ਭਗਵਾਨ ਰਾਮ ਦਾ ਪੁਤਲਾ ਸਾੜਨ ਦੇ ਮਾਮਲੇ 'ਚ ਲੌਂਗੋਵਾਲ ਤੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਦਖ਼ਲ ਦੇਣ ਦੀ ਅਪੀਲ
Monday, Nov 09, 2020 - 04:28 PM (IST)
ਜਲੰਧਰ— ਕੁਝ ਦਿਨ ਪਹਿਲਾਂ ਹਿੰਦੂਆਂ ਦੇ ਧਾਰਮਿਕ ਤਿਉਹਾਰ ਦੁਸਹਿਰੇ 'ਤੇ ਅੰਮ੍ਰਿਤਸਰ ਦੇ ਮਾਨਾ ਵਾਲੇ ਇਲਾਕੇ 'ਚ ਈਸਾਈ ਸਮਾਜ ਦੇ ਅਸ਼ੋਕ ਮਸੀਹ ਵੱਲੋਂ ਆਪਣੇ ਸਾਥੀਆਂ ਨਾਲ ਸਾਜਿਸ਼ ਤਹਿਤ ਹਿੰਦੂ-ਸਿੱਖ ਸਮਾਜ 'ਚ ਵਿਰੋਧ ਉਭਾਰ ਕੇ ਧਾਰਮਿਕ ਦੰਗੇ ਕਰਵਾਉਣ ਦੀ ਨੀਅਤ ਨਾਲ ਸਿੱਖ ਸਮਾਜ ਦੇ ਪਵਿੱਤਰ ਜੈਕਾਰੇ 'ਬੋਲੇ ਸੋ ਨਿਹਾਲ' ਲਗਾ ਵੀਡੀਓ ਬਣਾ ਕੇ ਭਗਵਾਨ ਸ਼੍ਰੀ ਰਾਮ ਚੰਦਰ ਦਾ ਪੁਤਲਾ ਸਾੜਿਆ ਗਿਆ ਸੀ।
ਇਸ ਮਾਮਲੇ ਨੂੰ ਲੈ ਕੇ ਯੁਵਾ ਸ਼ਕਤੀ ਸੰਘ ਦੇ ਸਿੱਖ, ਹਿੰਦੂ ਅਤੇ ਵਾਲਮੀਕਿ ਸਮਾਜ ਨਾਲ ਸਬੰਧਤ ਨੌਜਵਾਨ ਸਰਬਜੀਤ ਸਿੰਘ ਗਿੱਲ, ਤਲਵਿੰਦਰ ਸਿੰਘ ਸ਼ੇਰੂ, ਜਸਪ੍ਰੀਤ ਸਿੰਘ ਚੱਢਾ (ਮੋਂਟੂ), ਵਕੀਲ ਪਿਊਸ਼ ਮਨਚੰਦਾ, ਰੋਹਿਤ ਸਹੋਤਾ, ਪ੍ਰਭੋਜਤ ਸਿੰਘ ਨੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖ ਕੇ ਪੱਖ ਰੱਖਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ:ਸਰਕਾਰੀ ਜ਼ਮੀਨਾਂ 'ਤੇ ਖੇਤੀ ਕਰਦੇ ਤੇ ਰਹਿੰਦੇ ਲੋਕਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਉਨ੍ਹਾਂ ਕਿਹਾ ਕਿ ਕੁਝ ਦੇਸ਼, ਸਮਾਜ ਅਤੇ ਧਰਮ ਵਿਰੋਧੀ ਲੋਕ ਇਸ ਤਰ੍ਹਾਂ ਦੀਆਂ ਧਾਰਮਿਕ ਵਿਰੋਧੀ ਘਟਨਾਵਾਂ ਕਰਕੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਸਿੱਧਾ ਸਬੂਤ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਭੰਗ ਕਰਨ ਵਾਲੀ ਘਟਨਾ ਹੋਣ ਦੇ ਬਾਵਜੂਦ ਐਤਵਾਰ ਤੋਂ ਮੰਗਲਵਾਰ ਦੇਰ ਰਾਤ ਪੰਜਾਬ ਪੁਲਸ ਨੇ ਦੋ ਦਿਨ ਕਰੀਬ 50 ਘੰਟਿਆਂ ਤੱਕ ਕੋਈ ਕਾਰਵਾਈ ਨਹੀਂ ਕੀਤੀ। ਜਦੋਂ 27 ਅਕਤੂਬਰ ਸ਼ਾਮ ਨਿਊਜ਼ ਚੈਨਲਜ਼ ਦੇ ਜ਼ਰੀਏ ਇਸ ਨਿੰਦਣਯੋਗ ਘਟਨਾ ਦੀ ਵੀਡੀਓ ਵਾਇਰਲ ਹੋਈ ਤਾਂ ਉਦੋਂ ਪੰਜਾਬ ਯੁਵਾ ਭਾਜਪਾ ਦੇ ਉੱਪ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਰਾਤ 8 ਵਜੇ ਦੇ ਕਰੀਬ ਸਬੂਤ ਸਮੇਤ ਜਲੰਧਰ ਦੇ ਥਾਣਾ ਤਿੰਨ ਨੰਬਰ 'ਚ ਸ਼ਿਕਾਇਤ ਦਰਜ ਕਰਵਾਈ। ਇਸ ਦੇ ਬਾਅਦ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਲੋਪੋਕੇ ਥਾਣੇ 'ਚ ਦੇਰ ਰਾਤ 11 ਵਜੇ ਮਾਮੂਲੀ ਧਰਾਵਾਂ ਦੇ ਅਧੀਨ ਮੁਕੱਦਮਾ ਦਰਜ ਕਰਕੇ ਸਿਰਫ਼ ਵਿਖਾਵੇ ਲਈ ਕੁਝ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਦਕਿ ਅਸਲੀ ਅਤੇ ਸਾਜਿਸ਼ ਕਰਤਾ ਮੁਲਜ਼ਮਾਂ ਨੂੰ ਅਜੇ ਤੱਕ ਨਹੀਂ ਫੜਿਆ ਗਿਆ।
ਇਹ ਵੀ ਪੜ੍ਹੋ:'ਲਵ ਮੈਰਿਜ' ਦਾ ਨਤੀਜਾ, ਪਤੀ ਸਣੇ ਸਹੁਰੇ ਪਰਿਵਾਰ ਨੇ ਵਿਆਹੁਤਾ ਦੀ ਜ਼ਿੰਦਗੀ ਬਣਾਈ ਨਰਕ
ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਅੰਮ੍ਰਿਤਸਰ ਪੁਲਸ ਦੋਸ਼ੀਆਂ ਅਤੇ ਸਾਜਿਸ਼ ਕਰਤਾਵਾਂ ਨੂੰ ਜਾਂਚ ਦੀ ਆੜ 'ਚ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਸਾਰੇ ਸਿਆਸੀ, ਸਮਾਜਿਕ, ਧਾਰਮਿਕ ਅਤੇ ਸੰਸਥਾਵਾਂ ਨੂੰ ਆਪਣੇ ਨਿੱਜੀ ਮਤਭੇਦਾਂ ਅਤੇ ਮਜਬੂਰੀਆਂ ਤੋਂ ਉੱਪਰ ਉੱਠ ਕੇ ਇਸ ਘਟਨਾ ਦਾ ਵਿਰੋਧ ਕਰਕੇ ਦੋਸ਼ੀਆਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਸਰਕਾਰ 'ਤੇ ਦਬਾਅ ਪਾਉਣਾ ਚਾਹੀਦਾ ਹੈ ਤਾਂ ਕਿ ਭਵਿੱਖ 'ਚ ਦੋਬਾਰਾ ਇਸ ਤਰ੍ਹਾਂ ਦੀ ਨਿੰਦਣਯੋਗ ਘਟਨਾ ਕਿਸੇ ਵੀ ਧਰਮ ਦੀ ਆੜ ਹੇਠ ਨਾ ਹੋ ਸਕੇ।
ਇਹ ਵੀ ਪੜ੍ਹੋ:ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਇਕ ਸਾਲ ਪੂਰਾ ਹੋਣ 'ਤੇ ਲਾਹੌਰ 'ਚ ਅੱਜ ਹੋਵੇਗਾ ਸਮਾਗਮ
