ਫਗਵਾੜਾ ਪੁਲਸ ਦਾ ਚੋਰਾਂ 'ਤੇ ਵੱਡਾ ਐਕਸ਼ਨ: 5 ਮੁਲਜ਼ਮ ਗ੍ਰਿਫ਼ਤਾਰ, LCD ਤੇ AC ਕੰਪ੍ਰੈਸਰ ਸਣੇ ਚੋਰੀ ਦਾ ਸਾਮਾਨ ਬਰਾਮਦ

Thursday, May 28, 2026 - 12:33 AM (IST)

ਫਗਵਾੜਾ ਪੁਲਸ ਦਾ ਚੋਰਾਂ 'ਤੇ ਵੱਡਾ ਐਕਸ਼ਨ: 5 ਮੁਲਜ਼ਮ ਗ੍ਰਿਫ਼ਤਾਰ, LCD ਤੇ AC ਕੰਪ੍ਰੈਸਰ ਸਣੇ ਚੋਰੀ ਦਾ ਸਾਮਾਨ ਬਰਾਮਦ

ਫਗਵਾੜਾ (ਜਲੋਟਾ) : ਫਗਵਾੜਾ ਪੁਲਸ ਨੇ ਸਮਾਜ ਵਿੱਚ ਸ਼ਰਾਰਤੀ ਅਨਸਰਾਂ, ਲੁਟੇਰਿਆਂ ਅਤੇ ਚੋਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਕਪੂਰਥਲਾ ਦੇ ਐੱਸ. ਐੱਸ. ਪੀ. ਗੌਰਵ ਤੂਰਾ (ਆਈ. ਪੀ. ਐੱਸ.) ਦੇ ਦਿਸ਼ਾ-ਨਿਰਦੇਸ਼ਾਂ 'ਤੇ ਐੱਸ. ਪੀ. ਫਗਵਾੜਾ ਮਾਧਵੀ ਸ਼ਰਮਾ (ਪੀ.ਪੀ.ਐੱਸ.) ਅਤੇ ਡੀ. ਐੱਸ. ਪੀ. (ਸਬ ਡਿਵੀਜ਼ਨ ਫਗਵਾੜਾ) ਪਲਵਿੰਦਰ ਸਿੰਘ (ਪੀ. ਪੀ. ਐੱਸ.) ਦੀ ਯੋਗ ਅਗਵਾਈ ਹੇਠ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਚੋਰੀ ਦੇ ਦੋ ਵੱਖ-ਵੱਖ ਮਾਮਲਿਆਂ ਨੂੰ ਸੁਲਝਾ ਕੇ ਕੁੱਲ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਦਾ ਸਾਮਾਨ ਵੀ ਬਰਾਮਦ ਕੀਤਾ ਹੈ।

ਐੱਸ.ਪੀ. ਮਾਧਵੀ ਸ਼ਰਮਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾ ਮਾਮਲਾ ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਦੇ ਅਧੀਨ ਦਰਜ ਕੀਤਾ ਗਿਆ ਸੀ। ਬੇਗਮਪੁਰ ਨਿਵਾਸੀ ਕਮਲਜੀਤ ਕੌਰ ਪਤਨੀ ਚਰਨਜੀਤ ਰਾਮ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ 11 ਮਈ 2026 ਦੀ ਰਾਤ ਨੂੰ ਅਣਪਛਾਤੇ ਚੋਰਾਂ ਨੇ ਉਨ੍ਹਾਂ ਦੇ ਘਰ ਵੜ ਕੇ ਵਾਸ਼ਿੰਗ ਮਸ਼ੀਨ, ਫਰਿੱਜ, ਐੱਲ.ਸੀ.ਡੀ., ਦੋ ਸਿਲੰਡਰ, ਇਨਵਰਟਰ, ਡਰਾਇਰ ਮਸ਼ੀਨ, ਜੂਸਰ ਮਸ਼ੀਨ ਸਮੇਤ ਘਰ ਦਾ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਸੀ। ਮਹਿਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਥਾਣਾ ਰਾਵਲਪਿੰਡੀ ਵਿਖੇ ਮੁਕੱਦਮਾ ਨੰਬਰ 45, ਮਿਤੀ 12.05.2026 ਨੂੰ ਭਾਰਤੀ ਨਿਆਏ ਸੰਹਿਤਾ (ਬੀਐੱਨਐੱਸ) ਦੀ ਧਾਰਾ 305(ਏ) ਅਤੇ 331(4) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।

