ਸ੍ਰੀ ਗੁਰੂ ਨਾਨਕ ਦੇਵ ਜੀ ਦਾ 553ਵਾਂ ਪ੍ਰਕਾਸ਼ ਪੂਰਬ ਮਨਾਉਣ ਲਈ SGPC ਦਾ ਜਥਾ ਪਾਕਿਸਤਾਨ ਲਈ ਰਵਾਨਾ
Sunday, Nov 06, 2022 - 11:09 AM (IST)
ਅੰਮ੍ਰਿਤਸਰ (ਸਰਬਜੀਤ, ਸਾਗਰ) : 'ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਇਆ।' ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਅੱਜ ਸ਼੍ਰੋਮਣੀ ਕਮੇਟੀ ਤੋਂ 910 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਤੋਂ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਦੀ ਗੂੰਜ ਵਿੱਚ ਇਹ ਜਥਾ ਅਟਾਰੀ , ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਪਹੁੰਚੇਗਾ। ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਮਾਸਟਰ ਪ੍ਰੀਤ ਸਿੰਘ ਵੱਲੋਂ ਕੀਤੀ ਗਈ ਤੇ ਇਸ ਜਥੇ ਦੇ ਪ੍ਰਬੰਧਕ ਵਜੋਂ ਸ਼੍ਰੋਮਣੀ ਕਮੇਟੀ ਵੱਲੋਂ ਇੰਚਾਰਜ ਵਜੋਂ ਵਰਿੰਦਰ ਸਿੰਘ ਠਰੂ ਅਤੇ ਹਰਪਾਲ ਸਿੰਘ ਵੀ ਇਸ ਜਥੇ ਨਾਲ ਭੇਜੇ ਜਾ ਰਹੇ ਹਨ।
ਇਹ ਵੀ ਪੜ੍ਹੋ- ਗੁਜਰਾਤ ਤੇ ਹਿਮਾਚਲ ’ਚ ‘ਆਪ’ ਦੀਆਂ ਸਰਕਾਰਾਂ ਬਣਨ ’ਤੇ ਭ੍ਰਿਸ਼ਟਾਚਾਰ ਜੜ੍ਹੋਂ ਪੁੱਟ ਦਿਆਂਗੇ : ਜ਼ਿੰਪਾ
ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 1,496 ਸ਼ਰਧਾਲੂਆਂ ਨੇ ਵੀਜ਼ੇ ਲਈ ਅਪਲਾਈ ਕੀਤੇ ਸੀ। ਜਿਸ ਦੇ ਚੱਲਦੇ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ 586 ਦੇ ਕਰੀਬ ਸ਼ਰਧਾਲੂਆਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਅਤੇ ਹੁਣ 910 ਦੇ ਕਰੀਬ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਜਾ ਰਹੇ ਹਨ। ਉੱਥੇ ਹੀ ਗੁਰੂ ਜੀ ਦਾ ਪ੍ਰਕਾਸ਼ ਪੂਰਬ ਮਨਾਉਣ ਜਾ ਰਹੀ ਸ਼ਰਧਾਲੂਆਂ ਨੇ ਕਿਹਾ ਕਿ ਅਸੀਂ ਬੜੇ ਭਾਗਾਂ ਵਾਲੇ ਹਾਂ ਜਿਹੜਾ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਮਨਾਉਣ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਮਨ ਵਿੱਚ ਬਹੁਤੀ ਖ਼ੁਸ਼ੀ ਹੈ, ਅਸੀਂ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਨਨਕਾਣਾ ਸਾਹਿਬ ਵਿਖੇ ਮਨਾਵਾਂਗੇ ਅਤੇ ਆਪਣੇ ਗੁਰੂਧਾਮਾਂ ਦੇ ਦਰਸ਼ਨ ਕਰਾਂਗੇ।
ਇਹ ਵੀ ਪੜ੍ਹੋ- ਸੁਧੀਰ ਸੂਰੀ ਦੇ ਕਤਲ ਮਗਰੋਂ ਫੁਟਿਆ ਸ਼ਿਵ ਸੈਨਾ ਦਾ ਗੁੱਸਾ, ਸਮਰਥਕ ਬੋਲੇ, ਸਰਕਾਰ ਦੀ ਪਲਾਨਿੰਗ ਨਾਲ ਹੋਇਆ ਕਤਲ
ਇਸ ਤੋਂ ਇਲਾਵਾ ਸ਼ਰਧਾਲੂਆਂ ਨੇ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਸਿੱਖ ਸ਼ਰਧਾਲੂਆਂ ਦੇ ਵੀਜ਼ੇ ਜਾਰੀ ਕੀਤੇ ਜਾਣ ਤਾਂ ਜੋ ਆਪਣੇ ਉਹ ਵੀ ਗੁਰੂ ਧਾਮਾਂ ਦੇ ਦਰਸ਼ਨ ਕਰ ਸਕਣ। ਇਸ ਜਥੇ ਨੂੰ 10 ਦਿਨ ਦਾ ਵੀਜ਼ਾ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਨੂੰ ਦਿੱਤਾ ਗਿਆ ਹੈ। ਇਹ ਜਥਾ ਨਨਕਾਣਾ ਸਾਹਿਬ, ਪੰਜਾ ਸਾਹਿਬ ,ਹਸਨ ਅਬਦਾਲ, ਲਾਹੌਰ, ਕਰਤਾਰਪੁਰ ਸਾਹਿਬ , ਸੱਚਾ ਸੌਦਾ ਤੇ ਹੋਰ ਵੱਖ-ਵੱਖ ਸਿੱਖ ਗੁਰੂਧਾਮਾਂ ਦੇ ਦਰਸ਼ਨ ਕਰਕੇ 10 ਦਿਨ ਬਾਅਦ ਭਾਰਤ ਵਾਪਸ ਪਰਤੇਗਾ । ਸ਼੍ਰੋਮਣੀ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਅਸੀਂ ਦੋਵਾਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਦੇ ਵੱਧ ਤੋਂ ਵੱਧ ਵਿਜੇ ਲਗਾਏ ਜਾਣ ਤਾਂ ਜੋ ਆਪਣੇ ਅਸੀਂ ਗੁਰੂਆਂ ਦੇ ਦਰਸ਼ਨ ਕਰ ਸਕੀਏ। ਇਹ ਜਥਾ ਆਪਣੇ ਗੁਰਧਾਮਾਂ ਦੇ ਦਰਸ਼ਨ ਕਰ 16 ਤਰੀਕ ਨੂੰ ਅਟਾਰੀ ਵਾਹਗਾ ਬਾਰਡਰ ਰਾਹੀਂ ਭਾਰਤ ਵਾਪਸ ਪਰਤੇਗਾ ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।