ਫਗਵਾੜਾ ਪੁਲਸ ਨੇ ਟਰੱਕ ਖੋਹਣ ਤੋਂ ਬਾਅਦ ਹਾਈਵੇ ’ਤੇ ਹੋਏ ਅੰਨ੍ਹੇ ਕਤਲ ਦੀ ਵਾਰਦਾਤ ਨੂੰ ਸੁਲਝਾਇਆ

Tuesday, Mar 30, 2021 - 07:31 PM (IST)

ਫਗਵਾੜਾ- ਫਗਵਾੜਾ ਪੁਲਿਸ  ਵਲੋਂ  22 ਮਾਰਚ ਨੂੰ ਟਰੱਕ ਖੋਹਣ ਤੋਂ ਬਾਅਦ  ਹਾਈਵੇ ਉੱਪਰ ਹੋਏ ਅੰਨੇ ਕਤਲ ਦੀ ਵਾਰਦਾਤ ਨੂੰ ਥੋੜੇ ਦਿਨਾਂ ਦੇ ਅੰਦਰ-ਅੰਦਰ ਸੁਲਝਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਹੈ।ਜਲੰਧਰ ਰੇਂਜ ਦੇ ਆਈ.ਜੀ. ਸ਼੍ਰੀ ਰਣਬੀਰ ਸਿੰਘ ਖੱਟੜਾ, ਐਸ.ਐਸ.ਪੀ. ਕਪੂਰਥਲਾ ਸ਼੍ਰੀਮਤੀ ਕੰਵਰਦੀਪ ਕੌਰ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਵਲੋਂ ਮਿਤੀ 22.03.2021 ਨੂੰ ਹੋਏ ਅੰਨ੍ਹੇ ਕਤਲ ਦੀ ਵਾਰਦਾਤ ਨੂੰ ਥੋੜੇ ਦਿਨਾਂ ਦੇ ਅੰਦਰ-ਅੰਦਰ ਸੁਲਝਾਉਣ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਹੈ। ਮਿਤੀ 22 ਮਾਰਚ ਨੂੰ ਇੱਕ ਵਿਅਕਤੀ ਨੂੰ ਵਿਅਕਤੀਆਂ ਵੱਲੋਂ ਗੋਲੀਆਂ ਮਾਰਕੇ ਕਤਲ ਕਰਨ ਉਪਰੰਤ ਉਸਦੀ ਲਾਸ਼ ਨੂੰ ਥਾਣਾ ਸਤਨਾਮਪੁਰਾ ਫਗਵਾੜਾ ਦੇ ਏਰੀਆ ਵਿੱਚ ਸੁੱਟ ਦਿੱਤਾ ਗਿਆ ਸੀ, ਜਿਸ ਸਬੰਧ ਵਿੱਚ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਮਾਮਲਾ ਦਰਜ ਰਜਿਸਟਰ ਕੀਤਾਗਿਆ ਸੀ। 

ਐਸ.ਐਸ.ਪੀ. ਕਪੂਰਥਲਾ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁਕੱਦਮਾ ਨੂੰ ਟਰੇਸ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਤਫਤੀਸ਼ ਦੌਰਾਨ ਪਤਾ ਲੱਗਾ ਕਿ ਇਹ ਵਾਰਦਾਤ ਹਰਜੋਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਫਤਿਹਪੁਰ ਥਾਣਾ ਜੰਡਿਆਲਾ ਗੁਰੂ ਜਿਲਾ ਅਮਿ੍ਰਤਸਰ, ਅਮਨਦੀਪ ਉਰਫ ਅਮਨ ਦਾਣਾ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਘਣੂਪੁਰ ਕਾਲੇ ਥਾਣਾ ਛੇਹਰਟਾ ਅਮਿ੍ਰਤਸਰ ਸ਼ਹਿਰੀ ਤੇ ਫਤਿਹ ਸਿੰਘ ਉਰਫ ਫੱਤਾ ਉਰਫ ਮਾਣਾ ਉਰਫ ਜੋਗੀ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਘਰਿਆਲਾ ਥਾਣਾ ਪੱਟੀ ਜਿਲਾ ਤਰਨਤਾਰਨ ਹਾਲ ਵਾਸੀ ਵਾਰਡ ਨੰਬਰ 14 ਦਾਣਾ ਮੰਡੀ ਪਿੰਕ ਕਲੋਨੀ ਪੱਟੀ ਜਿਲਾ ਤਰਨਤਾਰਨ ਵੱਲੋਂ ਕੀਤੀ ਗਈ ਹੈ।

