ਪੀ. ਜੀ. ਆਈ. ਨੂੰ ਸਾਰੰਗਪੁਰ ''ਚ ਛੇਤੀ ਮਿਲੇਗੀ 50 ਏਕੜ ਜ਼ਮੀਨ
Thursday, Jan 31, 2019 - 01:41 PM (IST)

ਚੰਡੀਗੜ੍ਹ (ਸਾਜਨ) : ਪੀ. ਜੀ. ਆਈ. ਨੂੰ ਸਾਰੰਗਪੁਰ 'ਚ ਜ਼ਮੀਨ ਮਿਲਣ ਦਾ ਰਸਤਾ ਸਾਫ਼ ਹੋ ਗਿਆ ਹੈ। ਪੀ. ਜੀ. ਆਈ. ਨੂੰ ਇਹ ਜ਼ਮੀਨ 130 ਕਰੋੜ ਰੁਪਏ 'ਚ ਮਿਲੇਗੀ। ਪਹਿਲਾਂ ਇਹ ਤੈਅ ਨਹੀਂ ਹੋ ਰਿਹਾ ਸੀ ਕਿ ਜ਼ਮੀਨ ਕਿਸ ਰੇਟ 'ਚ ਦਿੱਤੀ ਜਾਵੇ। ਅਡਵਾਈਜ਼ਰ ਮਨੋਜ ਪਰਿੰਦਾ ਦੀਆਂ ਕੋਸ਼ਿਸ਼ਾਂ ਨਾਲ ਇਸ ਨੂੰ ਕਲੀਅਰੈਂਸ ਮਿਲ ਗਈ ਹੈ। ਪੀ. ਜੀ. ਆਈ. ਮੈਨੇਜਮੈਂਟ ਲਗਾਤਾਰ ਕੇਂਦਰ ਸਾਹਮਣੇ ਜ਼ਮੀਨ ਦੇ ਰੇਟ ਬਾਰੇ ਆ ਰਹੀਆਂ ਦਿੱਕਤਾਂ ਸਬੰਧ ੀ ਆਪਣਾ ਪੱਖ ਰੱਖ ਰਹੀ ਸੀ। ਅਡਵਾਈਜ਼ਰ ਦੇ ਆਉਣ ਤੋਂ ਬਾਅਦ ਪਹਿਲ ਦੇ ਆਧਾਰ 'ਤੇ ਪ੍ਰਸ਼ਾਸਨ ਨੇ ਪੀ. ਜੀ. ਆਈ. ਦੇ ਵਿਸਤਾਰ ਬਾਰੇ ਯਤਨ ਸ਼ੁਰੂ ਕੀਤੇ। ਹੁਣ ਪ੍ਰਸ਼ਾਸਨ ਵਲੋਂ ਪੀ. ਜੀ. ਆਈ. ਨੂੰ ਛੇਤੀ ਹੀ ਸਾਰੰਗਪੁਰ 'ਚ 50 ਏਕੜ ਜ਼ਮੀਨ 130 ਕਰੋੜ 'ਚ ਉਪਲਬਧ ਕਰਵਾ ਦਿੱਤੀ ਜਾਵੇਗੀ। ਇਸਦਾ ਲੇਖਾ-ਜੋਖਾ ਬਣਾ ਕੇ ਐੱਮ. ਐੱਚ. ਏ. ਨੂੰ ਭੇਜ ਦਿੱਤਾ ਗਿਆ ਹੈ। ਪ੍ਰਸ਼ਾਸਨ ਨੂੰ ਉਮੀਦ ਹੈ ਕਿ ਫਰਵਰੀ 'ਚ ਪ੍ਰਾਜੈਕਟ ਨੂੰ ਰਫਤਾਰ ਮਿਲ ਜਾਵੇਗੀ।
ਛੇਤੀ ਮਿਲੇਗੀ ਐੱਮ. ਐੱਚ. ਏ. ਦੀ ਮਨਜ਼ੂਰੀ
