ਫਗਵਾੜਾ ’ਚ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ’ਤੇ ਜਾਨਲੇਵਾ ਹਮਲਾ

Tuesday, Mar 22, 2022 - 11:48 AM (IST)

ਫਗਵਾੜਾ (ਮੁਨੀਸ਼) - ਫਗਵਾੜਾ ’ਚ ਆਮ ਆਦਮੀ ਪਾਰਟੀ ਦੀ ਧੜੇਬੰਦੀ ਜੱਗ ਜ਼ਾਹਰ ਹੁੰਦੀ ਦਿਖਾਈ ਦੇ ਰਹੀ ਹੈ, ਜਿਸ ਕਰਕੇ ਮਾਮਲਾ ਕੁੱਟਮਾਰ ਤੱਕ ਪੁੱਜ ਚੁੱਕਾ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਤੋਖ ਸਿੰਘ ਪਿੰਡ ਖਲਿਆਣ ਨੇ ਦੱਸਿਆ ਕਿ ਕੁਝ ਲੋਕਾਂ ਨੇ ਮਿਲ ਕੇ ਸਵੇਰੇ ਉਸ ’ਤੇ ਹਮਲਾ ਕਰਦੇ ਹੋਏ ਕੁੱਟਮਾਰ ਕਰ ਦਿੱਤੀ, ਜਿਸ ਕਰਕੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੋਂ ਦੇ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ।

ਜਾਣਕਾਰੀ ਦਿੰਦੇ ਹੋਏ ਸੰਤੋਖ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ‘ਆਪ’ ਆਗੂ ਇੰਦਰਜੀਤ ਖਲਿਆਣ ਨਾਲ ਉਸ ਦਾ ਬੀਤੇ ਦਿਨੀਂ ਲੱਡੂ ਵੰਡਣ ਦੇ ਮਾਮਲੇ ਵਿਚ ਝਗੜਾ ਹੋ ਗਿਆ ਸੀ। ਉਸੇ ਲਾਗ ਡਾਟ ਦੇ ਚਲਦਿਆਂ ਇੰਦਰਜੀਤ ਖਲਿਆਣ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਸੰਤੋਖ ਸਿੰਘ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਉਹ ਇੱਕ ਨਿੱਜੀ ਸਕੂਲ ਦੀ ਬੱਸ ਦਾ ਡਰਾਈਵਰ ਹੈ। ਜਦੋਂ ਉਹ ਸਵੇਰੇ ਬੱਸ ਲੈ ਕੇ ਸਕੂਲ ਬੱਚਿਆਂ ਨੂੰ ਲੈਣ ਜਾ ਰਿਹਾ ਸੀ ਤਾਂ ਅਚਾਨਕ ਇੰਦਰਜੀਤ ਖਲਿਆਣ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਉਸ ਕੋਲ ਆਇਆ ਅਤੇ ਪਾਨੇ ਦੀ ਮੰਗ ਕੀਤੀ। 

ਉਸ ਨੇ ਦੱਸਿਆ ਕਿ ਜਦੋਂ ਉਹ ਗੱਡੀ ਵਿੱਚੋਂ ਪਾਨਾ ਕੱਢ ਕੇ ਦੇਣ ਲਈ ਹੇਠਾਂ ਉਤਰਿਆ ਤਾਂ ਉਨ੍ਹਾਂ ਨੇ ਅਚਾਨਕ ਉਸ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਜ਼ਖ਼ਮੀ ਹੋਣ ਕਾਰਨ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਉਸਨੂੰ ਜਲੰਧਰ ਹਾਇਰ ਸੈਂਟਰ ਰੈਫਰ ਕਰ ਦਿੱਤਾ। ਮੌਕੇ ’ਤੇ ਪੁੱਜੇ ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਬਣੀ ਹੈ ਨਾ ਕਿ ਆਪਸੀ ਰੰਜਿਸ਼ਾਂ ਪਾਲਣ ਲਈ। ਜਿਨ੍ਹਾਂ ਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ’ਤੇ ਹਮਲਾ ਕੀਤਾ ਹੈ, ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੁਲਸ ਪ੍ਰਸ਼ਾਸਨ ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਦੋ ਘੰਟੇ ਹੋਣ ਦੇ ਬਾਵਜੂਦ ਸਿਵਲ ਹਸਪਤਾਲ ਫਗਵਾੜਾ ਵਿਚ ਕੋਈ ਪੁਲਸ ਅਧਿਕਾਰੀ ਨਹੀਂ ਪੁੱਜਿਆ।


rajwinder kaur

Content Editor

Related News