ਤਫਤੀਸ਼ ਦੌਰਾਨ ਪਾਇਆ ਗਿਆ ਕਿ ਮਿ੍ਰਤਕ ਵਿਅਕਤੀ ਇੱਕ ਟਰੱਕ ਡਰਾਈਵਰ ਸੀ ਅਤੇ ਇਸ ਦੇ ਨਾਲ ਕੰਡਕਟਰ ਵੀ ਸੀ। ਮਿਤੀ 14.03.2021 ਦਿਨ ਐਤਵਾਰ ਨੂੰ ਇਹ ਦੋਵੇਂ ਵਿਅਕਤੀ ਜਮਸੇਦਪੁਰ, ਝਾਰਖੰਡ ਤੋਂ ਰਾਧਾ ਸੁਆਮੀ ਡੇਰਾ ਬਿਆਸ ਲਈ ਟਰੱਕ/ਟਰਾਲੇ ’ਤੇ ਲੋਹੇ ਦੇ ਪਾਈਪ ਲੋਡ ਕਰਕੇ ਚੱਲੇ ਸਨ। ਇਹਨਾਂ ਵੱਲੋਂ ਰਸਤੇ ਵਿੱਚ ਰਾਧਾ ਸੁਆਮੀ ਡੇਰਾ ਲੁਧਿਆਣਾ ਵਿਖੇ ਕੁੱਝ ਸਮਾਨ ਉਤਾਰ ਦਿੱਤਾ ਸੀ ਅਤੇ ਬਾਕੀ ਸਮਾਨ ਲੈ ਕੇ ਇਹ ਬਿਆਸ ਵੱਲ ਨੂੰ ਜਾ ਰਹੇ ਸਨ ਕਿ ਰਸਤੇ ਵਿੱਚ ਇੱਕ ਹੋਰ ਟਰੱਕ ਨੰਬਰੀ  46--1799 ਵਿੱਚ ਸਵਾਰ ਤਿੰਨ ਨੌਜਵਾਨਾਂ ਨੇ ਉਕਤ ਟਰੱਕ/ਟਰਾਲਾ ਦੇ ਡਰਾਈਵਰ ਅਤੇ ਕੰਡਕਟਰ ਨੂੰ ਕਾਬੂ ਕਰਕੇ ਡਰਾਈਵਰ ਦੇ ਪੇਟ ਵਿੱਚ ਗੋਲੀ ਮਾਰ ਕੇ ਟਰੱਕ ਖੁੱਦ ਚਲਾਉਣ ਲੱਗ ਪਏ ਅਤੇ ਫਗਵਾੜਾ ਬਾਈਪਾਸ ਮੇਹਟਾਂ ਜੀ ਟੀ ਰੋਡ (ਸਲਿਪ ਰੋਡ) ’ਤੇ ਇੱਕ ਖਾਲੀ ਪਲਾਟ ਵਿੱਚ ਡਰਾਈਵਰ ਨੂੰ ਸੁੱਟ ਦਿੱਤਾ ਜੋ ਅਜੇ ਸਹਿਕ ਰਿਹਾ ਸੀ ਤਾਂ ਇਹਨਾਂ ਵਿੱਚੋ ਫਹਿਤ ਸਿੰਘ ਨੇ ਡਰਾਇਵਰ ਦੇ ਮੱਥੇ ਦੇ ਖੱਬੇ ਪਾਸੇ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ। ਉਸ ਤੋਂ ਬਾਅਦ ਇਹਨਾਂ ਵਿਅਕਤੀਆਂ ਨੇ ਜਿਲ੍ਹਾ ਜਲੰਧਰ ਦੇ ਪਿੰਡ ਲਿੱਧੜਾਂ ਦੇ ਕੋਲ ਖੋਹਿਆ ਟਰੱਕ/ਟਰਾਲਾ ਅਤੇ ਵਾਰਦਾਤ ਸਮੇਂ ਵਰਤੇ ਟਰੱਕ ਨੂੰ ਰੋਕ ਕੇ ਕਲੰਡਰ ਦਾ ਗਲਾ ਘੁੱਟ ਦਿੱਤਾ ਤੇ ਉਸ ਦੀ ਲਾਸ ਨੂੰ ਪੁੱਲ ਤੋਂ ਥੱਲੇ ਨਾਲੇ ਵਿੱਚ ਸੁੱਟ ਦਿੱਤਾ । ਇਸ ਸਬੰਧੀ ਮੁਕੱਦਮਾ ਥਾਣਾ ਮਕਸੂਦਾਂ ਜਿਲ੍ਹਾ ਜਲੰਧਰ ਵਿਖੇ ਦਰਜ ਰਜਿਸਟਰ ਹੋਇਆ ਸੀ।

