ਪੰਜਾਬ ਦਾ ਇਹ ਸ਼ਹਿਰ ਮੁਕੰਮਲ ਬੰਦ! ਚੱਪੇ-ਚੱਪੇ ''ਤੇ ਪੁਲਸ ਫੋਰਸ ਦੀ ਤਾਇਨਾਤੀ

Wednesday, Nov 19, 2025 - 11:42 AM (IST)

ਪੰਜਾਬ ਦਾ ਇਹ ਸ਼ਹਿਰ ਮੁਕੰਮਲ ਬੰਦ! ਚੱਪੇ-ਚੱਪੇ ''ਤੇ ਪੁਲਸ ਫੋਰਸ ਦੀ ਤਾਇਨਾਤੀ

ਫਗਵਾੜਾ (ਜਲੋਟਾ, ਮੁਨੀਸ਼)- ਕਪੂਰਥਲਾ ਦੇ ਫਗਵਾੜਾ ਵਿਚ ਬੀਤੀ ਸ਼ਾਮ ਚੱਲੀਆਂ ਗੋਲ਼ੀਆਂ ਦੇ ਵਿਰੋਧ ਵਿਚ ਹਿੰਦੂ ਸੰਗਠਨ ਵੱਲੋਂ ਦਿੱਤੀ ਗਈ ਫਗਵਾੜਾ ਬੰਦ ਦੀ ਕਾਲ ਦੌਰਾਨ ਅੱਜ ਫਗਵਾੜਾ ਪੂਰੀ ਤਰ੍ਹਾਂ ਬੰਦ ਹੈ। ਸ਼ਿਵ ਸੈਨਾ ਪੰਜਾਬ ਦੇ ਆਗੂ ਜਿੰਮੀ ਕਰਵਲ ਅਤੇ ਉਨ੍ਹਾਂ ਦੇ ਪਿਤਾ ਇੰਦਰਜੀਤ ਕਰਵਲ 'ਤੇ ਹੋਈ ਗੋਲ਼ੀਬਾਰੀ ਦੇ ਵਿਰੋਧ ਵਿਚ ਲੋਕ ਸੜਕਾਂ 'ਤੇ ਉਤਰੇ ਹੋਏ ਹਨ ਅਤੇ ਪ੍ਰਦਰਸ਼ਨ ਕਰ ਰਹੇ ਹਨ। ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ, ਇਸ ਨੂੰ ਧਿਆਨ ਵਿਚ ਰੱਖਦੇ ਹੋਏ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਐੱਸ.ਪੀ. ਫਗਵਾੜਾ ਮਾਧਵੀ ਸ਼ਰਮਾ ਖ਼ੁਦ ਪੁਲਸ ਬਲਾਂ ਦੀ ਅਗਵਾਈ ਕਰ ਰਹੇ ਹਨ। ਉਥੇ ਹੀ ਮੋਬਾਇਲ ਐਸੋਸ਼ੀਏਸ਼ਨ ਵੱਲੋਂ ਫਗਵਾੜਾ ਬੰਦ ਦੀ ਕਾਲ ਦਾ ਸਮਰਥਨ ਕੀਤਾ ਗਿਆ ਹੈ ਅਤੇ ਦੁਕਾਨਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਥੇ ਹੀ ਧਰਨੇ ਵਿਚ ਬੈਠੇ ਇੰਦਰਜੀਤ ਦਾ ਕਹਿਣਾ ਹੈ ਕਿ ਅਜੇ ਤੱਕ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। 

