਭੜਕੇ ਰਾਜਾ ਵੜਿੰਗ

Sunday, Dec 18, 2022 - 08:49 PM (IST)

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 1991 ਵਿੱਚ ਪੀਲੀਭੀਤ ਵਿੱਚ ਉੱਤਰ ਪ੍ਰਦੇਸ਼ ਪੁਲਸ ਵੱਲੋਂ 11 ਨਿਰਦੋਸ਼ ਸਿੱਖਾਂ ਦੇ ਫਰਜੀ ਐਨਕਾਊਂਟਰ ਦੇ ਮਾਮਲੇ ਵਿੱਚ ਸਜ਼ਾ ਮੁਆਫੀ ’ਤੇ ਹੈਰਾਨੀ ਪ੍ਰਗਟਾਈ ਹੈ। ਇੱਥੇ ਜਾਰੀ ਇੱਕ ਬਿਆਨ ਵਿੱਚ ਵੜਿੰਗ ਨੇ ਕਿਹਾ ਕਿ ਇਹ ਨਿਆਂ ਦਾ ਪੂਰੀ ਤਰ੍ਹਾਂ ਨਾਲ ਕਤਲ ਹੈ ਕਿ 11 ਨਿਰਦੋਸ਼ ਸਿੱਖਾਂ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ 7 ਸਾਲ ਦੀ ਸਜ਼ਾ ਦੇ ਨਾਲ ਛੱਡ ਦਿੱਤਾ ਗਿਆ ਹੈ, ਜਦਕਿ ਹੇਠਲੀ ਅਦਾਲਤ ਨੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ 12 ਜੁਲਾਈ, 1991 ਦੇ ਉਸ ਭਿਆਨਕ ਦਿਨ, 11 ਪੀੜਤ ਤੀਰਥ ਯਾਤਰਾ ਲਈ ਜਾ ਰਹੇ ਸਨ ਕਿ ਪੱਗਾਂ ਬੰਨ੍ਹੀਆਂ ਹੋਣ ਕਾਰਨ ਯੂ.ਪੀ ਪੁਲਸ ਨੇ ਉਨ੍ਹਾਂ ਨੂੰ ਬੱਸ ਤੋਂ ਉਤਾਰ ਲਿਆ ਸੀ ਅਤੇ ਵੱਖ ਕਰ ਦਿੱਤਾ ਸੀ। ਬਾਅਦ ਵਿੱਚ ਇਸਨੂੰ ਕਥਿਤ ਐਨਕਾਊਂਟਰ ਦਿਖਾਇਆ ਗਿਆ ਸੀ। ਵੜਿੰਗ ਨੇ ਕਿਹਾ ਕਿ ਪੀੜਤਾਂ ਨੂੰ 25 ਸਾਲਾਂ ਬਾਅਦ 2016 ਵਿੱਚ ਇਨਸਾਫ਼ ਮਿਲਿਆ ਸੀ, ਜਦੋਂ ਦੋਸ਼ੀ ਪੁਲਸ ਮੁਲਾਜ਼ਮਾਂ ਨੂੰ ਸੀ.ਬੀ.ਆਈ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਪਰ ਬਦਕਿਸਮਤੀ ਨਾਲ ਇਲਾਹਾਬਾਦ ਹਾਈ ਕੋਰਟ ਨੇ ਇਨ੍ਹਾਂ ਦੀ ਸਜ਼ਾ ਘਟਾ ਕੇ ਸਿਰਫ਼ 7 ਸਾਲ ਕਰ ਦਿੱਤੀ ਹੈ, ਜੋ ਕਿ ਨਾ ਸਿਰਫ਼ ਪੂਰੀ ਤਰ੍ਹਾਂ ਬੇਇਨਸਾਫ਼ੀ ਹੈ, ਸਗੋਂ ਇਨਸਾਫ਼ ਦਾ ਪੂਰਾ ਘਾਣ ਹੈ।


Mandeep Singh

Content Editor

Related News