ਇਹਨਾਂ ਨੇ ਬਟਾਲਾ ਬਾਈਪਾਸ ਲੰਘ ਕੇ ਇੱਕ ਢਾਬੇ ’ਚ ਸਾਰਾ ਦਿਨ ਬਿਤਾ ਕੇ ਅਤੇ ਰਾਤ ਸਮੇਂ ਖੋਹੇ ਹੋਏ ਟਰੱਕ/ਟਰਾਲਾ ਦਾ ਸਮਾਨ ਲਾਹ ਕੇ ਖਾਲੀ ਕਰਕੇ ਪਿੰਡ ਸੂਗਰ ਚੱਕ ਵੇਰਕਾ ਬਾਈਪਾਸ ਅੰਮਿ੍ਰਤਸਰ ਦੇ ਇੱਕ ਖਾਲੀ ਪਲਾਟ ਵਿੱਚ ਖੜਾ ਕਰ ਦਿੱਤਾ। ਮਿ੍ਰਤਕ ਦੀ ਪਹਿਚਾਣ ਡਰਾਇਵਰ ਰੂਪ ਚੰਦ ਪੁੱਤਰ ਅਕਲ ਯਾਦਵ ਅਤੇ ਕਲੈਂਡਰ ਵਿਨੇ ਕੁਮਾਰ ਪੁੱਤਰ ਯੋਗੇਸ਼ਵਰ ਯਾਦਵ ਵਾਸੀ ਆਨ ਪਿੰਡ ਰੋਮਾਣਾ ਚੱਕ ਥਾਣਾ ਮੋਹਨਪੁਰ ਜਿਲਾ ਗਯਾ ਬਿਹਾਰ ਵਜੋਂ ਹੋਈ ।  ਹਰਜੋਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਫਤਿਹਪੁਰ ਥਾਣਾ ਜੰਡਿਆਲਾ ਗੁਰੂ ਜਿਲਾ ਅਮਿ੍ਰਤਸਰ, ਅਮਨਦੀਪ ਉਰਫ ਅਮਨ ਦਾਣਾ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਘਣੂਪੁਰ ਕਾਲੇਥਾਣਾ ਛਹਿਆਟਾ ਅਮਿ੍ਰਤਸਰ ਅਤੇ ਫਹਿਤ ਸਿੰਘ ਉਰਫ ਫੱਤਾ ਉਰਫ ਮਾਣਾ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਘਰਿਆਲਾ ਥਾਣਾ ਪੱਟੀ ਤਰਨਤਾਰਨ ਨੂੰ ਗਿ੍ਰਫਤਾਰ ਕਰਕੇ ਪੁੱਛਗਿੱਛ ਕੀਤੀ ਗਈ। 

ਦੋਸੀਆਂ ਪਾਸੋਂ ਹੇਠ ਲਿਖੇ ਅਨੁਸਾਰ ਬਾਮਦਗੀ ਕੀਤੀ ਗਈ ਹੈ :-
1. ਇੱਕ ਟਰੱਕ/ਟਰਾਲਾ ਨੰਬਰੀ ਪੀ ਬੀ 65 ਏ ਆਰ 8683 (ਖੋਹਿਆ ਹੋਇਆ)।
2. ਇੱਕ ਟਰੱਕ ਨੰਬਰੀ ਐਮ ਐਚ 46 ਬੀ ਬੀ 1799 (ਵਾਰਦਾਤ ਨੂੰ ਅੰਜਾਮ ਦੇਣ ਸਮੇਂ ਵਰਤਿਆ)
3. ਇੱਕ ਪਿਸਟਲ 32 ਬੋਰ ਸਮੇਤ 24 ਰੱਦ ਤੇ 3 ਰੱਦ 38 ਬੋਰ।
4. ਲੱਗਭੱਗ 13.50 ਟਨ ਲੋਹੇ ਦੇ ਪਾਈਪ।
5. ਇੱਕ ਕਿਰਚ।
6. ਟਰੱਕ ਦਾ ਸਮਾਨ,ਦੋ ਜੋੜੇ ਟਾਇਰ ਸਮੇਤ ਰਿੰਮ,02 ਬੈਟਰੀਆਂ ਅਤੇ ਟੂਲ ਕਿੱਟ।

ਦੋਸੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਦੋਸੀਆਂ ਪਾਸੋਂ ਹੋਰ ਵਾਰਦਾਤਾਂ ਟਰੇਸ ਹੋਣ ਦੀ ਆਸ ਹੈ। 


Tarsem Singh

Content Editor

Related News