ਫਗਵਾੜਾ ''ਚ ਐੱਸ.ਐੱਚ.ਓ. ਦੀ ਗੁੰਡਾਗਰਦੀ ''ਤੇ ਆਈ.ਜੀ. ਕਸਤੋਬ ਸ਼ਰਮਾ ਦਾ ਵੱਡਾ ਬਿਆਨ

Thursday, May 06, 2021 - 06:42 PM (IST)

ਫਗਵਾੜਾ ''ਚ ਐੱਸ.ਐੱਚ.ਓ. ਦੀ ਗੁੰਡਾਗਰਦੀ ''ਤੇ ਆਈ.ਜੀ. ਕਸਤੋਬ ਸ਼ਰਮਾ ਦਾ ਵੱਡਾ ਬਿਆਨ

ਭੁਲੱਥ, (ਰਜਿੰਦਰ) : ਫਗਵਾੜਾ ਵਿਖੇ ਰੇਹੜੀ ਵਾਲੇ ਨਾਲ ਬਦਸਲੂਕੀ ਕਰਨ ਵਾਲੇ ਮਾਮਲੇ 'ਤੇ ਜਲੰਧਰ ਪੁਲਸ ਰੇਂਜ ਦੇ ਆਈ.ਜੀ. ਕਸਤੋਬ ਸ਼ਰਮਾ ਆਈ.ਪੀ.ਐੱਸ. ਨੇ ਕਿਹਾ ਕਿ ਐੱਸ.ਐੱਚ.ਓ. ਦਾ ਰਵੱਈਆ ਬਹੁਤ ਮਾੜਾ ਸੀ, ਜਿਸ ਦਾ ਅਸੀਂ ਸਖਤ ਨੋਟਿਸ ਲਿਆ ਹੈ। ਜਦਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਆਈ. ਜੀ. ਜਲੰਧਰ ਰੇਂਜ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਇਲਾਕੇ ਦੇ ਥਾਣਿਆਂ ਦਾ ਦੌਰਾ ਕਰਨ ਲਈ ਇਥੇ ਆਏ ਹੋਏ ਸਨ। ਜਿਸ ਦੌਰਾਨ ਡੀ.ਐੱਸ.ਪੀ. ਦਫਤਰ ਭੁਲੱਥ ਵਿਖੇ ਦੇਰ ਸ਼ਾਮ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪੁਲਸ ਨੂੰ  ਸਗੋਂ ਜਨਤਾ ਕੋਲੋਂ ਸਹਿਯੋਗ ਲੈਣਾ ਚਾਹੀਦਾ ਹੈ ਨਾ ਕਿ ਕਿਸੇ ਨੂੰ  ਪ੍ਰੇਸ਼ਾਨੀ ਦੇਣੀ। ਉਨ੍ਹਾਂ ਕਿਹਾ ਕਿ ਅਜਿਹਾ ਵਤੀਰਾ ਸਹਿਣਯੋਗ ਨਹੀਂ ਹੈ, ਅਸੀ ਇਸ 'ਤੇ ਸਖਤ ਐਕਸ਼ਨ ਲਿਆ ਹੈ। ਅਗਾਂਹ ਤੋਂ ਵੀ ਅਜਿਹੀ ਕੋਈ ਵੀ ਘਟਨਾ ਹੁੰਦੀ ਹੈ ਤਾਂ ਅਸੀਂ ਉਸ ਨੂੰ  ਸਖਤੀ ਨਾਲ ਡੀਲ ਕਰਾਂਗੇ। ਪੁਲਸ ਨੂੰ ਮੇਰਾ ਇਹੀ ਸੰਦੇਸ਼ ਹੈ ਕਿ ਸਖਤੀ ਵੀ ਕਰਨੀ ਹੋਵੇ ਤਾਂ ਇਸ ਤਰ੍ਹਾਂ ਦਾ ਤਰੀਕਾ ਸਹਿਣ ਨਹੀਂ ਕੀਤਾ ਜਾਵੇਗਾ ਜੋ ਪੁਲਸ ਦੇ ਅਕਸ ਨੂੰ  ਖ਼ਰਾਬ ਕਰਦਾ ਹੋਵੇ। 