PunjabKesari

ਜਾਣੋ ਕੀ ਹੈ ਪੂਰਾ ਮਾਮਲਾ 
ਜ਼ਿਕਰਯੋਗ ਹੈ ਕਿ ਫਗਵਾੜਾ ਵਿਚ ਸੰਘਣੀ ਆਬਾਦੀ ਵਾਲੇ ਗਊਸ਼ਾਲਾ ਬਾਜ਼ਾਰ ’ਚ ਬੀਤੀ ਸ਼ਾਮ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਨੌਜਵਾਨਾਂ ਦੀ ਇਕ ਟੋਲੀ ਨੇ ਸ਼ਿਵ ਸੈਨਾ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਕਰਵਲ ਦੇ ਪੁੱਤਰ ਸ਼ਿਵ ਸੈਨਾ ਨੇਤਾ ਜਿੰਮੀ ਕਰਵਲ ’ਤੇ ਗੋਲ਼ੀਆਂ ਚਲਾ ਦਿੱਤੀਆਂ ਅਤੇ ਉਸ ਦੀ ਕੁੱਟਮਾਰ ਕਰਦੇ ਹੋਏ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਜਦੋਂ ਜਿੰਮੀ ਕਰਵਲ ’ਤੇ ਹੋਏ ਜਾਨਲੇਵਾ ਹਮਲੇ ਦੀ ਸੂਚਨਾ ਉਸ ਦੇ ਪਿਤਾ ਇੰਦਰਜੀਤ ਕਰਵਲ ਨੂੰ ਮਿਲੀ ਤਾਂ ਉਹ ਮੌਕੇ ’ਤੇ ਪੁੱਜੇ ਅਤੇ ਆਪਣੇ ਪੁੱਤਰ ਨੂੰ ਬਚਾਉਣ ਲਈ ਅੱਗੇ ਹੋਏ। ਇਸ ’ਤੇ ਮੁਲਜ਼ਮ ਨੌਜਵਾਨਾਂ ਨੇ ਇੰਦਰਜੀਤ ਕਰਵਲ ’ਤੇ ਵੀ ਹਮਲਾ ਕਰ ਦਿੱਤਾ, ਜਿਸ ’ਚ ਉਹ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦੇ ਕੰਨ ’ਤੇ ਗੰਭੀਰ ਸੱਟਾਂ ਲੱਗੀਆਂ ਹਨ।

PunjabKesari

ਜ਼ਖ਼ਮੀ ਹੋਏ ਇੰਦਰਜੀਤ ਕਰਵਲ ਅਤੇ ਉਨ੍ਹਾਂ ਦੇ ਪੁੱਤਰ ਜਿੰਮੀ ਕਰਵਲ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਸਰਕਾਰੀ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਰਕਾਰੀ ਡਾਕਟਰਾਂ ਮੁਤਾਬਕ ਜਿੰਮੀ ਕਰਵਲ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਇਸ ਦੌਰਾਨ ਸ਼ਹਿਰ ’ਚ ਵਾਪਰੇ ਗੋਲ਼ੀਕਾਂਡ ਦੀ ਸੂਚਨਾ ਮਿਲਦੇ ਹੀ ਸਿਵਲ ਹਸਪਤਾਲ ’ਚ ਨਗਰ ਨਿਗਮ ਫਗਵਾੜਾ ਦੇ ਮੇਅਰ ਰਾਮਪਾਲ ਉੱਪਲ, ਫਗਵਾਡ਼ਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਡੀ. ਐੱਸ. ਪੀ. ਫਗਵਾੜਾ ਸ਼੍ਰੀ ਭਾਰਤ ਭੂਸ਼ਣ ਸਮੇਤ ਬਹੁਤ ਵੱਡੀ ਗਿਣਤੀ ’ਚ ਫਗਵਾੜਾ ਦੇ ਵਸਨੀਕ ਮੌਜੂਦ ਰਹੇ ਅਤੇ ਹਾਲਾਤ ਬੇਹੱਦ ਗੰਭੀਰ ਬਣੇ।