ਇਹ ਵੀ ਪੜ੍ਹੋ : 14,000 ਰਿਸ਼ਵਤ ਲੈਂਦਾ ASI ਗ੍ਰਿਫਤਾਰ! ਲਾਪਤਾ ਕੁੜੀ ਦੇ ਮਜਬੂਰ ਪਿਓ ਤੋਂ ਮੰਗੇ ਸਨ ਪੈਸੇ

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਰਾਵਲਪਿੰਡੀ ਦੇ ਮੁੱਖ ਅਫ਼ਸਰ ਦੀ ਅਗਵਾਈ ਹੇਠ ਪੁਲਸ ਟੀਮ ਨੇ ਜਾਂਚ ਨੂੰ ਅੱਗੇ ਵਧਾਇਆ ਅਤੇ ਤੁਰੰਤ ਕਾਰਵਾਈ ਕਰਦੇ ਹੋਏ 3 ਮੁਲਜ਼ਮਾਂ ਨੂੰ ਦਬੋਚ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸਾਹਿਲ ਪੁੱਤਰ ਅਨਿਲ ਕੁਮਾਰ, ਸ਼ਮਸ਼ੇਰ ਸਿੰਘ ਉਰਫ਼ ਮਨੀ ਪੁੱਤਰ ਕੁਲਦੀਪ ਚੰਦ ਅਤੇ ਗੁਰਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਵਜੋਂ ਹੋਈ ਹੈ, ਜੋ ਸਾਰੇ ਬੇਗਮਪੁਰ, ਥਾਣਾ ਰਾਵਲਪਿੰਡੀ ਦੇ ਰਹਿਣ ਵਾਲੇ ਹਨ। ਪੁਲਸ ਨੇ ਇਨ੍ਹਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਕੀਤੇ ਗਏ 2 ਸਿਲੰਡਰ, ਇੱਕ ਜੂਸਰ ਮਿਕਸਰ ਮਸ਼ੀਨ, ਪਲਾਸਟਿਕ ਦੀ ਬੋਰੀ, ਇੱਕ ਐੱਲ.ਸੀ.ਡੀ., ਇੱਕ ਪ੍ਰੈਸ, ਬਾਲ ਸੁਕਾਉਣ ਵਾਲੀ ਡਰਾਇਰ ਮਸ਼ੀਨ, ਇੱਕ ਫਰਿੱਜ ਅਤੇ ਚੋਰੀ ਦੀ ਵਾਰਦਾਤ ਵਿੱਚ ਵਰਤੀ ਗਈ ਇੱਕ ਲੋਹੇ ਦੀ ਰਾਡ ਬਰਾਮਦ ਕਰ ਲਈ ਹੈ। ਇਸ ਮਾਮਲੇ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਜਿਨ੍ਹਾਂ ਵਿੱਚ ਓਮਕਾਰ ਉਰਫ਼ ਕਾਰੀ ਪੁੱਤਰ ਤਰਸੇਮ ਨਿਵਾਸੀ ਬੇਗਮਪੁਰ, ਗੋਰਾ ਨਿਵਾਸੀ ਭਰੋ ਮਜ਼ਾਰਾ ਅਤੇ ਸੈਣੀ ਸ਼ਾਮਲ ਹਨ, ਦੀ ਗ੍ਰਿਫ਼ਤਾਰੀ ਲਈ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਸੇ ਮੁਹਿੰਮ ਤਹਿਤ ਦੂਜਾ ਮਾਮਲਾ ਥਾਣਾ ਸਿਟੀ ਫਗਵਾੜਾ ਵਿੱਚ ਸੁਲਝਾਇਆ ਗਿਆ ਹੈ। ਅਸ਼ੋਕ ਵਿਹਾਰ, ਹੁਸ਼ਿਆਰਪੁਰ ਰੋਡ ਫਗਵਾੜਾ ਦੇ ਨਿਵਾਸੀ ਅਸ਼ਵਨੀ ਕੁਮਾਰ ਪੁੱਤਰ ਓਮ ਪ੍ਰਕਾਸ਼ ਸ਼ਰਮਾ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਫਗਵਾੜਾ ਵਿਖੇ ਮੁਕੱਦਮਾ ਨੰਬਰ 152, ਮਿਤੀ 26.05.2026 ਨੂੰ ਬੀ.ਐੱਨ.ਐੱਸ. ਦੀ ਧਾਰਾ 331(4) ਅਤੇ 305 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਅਸ਼ਵਨੀ ਕੁਮਾਰ ਨੇ ਦੱਸਿਆ ਸੀ ਕਿ ਸੈਂਟਰਲ ਟਾਊਨ ਫਗਵਾੜਾ ਵਿੱਚ ਉਨ੍ਹਾਂ ਦੀ ਮੋਬਾਈਲ ਦੀ ਦੁਕਾਨ ਹੈ ਅਤੇ ਉਨ੍ਹਾਂ ਦੀ ਦੁਕਾਨ ਦੇ ਪਿੱਛੇ ਮਲਕਪੁਰ ਨਿਵਾਸੀ ਅਰਸ਼ਦੀਪ ਦਾਦਰਾ ਪੁੱਤਰ ਸੁਖਵਿੰਦਰ ਰਾਮ ਦੀ ਵੀ ਮੋਬਾਈਲ ਦੀ ਦੁਕਾਨ ਹੈ। 23 ਅਤੇ 24 ਮਈ 2026 ਦੀ ਵਿਚਕਾਰਲੀ ਰਾਤ ਨੂੰ ਅਣਪਛਾਤੇ ਚੋਰਾਂ ਨੇ ਦੋਵਾਂ ਦੁਕਾਨਾਂ ਦੀਆਂ ਛੱਤਾਂ 'ਤੇ ਲੱਗੇ ਏਅਰ ਕੰਡੀਸ਼ਨਰ (ਏ.ਸੀ.) ਦੇ ਏਅਰ ਕੰਪ੍ਰੈਸਰ (ਆਊਟਡੋਰ ਯੂਨਿਟ) ਚੋਰੀ ਕਰ ਲਏ। ਥਾਣਾ ਸਿਟੀ ਫਗਵਾੜਾ ਦੇ ਮੁੱਖ ਅਫ਼ਸਰ ਦੀ ਦੇਖ-ਰੇਖ ਹੇਠ ਪੁਲਸ ਨੇ ਤਕਨੀਕੀ ਅਤੇ ਜ਼ਮੀਨੀ ਪੱਧਰ ''ਤੇ ਤਫ਼ਤੀਸ਼ ਕਰਦੇ ਹੋਏ ਇਸ ਮਾਮਲੇ ਦੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।