ਇਹ ਵੀ ਪੜ੍ਹੋ: ਕਪੂਰਥਲਾ: ਰੇਹੜੀ ਵਾਲੇ ਨਾਲ ਬਦਸਲੂਕੀ ਕਰਨ ਵਾਲੇ ਐੱਸ. ਐੱਚ. ਓ. ’ਤੇ ਵੱਡੀ ਕਾਰਵਾਈ, ਕੀਤਾ ਸਸਪੈਂਡ

 

PunjabKesari

ਆਪਣੀ ਅੱਜ ਦੀ ਫੇਰੀ ਬਾਰੇ ਗੱਲਬਾਤ ਕਰਦਿਆਂ ਆਈ.ਜੀ. ਕਸਤੋਬ ਸ਼ਰਮਾ ਨੇ ਕਿਹਾ ਕਿ ਮੇਰੇ ਲਈ ਇਹ ਨਵਾਂ ਇਲਾਕਾ ਹੈ, ਪੋਸਟਿੰਗ ਤੋਂ ਬਾਅਦ ਅੱਜ ਮੈਂ ਤਿੰਨ ਸਬ ਡਵੀਜ਼ਨਾਂ ਦਾ ਦੌਰਾ ਕੀਤਾ। ਜਿਸ ਦੌਰਾਨ ਆਦਮਪੁਰ ਦੇ ਥਾਣਾ ਭੋਗਪੁਰ, ਹੁਸ਼ਿਆਰਪੁਰ ਦੇ ਟਾਂਡਾ ਥਾਣਾ ਅਤੇ ਇਥੇ ਬੇਗੋਵਾਲ ਤੇ ਭੁਲੱਥ ਵਿਖੇ ਥਾਣਿਆਂ ਦੇ ਰੱਖ-ਰਖਾਵ, ਮਾਲਖਾਨਾਂ, ਪੁਲਸ ਦੀ ਕਾਰਗੁਜ਼ਾਰੀ , ਪਬਲਿਕ ਡੀਲਿੰਗ ਲਈ ਇਥੇ ਕੀ-ਕੀ ਸਹੂਲਤਾਂ ਹਨ । ਥਾਣਿਆਂ ਵਿਚ ਨਫਰੀ ਕਿੰਨੀ ਹੈ ਤੇ ਇਥੇ ਹੋਰ ਕੀ ਪ੍ਰੇਸ਼ਾਨੀਆਂ ਹਨ, ਇਸ ਸਭ ਦਾ ਜਾਇਜਾ ਲਿਆ। ਮੇਰੇ ਨਾਲ ਭੁਲੱਥ ਦੇ ਏ.ਐੱਸ.ਪੀ. ਅਜੇ ਗਾਂਧੀ ਵੀ ਸਨ। ਭੁਲੱਥ ਤੇ ਬੇਗੋਵਾਲ ਥਾਣੇ ਬਾਰੇ ਉਨ੍ਹਾਂ ਕਿਹਾ ਕਿ ਇਥੋਂ ਦੀ ਸਾਫ਼-ਸਫ਼ਾਈ ਤੇ ਰੱਖ-ਰਖਾਵ ਤੋਂ ਮੈਂ ਸੰਤੁਸ਼ਟ ਹਾਂ, ਐੱਸ.ਐੱਚ.ਓ. ਵੀ ਆਪਣੇ ਕੰਮ ਪ੍ਰਤੀ ਸੰਜੀਦਾ ਹਨ। 

ਇਹ ਵੀ ਪੜ੍ਹੋ: ਬਠਿੰਡਾ: ਪ੍ਰੇਮ ਸਬੰਧਾਂ ਦਾ ਖ਼ੌਫਨਾਕ ਅੰਤ, ਪ੍ਰੇਮਿਕਾ ਦੇ ਛੱਡਣ ’ਤੇ ਪ੍ਰੇਮੀ ਨੇ ਲਾਇਆ ਮੌਤ ਨੂੰ ਗਲ

