ਘਟੀਆ ਕੀਟਨਾਸ਼ਕ ਕਿਸਾਨ ਨੂੰ ਵੇਚਣਾ ਫਰਮ ਅਤੇ ਡੀਲਰ ''ਤੇ ਪਿਆ ਭਾਰੀ

01/21/2020 3:49:00 PM

ਚੰਡੀਗੜ੍ਹ (ਸ਼ਰਮਾ) : ਘਟੀਆ ਪੱਧਰ ਦੇ ਕੀਟਨਾਸ਼ਕ ਦਾ ਉਤਪਾਦਨ ਕਰ ਕੇ ਇਸ ਨੂੰ ਕਿਸਾਨ ਨੂੰ ਵੇਚਣਾ ਡੇਰਾਬੱਸੀ ਕ੍ਰਾਮ ਕੇਅਰ ਪੈਸਟੀਸਾਈਡ ਫਰਮ ਅਤੇ ਇਸ ਦੇ ਹਰਿਆਣਾ ਦੇ ਕੋਸਲੀ ਸਥਿਤ ਡੀਲਰ ਦੇ ਆਰ. ਫਰਟੀਲਾਈਜਰ 'ਤੇ ਇਸ ਕਦਰ ਭਾਰੀ ਪਿਆ ਹੈ ਕਿ ਇਨ੍ਹਾਂ ਨੂੰ ਹੁਣ ਪੀੜਤ ਕਿਸਾਨ ਝੱਜਰ ਦੇ ਪਿੰਡ ਬੀਠਲਾ ਨਿਵਾਸੀ ਨਿਰੰਜਨ ਨੂੰ 9 ਫ਼ੀਸਦੀ ਵਿਆਜ ਸਹਿਤ 1 ਲੱਖ ਰੁਪਏ ਦੇ ਮੁਆਵਜ਼ੇ ਦਾ ਭੁਗਤਾਨ ਕਰਨਾ ਪਏਗਾ।

ਇਸ ਤੋਂ ਇਲਾਵਾ 5500 ਰੁਪਏ ਦੇ ਕਾਨੂੰਨੀ ਖਰਚ ਦੀ ਵੀ ਅਦਾਇਗੀ ਕਰਨੀ ਹੋਵੇਗੀ। ਰਾਸ਼ਟਰੀ ਖਪਤਕਾਰ ਕਮਿਸ਼ਨ ਨੇ ਉਕਤ ਫਰਮ ਅਤੇ ਡੀਲਰ ਵਲੋਂ ਰਾਜ ਖਪਤਕਾਰ ਕਮਿਸ਼ਨ ਦੇ ਫੈਸਲੇ ਵਿਰੁੱਧ ਦਰਜ ਅਪੀਲ ਨੂੰ ਖਾਰਿਜ ਕਰਦਿਆਂ ਜ਼ਿਲਾ ਖਪਤਕਾਰ ਫੋਰਮ ਦੇ ਫੈਸਲੇ ਨੂੰ ਠੀਕ ਠਹਿਰਾਇਆ ਹੈ। ਹੁਕਮ ਅਨੁਸਾਰ ਨਿਰੰਜਨ ਵਲੋਂ ਉਕਤ ਕੀਟਨਾਸ਼ਕ ਦਾ ਆਪਣੀ ਚਾਰ ਏਕੜ 'ਚ ਕੀਤੇ ਗਏ ਕਣਕ ਦੀ ਖੇਤੀ 'ਤੇ ਛਿੜਕਾਅ ਨਾਲ ਫਸਲ ਖ਼ਰਾਬ ਹੋ ਗਈ ਸੀ। ਨਿਰੰਜਨ ਵਲੋਂ ਖੇਤੀਬਾੜੀ ਵਿਭਾਗ 'ਚ ਸ਼ਿਕਾਇਤ ਕਰਨ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨੇ ਆਪਣੀ ਰਿਪੋਰਟ 'ਚ 95 ਫ਼ੀਸਦੀ ਫਸਲ ਬਰਬਾਦ ਹੋਣ ਦੀ ਪੁਸ਼ਟੀ ਕੀਤੀ ਗਈ। ਇਸ ਤੋਂ ਬਾਅਦ ਨਿਰੰਜਨ ਵਲੋਂ ਉਕਤ ਫਰਮ ਅਤੇ ਡੀਲਰ ਵਿਰੁੱਧ ਦਰਜ ਕੀਤੀ ਗਈ ਸ਼ਿਕਾਇਤ 'ਤੇ ਜ਼ਿਲਾ ਖਪਤਕਾਰ ਫੋਰਮ ਨੇ ਫਰਮ ਅਤੇ ਡੀਲਰ ਵਿਰੁੱਧ ਫੈਸਲਾ ਸੁਣਾਉਂਦਿਆਂ ਇਸ ਦੀ ਭਰਪਾਈ ਦੇ ਰੂਪ 'ਚ ਕਿਸਾਨ ਨੂੰ 1 ਲੱਖ ਰੁਪਏ ਮੁਆਵਜ਼ਾ ਅਤੇ 5500 ਰੁਪਏ ਕਾਨੂੰਨੀ ਖਰਚ ਦੇ ਰੂਪ 'ਚ ਅਦਾ ਕਰਨ ਦੇ ਹੁਕਮ ਦਿੱਤੇ। ਰਾਜ ਖਪਤਕਾਰ ਕਮਿਸ਼ਨ ਵਲੋਂ ਫੋਰਮ ਦੇ ਹੁਕਮਾਂ ਵਿਰੁੱਧ ਫਰਮ ਅਤੇ ਡੀਲਰ ਦੀ ਅਪੀਲ ਖਾਰਿਜ ਕੀਤੇ ਜਾਣ 'ਤੇ ਰਾਸ਼ਟਰੀ ਖਪਤਕਾਰ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਗਿਆ ਸੀ। ਰਾਸ਼ਟਰੀ ਕਮਿਸ਼ਨ ਨੇ ਫਰਮ ਅਤੇ ਡੀਲਰ ਦੀਆਂ ਸਾਰੀਆਂ ਦਲੀਲਾਂ ਨੂੰ ਦਰਕਿਨਾਰ ਕਰਦਿਆਂ ਫੋਰਮ ਦੇ ਫੈਸਲੇ 'ਤੇ ਦਖਲ ਦੇਣ ਤੋਂ ਇਨਕਾਰ ਕਰ ਕੇ ਅਪੀਲ ਖਾਰਿਜ ਕਰ ਦਿੱਤੀ ਅਤੇ ਹੁਕਮ ਦਿੱਤਾ ਦੀ ਖਪਤਕਾਰ ਵਲੋਂ ਫੋਰਮ ਦੇ ਸਾਹਮਣੇ ਸ਼ਿਕਾਇਤ ਦਰਜ ਕਰਨ ਦੀ ਤਰੀਕ ਤੋਂ ਮੁਆਵਜ਼ੇ ਦੀ ਅਦਾਇਗੀ ਤੱਕ ਉਸ ਰਾਸ਼ੀ 'ਤੇ 9 ਫ਼ੀਸਦੀ ਵਿਆਜ ਵੀ ਅਦਾ ਕੀਤਾ ਜਾਵੇ।


Anuradha

Content Editor

Related News