PunjabKesari

ਸ਼ਿਵ ਸੈਨਿਕਾਂ, ਹਿੰਦੂ ਸੰਗਠਨਾਂ ਦੇ ਆਗੂਆਂ ਅਤੇ ਸਾਥੀ ਸਮਰਥਕਾਂ ਵੱਲੋਂ ਅੱਜ ਫਗਵਾੜਾ ਮੁਕੰਮਲ ਬੰਦ ਦਾ ਕੀਤਾ ਗਿਆ ਸੀ ਐਲਾਨ
ਫਗਵਾੜਾ ’ਚ ਹੋਈ ਉਕਤ ਵਾਰਦਾਤ ਤੋਂ ਬਾਅਦ ਸ਼ਹਿਰ ’ਚ ਭਾਰੀ ਤਣਾਅ ਦਾ ਮਾਹੌਲ ਬਣਿਆ ਰਿਹਾ ਅਤੇ ਸ਼ਿਵ ਸੈਨਿਕਾਂ, ਹਿੰਦੂ ਸੰਗਠਨਾਂ ਦੇ ਆਗੂਆਂ ਅਤੇ ਸਾਥੀ ਸਮਰਥਕਾਂ ਵੱਲੋਂ 19 ਨਵੰਬਰ ਨੂੰ ਫਗਵਾੜਾ ਬੰਦ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਇਨ੍ਹਾਂ ਸਾਰਿਆਂ ਵੱਲੋਂ ਐਲਾਨ ਵੀ ਕੀਤਾ ਗਿਆ ਹੈ ਕਿ ਜਦੋਂ ਤੱਕ ਫਗਵਾੜਾ ਪੁਲਸ ਮਾਮਲੇ ’ਚ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਖ਼ਿਲਾਫ਼ ਬਣਦੀ ਸਖ਼ਤ ਪੁਲਸ ਕਾਰਵਾਈ ਨੂੰ ਪੂਰਾ ਨਹੀਂ ਕਰਦੀ ਹੈ, ਉਦੋਂ ਤੱਕ ਫਗਵਾੜਾ ਦੇ ਬਾਜ਼ਾਰ ਬੰਦ ਰੱਖੇ ਜਾਣਗੇ।

PunjabKesari

ਪੁਲਸ ਅਫ਼ਸਰਾਂ ਨੂੰ ਸ਼ਿਵ ਸੈਨਾ ਆਗੂ ਜਿੰਮੀ ਕਰਵਲ ਦੀ ਜਾਨ ਨੂੰ ਖ਼ਤਰੇ ਸਬੰਧੀ ਬੀਤੇ 3 ਦਿਨਾਂ ਤੋਂ ਲਗਾਤਾਰ ਦਿੱਤੀ ਜਾ ਰਹੀ ਸੀ ਜਾਣਕਾਰੀ : ਇੰਦਰਜੀਤ ਕਰਵਲ
ਜ਼ਖ਼ਮੀ ਇੰਦਰਜੀਤ ਕਰਵਲ ਨੇ ਵੱਡਾ ਖ਼ੁਲਾਸਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਿਲ੍ਹਾ ਕਪੂਰਥਲਾ ਦੇ ਐੱਸ. ਐੱਸ. ਪੀ. ਫਗਵਾੜਾ ਦੀ ਐੱਸ. ਪੀ. ਸਮੇਤ ਪੁਲਸ ਦੇ ਵੱਡੇ ਅਧਿਕਾਰੀਆਂ ਨੂੰ ਬੀਤੇ 3 ਦਿਨਾਂ ਤੋਂ ਸੂਚਨਾ ਦਿੱਤੀ ਜਾ ਰਹੀ ਸੀ ਕਿ ਉਨ੍ਹਾਂ ਦੇ ਪੁੱਤਰ ਜਿੰਮੀ ਕਰਵਲ ਦੀ ਕੁਝ ਨੌਜਵਾਨਾਂ ਵੱਲੋਂ ਲਗਾਤਾਰ ਰੇਕੀ ਕੀਤੀ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਦੇ ਪੁੱਤਰ ਜਿੰਮੀ ਕਰਵਲ ਦੀ ਜਾਨ ਨੂੰ ਵੱਡਾ ਖ਼ਤਰਾ ਬਣਿਆ ਹੋਇਆ ਹੈ। ਕਰਵਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਸ ਦੇ ਪੁੱਤਰ ਦੇ ਇਕ ਕਰੀਬੀ ਦੋਸਤ ਨੂੰ ਕੁਝ ਨੌਜਵਾਨਾਂ ਵੱਲੋਂ ਅਗਵਾ ਕਰਦੇ ਹੋਏ ਕਈ ਤਰ੍ਹਾਂ ਦੀਆਂ ਧਮਕੀ ਭਰੀਆਂ ਗੱਲਾਂ ਵੀ ਆਖੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਹ ਸਾਰੇ ਮਾਮਲੇ ਦੀ ਜਾਣਕਾਰੀ ਉਨ੍ਹਾਂ ਵੱਲੋਂ ਜ਼ਿਲ੍ਹਾ ਕਪੂਰਥਲਾ ਸਮੇਤ ਫਗਵਾੜਾ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਗਈ ਸੀ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਪੁਲਸ ਨੇ ਇਸ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਅਤੇ ਅੱਜ ਉਨ੍ਹਾਂ ਦੇ ਪੁੱਤਰ ਜਿੰਮੀ ਕਰਵਲ ਅਤੇ ਖ਼ੁਦ ਉਨ੍ਹਾਂ ’ਤੇ ਵੱਡਾ ਹਮਲਾ ਹੋ ਗਿਆ ਹੈ।