ਇਸ ਸੰਦਰਭ 'ਚ ਅਡਵਾਈਜ਼ਰ ਮਨੋਜ ਪਰਿੰਦਾ ਦਾ ਕਹਿਣਾ ਹੈ ਕਿ ਸਾਰੰਗਪੁਰ 'ਚ ਪੀ. ਜੀ. ਆਈ. ਦੇ ਵਿਸਤਾਰ ਦਾ ਰਸਤਾ ਲਗਭਗ ਸਾਫ਼ ਹੋ ਚੁੱਕਾ ਹੈ। ਪ੍ਰਸ਼ਾਸਨਿਕ ਪੱਧਰ 'ਤੇ ਕਈ ਉੱਚ ਪੱਧਰੀ ਮੀਟਿੰਗਾਂ ਤੋਂ ਬਾਅਦ ਪੀ. ਜੀ. ਆਈ. ਨੂੰ ਉੱਚਿਤ ਰੇਟ 'ਤੇ ਜ਼ਮੀਨ ਉਪਲਬਧ ਕਰਵਾਉਣ ਦਾ ਮਸੌਦਾ ਤਿਆਰ ਕਰ ਲਿਆ ਗਿਆ ਹੈ। ਹੁਣ ਪ੍ਰਸ਼ਾਸਨ 130 ਕਰੋੜ 'ਚ ਜ਼ਮੀਨ ਉਪਲਬਧ ਕਰਾਏਗਾ। ਜ਼ਮੀਨ ਦੀ ਫਾਈਲ ਦਾ ਮਤਾ ਬਣਾ ਕੇ ਭੇਜਿਆ ਜਾ ਚੁੱਕਾ ਹੈ। ਛੇਤੀ ਹੀ ਇਸ ਨੂੰ ਐੱਮ. ਐੱਚ. ਏ. ਵਲੋਂ ਮਨਜ਼ੂਰੀ ਮਿਲ ਜਾਵੇਗੀ। ਦਰਅਸਲ, ਸਾਰੰਗਪੁਰ 'ਚ ਪੀ. ਜੀ. ਆਈ. ਦੇ ਵਿਸਤਾਰ ਲਈ 50 ਏਕੜ ਜ਼ਮੀਨ ਅਲਾਟ ਕੀਤੀ ਜਾਣੀ ਹੈ। ਇਸ ਲਈ ਪੀ. ਜੀ. ਆਈ. ਯੂ. ਟੀ. ਪ੍ਰਸ਼ਾਸਨ ਨੂੰ ਜ਼ਮੀਨ ਦੀ ਕੀਮਤ ਅਦਾ ਕਰੇਗਾ। ਸੂਤਰਾਂ ਦੀ ਮੰਨੀਏ ਤਾਂ ਛੇਤੀ ਹੀ ਪੀ. ਜੀ. ਆਈ. ਨੂੰ ਪਹਿਲੇ ਫੇਜ਼ 'ਚ 20 ਏਕੜ ਜ਼ਮੀਨ ਦਿੱਤੀ ਜਾਵੇਗੀ। ਨਿਊ ਓ. ਪੀ. ਡੀ. ਅਤੇ ਟਰਾਮਾ ਸੈਂਟਰ ਨੂੰ ਇਥੇ ਸ਼ਿਫਟ ਕੀਤਾ ਜਾਵੇਗਾ। ਡਾਕਟਰਾਂ ਦੇ ਫਲੈਟ ਵੀ ਇਥੇ ਬਣਨੇ ਹਨ। ਓ. ਪੀ. ਡੀ. ਵੀ ਇਥੇ ਸ਼ਿਫਟ ਕੀਤੀ ਜਾਵੇਗੀ। ਜ਼ਮੀਨ ਦੇ ਮੁਆਵਜ਼ੇ ਦੀ ਗੱਲ ਲਗਭਗ ਤੈਅ ਹੋ ਚੁੱਕੀ ਹੈ।