PunjabKesari

 ਸਬ ਡਵੀਜ਼ਨ ਭੁਲੱਥ ਦੇ ਥਾਣਿਆਂ ਵਿਚ ਪੁਲਸ ਮੁਲਾਜ਼ਮਾਂ ਦੀ ਨਫ਼ਰੀ ਘੱਟ ਹੋਣ ਬਾਰੇ ਪੁੱਛੇ ਜਾਣ 'ਤੇ ਆਈ.ਜੀ.  ਸ਼ਰਮਾ ਨੇ ਕਿਹਾ ਕਿ ਪੁਲਸ ਵਿਚ ਭਰਤੀ ਹੋ ਰਹੀ ਹੈ, ਜਿਸ ਤੋਂ ਬਾਅਦ ਲੋੜ ਮੁਤਾਬਕ ਥਾਣਿਆਂ ਵਿਚ ਮੁਲਾਜ਼ਮਾਂ ਦੀ ਨਫਰੀ ਵਧਾਈ ਜਾਵੇਗੀ। ਕੋਰੋਨਾ ਦੇ ਔਖੇ ਦੌਰ ਵਿਚ ਪੁਲਸ ਵਲੋਂ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਪੁਲਸ ਅਫਸਰਾਂ ਨੇ ਆਪਣੀਆਂ ਗੱਡੀਆਂ ਨਾਲ ਲਗਾ ਕੇ ਦੂਜੇ ਸੂਬਿਆਂ ਤੋਂ ਇਥੇ ਆਕਸੀਜਨ ਲਿਆਂਦੀ ਤਾਂ ਕਿ ਕੋਰੋਨਾ ਪੀੜਤ ਲੋਕਾਂ ਨੂੰ  ਜਲਦ ਤੋਂ ਜਲਦ ਸਿਹਤਯਾਬ ਕਰਨ ਵਿਚ ਅਸੀ ਕਾਮਯਾਬ ਹੋ ਸਕੀਏ। ਉਨ੍ਹਾਂ ਕਿਹਾ ਕਿ ਸਾਡੇ 90 ਫੀਸਦੀ ਪੁਲਸ ਮੁਲਾਜਮ ਵੈਕਸੀਨ ਦੀ ਪਹਿਲੀ ਡੋਜ਼ ਲੈ ਚੁੱਕੇ ਹਨ ਤੇ ਕਾਫੀ ਜਿਆਦਾ ਦੂਸਰੀ ਡੋਜ਼ ਵੀ ਲੈ ਚੁੱਕੇ ਹਨ । ਜਿਹੜੇ ਰਹਿ ਗਏ ਹਨ ਉਹ ਮੈਡੀਕਲ ਕਾਰਨਾਂ ਕਰਕੇ ਹਨ । ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਾਂ ਤੇ ਮੌਜੂਦਾ ਸਮੇਂ ਵਿਚ ਕੋਵਿਡ ਦੀ ਚੇਨ ਨੂੰ  ਤੋੜਨਾ ਬਹੁਤ ਜ਼ਰੂਰੀ ਹੈ | ਜਿਸ ਲਈ ਲੋਕ ਵੀ ਸਹਿਯੋਗ ਦੇਣ ਅਤੇ ਕਿਤੇ ਵੀ ਜਿਆਦਾ ਭੀੜ ਨਾ ਕਰਨ । ਦੂਜੇ ਪਾਸੇ ਇਸ ਮੌਕੇ ਏ.ਐੱਸ.ਪੀ. ਭੁਲੱਥ ਅਜੇ ਗਾਂਧੀ, ਐੱਸ.ਐੱਚ.ਓ. ਭੁਲੱਥ ਜਸਬੀਰ ਸਿੰਘ, ਐੱਸ.ਐੱਚ.ਓ. ਬੇਗੋਵਾਲ ਰਮਨ ਕੁਮਾਰ ਤੇ ਵੱਡੀ ਗਿਣਤੀ ਵਿਚ ਪੁਲਸ ਫੋਰਸ ਮੌਜੂਦ ਰਹੀ।

ਇਹ ਵੀ ਪੜ੍ਹੋ:  ਬਠਿੰਡਾ ਜ਼ਿਲ੍ਹੇ ’ਚ ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, 20 ਲੋਕਾਂ ਦੀ ਮੌਤ, 800 ਤੋਂ ਵਧੇਰੇ ਦੀ ਰਿਪੋਰਟ ਪਾਜ਼ੇਟਿਵ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Shyna

Content Editor

Related News