PunjabKesari

ਕੀ ਕਹਿਣੈ ਡੀ. ਐੱਸ. ਪੀ. ਫਗਵਾੜਾ ਭਾਰਤ ਭੂਸ਼ਣ
ਗੱਲਬਾਤ ਕਰਦੇ ਹੋਏ ਡੀ. ਐੱਸ. ਪੀ. ਫਗਵਾੜਾ ਭਾਰਤ ਭੂਸ਼ਣ ਨੇ ਸ਼ਿਵ ਸੈਨਾ ਨੇਤਾ ਇੰਦਰਜੀਤ ਕਰਵਲ ਦੇ ਪੁੱਤਰ ਜਿੰਮੀ ਕਰਵਲ ’ਤੇ ਸਥਾਨਕ ਗਊਸ਼ਾਲਾ ਬਾਜ਼ਾਰ ’ਚ ਫਾਇਰਿੰਗ ਹੋਣ ਦੀ ਅਧਿਕਾਰਕ ਤੌਰ ’ਤੇ ਤਸਦੀਕ ਕਰਦੇ ਹੋਏ ਦੱਸਿਆ ਕਿ ਪੁਲਸ ਵਾਪਰੇ ਗੋਲ਼ੀਕਾਂਡ ਦੀ ਹਰ ਪੱਖੋਂ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੌਕੇ ’ਤੇ ਕਿੰਨੀਆਂ ਗੋਲ਼ੀਆਂ ਚੱਲੀਆਂ ਹਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।

PunjabKesari

ਮਾਮਲਾ ਆਪਸੀ ਪੁਰਾਣੀ ਨਿੱਜੀ ਰੰਜਿਸ਼ ਦਾ, ਗੋਲੀਕਾਂਡ ’ਚ ਸ਼ਾਮਲ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ : ਐੱਸ. ਪੀ. ਮਾਧਵੀ ਸ਼ਰਮਾ
‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਐੱਸ. ਪੀ. ਫਗਵਾੜਾ ਮਾਧਵੀ ਸ਼ਰਮਾ ਨੇ ਕਿਹਾ ਕਿ ਫਗਵਾੜਾ ਪੁਲਸ ਗੋਲੀਕਾਂਡ ’ਚ ਸ਼ਾਮਲ ਕਿਸੇ ਵੀ ਮੁਲਜ਼ਮ ਨੂੰ ਬਖਸ਼ਣ ਵਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਆਪਸੀ ਪੁਰਾਣੀ ਨਿੱਜੀ ਰੰਜਿਸ਼ ਦਾ ਹੈ, ਜਿਸ ਕਾਰਨ ਇਹ ਵਾਰਦਾਤ ਹੋਈ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਫਗਵਾੜਾ ’ਚ ਆਪਸੀ ਭਾਈਚਾਰੇ ਤੇ ਅਮਨ-ਸ਼ਾਂਤੀ ਨੂੰ ਖਰਾਬ ਕਰਨ ਵੀ ਇਹ ਕੋਸ਼ਿਸ਼ ਕੀਤੀ ਹੈ, ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨੂੰ ਫਗਵਾੜਾ ਪੁਲਸ ਵੱਲੋਂ ਬਿਨਾਂ ਕਿਸੇ ਭੇਦਭਾਵ ਦੇ ਬੇਹੱਦ ਸਖਤੀ ਨਾਲ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਫਗਵਾੜਾ ਪੁਲਸ ਦੀਆਂ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਐੱਸ. ਪੀ. ਫਗਵਾੜਾ ਸ਼ਰਮਾ ਨੇ ਫਗਵਾੜਾ ਸਮੇਤ ਪੂਰੇ ਪੰਜਾਬ ਦੇ ਵਸਨੀਕਾਂ ਨੂੰ ਆਪਸੀ ਭਾਈਚਾਰਾ ਅਤੇ ਅਮਨ-ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।

PunjabKesari


author

shivani attri

Content Editor

Related News