ਕੈਪਟਨ, ਸੁਖਬੀਰ ਬਾਦਲ, ਜਾਖੜ ਤੇ ਭਗਵੰਤ ਮਾਨ ਨੂੰ ਵੀ ਲਿਖੀ ਚਿੱਠੀ
ਇਸ ਦੇ ਇਲਾਵਾ ਇਸ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ, ਸੁਨੀਲ ਜਾਖੜ ਅਤੇ ਭਗਵੰਤ ਮਾਨ ਨੂੰ ਵੀ ਚਿੱਠੀ ਲਿਖ ਕੇ ਚੁੱਪੀ ਤੋੜਨ ਲਈ ਕਿਹਾ ਹੈ। ਅਪੀਲ ਕਰਤਾ ਨੌਜਵਾਨਾਂ ਨੇ ਇਸ ਦੁਖਦਾਈ ਘਟਨਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਕੇ ਸਮਾਜ ਨੂੰ ਸੋਸ਼ਲ ਮੀਡੀਆ ਅਤੇ ਤਰੀਕੇ ਨਾਲ ਜਾਗਰੂਕ ਕਰਨ ਵਾਲੇ ਭਾਜਪਾ ਨੇਤਾ ਅਸ਼ੋਕ ਸਰੀਨ ਨੇ ਤਾਂ ਵਿਰੋਧ ਜਤਾਇਆ ਪਰ ਬੇਹੱਦ ਦੁਖ ਦੀ ਗੱਲ ਹੈ ਕਿ ਪੰਜਾਬ 'ਚ 40 ਫ਼ੀਸਦੀ ਜਨਸੰਖਿਆ ਵਾਲੇ ਹਿੰਦੂ ਸਮਾਜ ਨੂੰ ਇਤਿਹਾਸ 'ਚ ਸਭ ਤੋਂ ਵੱਡੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਇਸ ਘਟਨਾ 'ਤੇ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ, ਪੰਜਾਬ ਕਾਂਗਰਸ ਪ੍ਰਮੁੱਖ ਸੁਨੀਲ ਜਾਖੜ ਅਤੇ 'ਆਪ' ਦੇ ਪ੍ਰਧਾਨ ਭਗਵੰਤ ਮਾਨ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ 'ਚ ਹਿੰਦੂਆਂ ਕੋਲੋਂ ਸਿਰਫ਼ ਨੇਤਾ ਵੋਟ ਲੈਣ ਲਈ ਹੀ ਆਉਂਦੇ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਧਰਮ ਨੂੰ ਸੁਰੱਖਿਆ ਦੇਣ 'ਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਹੈ। ਇਸ ਲਈ ਹਿੰਦੂਆਂ ਅਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਬਣਾਏ ਰੱਖਣ ਦੇ ਇਸ ਸੰਵੇਦਨਸ਼ੀਲ ਮਾਮਲੇ 'ਚ ਇਨ੍ਹਾਂ ਆਗੂਆਂ ਨੂੰ ਪੱਤਰ ਲਿਖ ਕੇ ਆਪਣੀ ਚੁੱਪੀ ਤੋੜਨ ਲਈ ਕਿਹਾ ਹੈ।
ਇਹ ਵੀ ਪੜ੍ਹੋ:ਹਰੀਸ਼ ਰਾਵਤ ਭਲਕੇ ਜਲੰਧਰ ਦਾ ਕਰਨਗੇ ਦੌਰਾ, ਕਾਂਗਰਸ ਵਰਕਰਾਂ ਦੇ ਹੋਣਗੇ ਰੂ-ਬ-ਰੂ