ਸੰਗਤ ਮੰਡੀ ’ਚ ਵੱਡੀ ਵਾਰਦਾਤ, ਪੁਰਾਣੀ ਰੰਜ਼ਿਸ ਤਹਿਤ ਵਿਅਕਤੀ ਦਾ ਕਤਲ
Saturday, Apr 22, 2023 - 02:22 PM (IST)
 
            
            ਸੰਗਤ ਮੰਡੀ (ਮਨਜੀਤ) : ਸੰਗਤ ਮੰਡੀ ਦੇ ਪਿੰਡ ਪੱਕਾ ਕਲਾਂ ਵਿਖੇ ਪੁਰਾਣੀ ਰੰਜ਼ਿਸ ਦੇ ਚੱਲਦਿਆਂ ਇਕ ਵਿਅਕਤੀ ਦਾ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੰਗਤ ਦੇ ਮੁਖੀ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਇਕਬਾਲ ਸਿੰਘ ਦੇ ਲੜਕੇ ਗੁਰਕੀਰਤ ਸਿੰਘ ਨੇ ਪਿੰਡ ਦੇ ਹੀ ਬੂਟਾ ਸਿੰਘ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨੀਂ ਉਕਤ ਵਿਅਕਤੀ ਉਸ ਦੇ ਘਰ ਆਇਆ ਅਤੇ ਉਸ ਦੇ ਪਿਤਾ ਨੂੰ ਮੋਟਰਸਾਈਕਲ ’ਤੇ ਨਾਲ ਬਿਠਾ ਕੇ ਬਾਹਰ ਲੈ ਗਿਆ। ਇਸ ਦੌਰਾਨ ਜਦੋਂ ਕਾਫੀ ਦੇਰ ਹੋਣ ਦੇ ਬਾਵਜੂਦ ਵੀ ਉਸ ਦਾ ਪਿਤਾ ਘਰ ਵਾਪਸ ਨਾ ਆਇਆ ਤਾਂ ਬਾਹਰ ਉਸ ਨੂੰ ਰੌਲਾ ਪੈਂਦਾ ਸੁਣਾਈ ਦਿੱਤਾ, ਜਦ ਉਹ ਬਾਹਰ ਆਇਆ ਤਾਂ ਘਰ ਤੋਂ ਥੋੜ੍ਹੀ ਹੀ ਦੂਰ ਉਸ ਦਾ ਪਿਤਾ ਇਕਬਾਲ ਸਿੰਘ ਸੜਕ ’ਤੇ ਡਿੱਗਿਆ ਪਿਆ ਸੀ ਅਤੇ ਉਸ ਦੇ ਮੂੰਹ ਅਤੇ ਸਿਰ ’ਚੋਂ ਖੂਨ ਨਿਕਲ ਰਿਹਾ ਸੀ।
ਉਨ੍ਹਾਂ ਨੇ ਇਲਾਜ ਲਈ ਪਿਤਾ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਪਰ ਡਾਕਟਰ ਵੱਲੋਂ 19 ਅਪ੍ਰੈਲ ਨੂੰ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ। ਇਕਬਾਲ ਸਿੰਘ ਦੀ ਜਦ ਜ਼ਿਆਦਾ ਸਿਹਤ ਖਰਾਬ ਹੋਣ ਲੱਗੀ ਤਾਂ ਉਹ ਕਿਸੇ ਦੂਸਰੇ ਹਸਪਤਾਲ ਉਸ ਨੂੰ ਲਿਜਾਣ ਲੱਗੇ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਪੁਲਸ ਵੱਲੋਂ ਮੁਦਈ ਗੁਰਕੀਰਤ ਸਿੰਘ ਦੇ ਬਿਆਨਾਂ ’ਤੇ ਬੂਟਾ ਸਿੰਘ ਪੁੱਤਰ ਭੋਲਾ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            