ਚਰਚ ’ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਕੁਲਦੀਪ ਧਾਲੀਵਾਲ
Saturday, Sep 03, 2022 - 09:02 PM (IST)
 
            
            ਅਜਨਾਲਾ (ਗੁਰਜੰਟ)-ਬੀਤੇ ਦਿਨੀਂ ਤਰਨਤਾਰਨ ਜ਼ਿਲ੍ਹਾ ਦੀ ਪਿੰਡ ਠੱਕਰਪੁਰਾ ਅਤੇ ਡੱਡੂਆਣਾ ਵਿਖੇ ਚਰਚ ਦੀ ਹੋਈ ਭੰਨ-ਤੋੜ ਅਤੇ ਬੇਅਦਬੀ ਮਾਮਲਿਆਂ ਤੋਂ ਬਾਅਦ ਜਿੱਥੇ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ’ਤੇ ਸਿੱਟ ਬਣਾ ਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਅਤੇ ਪੰਜਾਬ ਦੇ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਬਣਾਉਣ ਦੀ ਅਪੀਲ ਕੀਤੀ ਗਈ ਹੈ, ਉਥੇ ਹੀ ਅੱਜ ਅਜਨਾਲਾ ਦੇ ਸੇਂਟ ਮਾਈਕਲ ਕੈਥਲਿਕ ਚਰਚ ਵਿਖੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਚੇਚੇ ਤੌਰ ’ਤੇ ਪਹੁੰਚੇ। ਉਨ੍ਹਾਂ ਕ੍ਰਿਸ਼ਚੀਅਨ ਭਾਈਚਾਰੇ ਨੂੰ ਵਿਸਵਾਸ਼ ਦਿਵਾਇਆ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਨ੍ਹਾਂ ਘਟਨਾਵਾਂ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਆਪਸੀ ਭਾਈਚਾਰਕ ਸਾਂਝ ਨੂੰ ਧਰਮਾਂ ਵਿਚ ਵੰਡ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਨੂੰ ਕਾਬੂ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ, ਇਸ ਲਈ ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਦਿਆਂ ਸਾਰੇ ਧਰਮਾਂ ਦਾ ਬਰਾਬਰ ਦਾ ਸਤਿਕਾਰ ਕਰਨਾ ਚਾਹੀਦਾ ਹੈ, ਤਾਂ ਜੋ ਧਰਮਾਂ ਮਜ਼੍ਹਬਾਂ ਦੇ ਨਾਂ ’ਤੇ ਵੰਡੀਆਂ ਪਾਉਣ ਵਾਲੇ ਲੋਕਾਂ ਨੂੰ ਸਬਕ ਸਿਖਾਇਆ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸੁਖਪਾਲ ਖਹਿਰਾ ਤੇ ਰਾਜਾ ਵੜਿੰਗ ਖ਼ਿਲਾਫ ਹੋਈ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ

ਇਸ ਮੌਕੇ ਅਜਨਾਲਾ ਦੇ ਸਮੂਹ ਕ੍ਰਿਸ਼ਚਨ ਭਾਈਚਾਰੇ ਵੱਲੋਂ ਸੇਂਟ ਮਾਈਕਲ ਕੈਥਲਿਕ ਚਰਚ ਤੋ ਫਾਦਰ ਜੋਸ਼ ਦੀ ਅਗਵਾਈ ਹੇਠ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ ਜੋ ਕਿ ਅਜਨਾਲਾ ਦੇ ਵੱਖ ਵੱਖ ਬਾਜ਼ਾਰਾਂ ਚੋਂ ਹੁੰਦਾ ਹੋਇਆ ਵਾਪਸ ਚਰਚ ਵਿੱਚ ਜਾ ਕੇ ਸਮਾਪਤ ਹੋਇਆ। ਇਸ ਮੌਕੇ ਫਾਦਰ ਲਿੰਟੋ, ਪ੍ਰਧਾਨ ਅਜੀਤ ਮਸੀਹ ਸ਼ਾਹ, ਪ੍ਰਧਾਨ ਸੰਤੋਖ, ਪ੍ਰਧਾਨ ਗੁਰਨਾਮ ਮਸੀਹ, ਬਾਉ ਸੋਨੂੰ, ਬਾਊ ਬੰਟੀ, ਪ੍ਰਧਾਨ ਲਿਆਸ ਮਸੀਹ ਲਖੂਵਾਲ, ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਦੀਪਕ ਚੈਨਪੁਰੀਆ, ਮੀਡੀਆ ਇੰਚਾਰਜ ਜਸਪਿੰਦਰ ਸਿੰਘ ਛੀਨਾ, ਦਫਤਰ ਇੰਚਾਰਜ ਗੁਰਜੰਟ ਸਿੰਘ ਸੋਹੀ, ਚਰਨਜੀਤ ਸਿੰਘ ਅਤੇ ਪੀ ਏ ਮੁਖਤਿਆਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਕ੍ਰਿਸ਼ਚਨ ਭਾਈਚਾਰੇ ਦੇ ਲੋਕ ਹਾਜ਼ਰ ਸਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            