ਇਹ ਵੀ ਪੜ੍ਹੋ : ਆਸਾਰਾਮ ਨੂੰ ਹਾਈ ਕੋਰਟ ਤੋਂ ਰਾਹਤ, 7 ਜੁਲਾਈ ਤੱਕ ਵਧੀ ਅੰਤਰਿਮ ਜ਼ਮਾਨਤ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਹੁਲ ਕਨੌਜੀਆ ਪੁੱਤਰ ਰਮੇਸ਼ ਕਨੌਜੀਆ ਨਿਵਾਸੀ ਗਲੀ ਨੰਬਰ 3ਏ, ਗੁਰੂ ਨਾਨਕਪੁਰਾ, ਫਗਵਾੜਾ ਅਤੇ ਆਸ਼ੂਤੋਸ਼ ਪੁੱਤਰ ਸੁਰੇਸ਼ ਕੁਮਾਰ ਨਿਵਾਸੀ ਪਛਾਣ ਨਗਰ, ਫਗਵਾੜਾ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਦੋਵਾਂ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਗਏ ਏ.ਸੀ. ਦੇ ਦੋਵੇਂ ਆਊਟਡੋਰ ਯੂਨਿਟ ਪੂਰੀ ਤਰ੍ਹਾਂ ਸੁਰੱਖਿਅਤ ਬਰਾਮਦ ਕਰ ਲਏ ਹਨ। ਫਗਵਾੜਾ ਪੁਲਸ ਦੀਆਂ ਇਨ੍ਹਾਂ ਦੋਵਾਂ ਤੁਰੰਤ ਕਾਰਵਾਈਆਂ ਦੀ ਇਲਾਕੇ ਵਿੱਚ ਕਾਫੀ ਸ਼ਲਾਘਾ ਹੋ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News