ਭਿਆਨਕ ਸੜਕ ਹਾਦਸੇ ਦਾ ਕਾਰਨ ਬਣ ਸਕਦੇ ਨੇ ਸੜਕ ਕਿਨਾਰੇ ਸੌਣ ਵਾਲੇ ਲੋਕ

Monday, Sep 04, 2017 - 06:49 AM (IST)

ਕਪੂਰਥਲਾ- ਕਪੂਰਥਲਾ ਜ਼ਿਲਾ ਸਮੇਤ ਸੂਬੇ ਦੇ ਪ੍ਰਮੁੱਖ ਹਾਈਵੇ ਅਤੇ ਸੰਪਰਕ ਮਾਰਗਾਂ 'ਤੇ ਸੜਕ ਕਿਨਾਰੇ ਝੁੱਗੀਆਂ ਪਾ ਕੇ ਸੌਣ ਵਾਲੇ ਹਜ਼ਾਰਾਂ ਲੋਕ ਜਿਥੇ ਭਿਆਨਕ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਉਥੇ ਹੀ ਅਜਿਹੇ ਮਾਮਲਿਆਂ 'ਚ ਲਗਾਤਾਰ ਹੋ ਰਹੇ ਵਾਧੇ ਦੇ ਕਾਰਨ ਆਮ ਆਦਮੀ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਵਲੋਂ ਅਜਿਹੇ ਕਈ ਹਾਦਸੇ ਹੋਣ ਦੇ ਬਾਵਜੂਦ ਵੀ ਕੋਈ ਪੁਖਤਾ ਕਾਰਵਾਈ ਨੂੰ ਅਮਲੀਜਾਮਾ ਨਾ ਪਹਿਨਾਉਣ ਦੇ ਸਿੱਟੇ ਵਜੋਂ ਝੁੱਗੀਆਂ 'ਚ ਰਹਿਣ ਵਾਲੇ ਲੋਕ ਬਿਨਾਂ ਡਰ ਤੋਂ ਸੜਕ ਕਿਨਾਰੇ ਸੌਂ ਰਹੇ ਹਨ। 
ਬੀਤੇ ਸਾਲ 4 ਅਗਸਤ ਦੀ ਰਾਤ ਕਪੂਰਥਲਾ-ਸੁਲਤਾਨਪੁਰ ਲੋਧੀ ਮਾਰਗ 'ਤੇ ਰੇਲ ਕੋਚ ਫੈਕਟਰੀ ਦੇ ਬਾਹਰ ਬਣੀਆਂ ਝੁੱਗੀਆਂ ਦੇ ਬਾਹਰ ਸੜਕ ਕਿਨਾਰੇ ਸੁੱਤੇ ਵੱਡੀ ਗਿਣਤੀ 'ਚ ਲੋਕਾਂ 'ਤੇ ਇਕ ਟਰੱਕ ਚੜ੍ਹ ਗਿਆ ਸੀ, ਜਿਸ ਦੇ ਸਿੱਟੇ ਵਜੋਂ ਇਕ ਲੜਕੀ ਸਮੇਤ 2 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਇਸ ਭਿਆਨਕ ਹਾਦਸੇ 'ਚ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਸਨ, ਜਿਸ ਨੂੰ ਲੈ ਕੇ ਕਾਫ਼ੀ ਧਰਨਾ ਪ੍ਰਦਰਸ਼ਨ ਵੀ ਹੋਇਆ ਸੀ।
ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਉਸ ਵੇਲੇ ਦੇ ਡੀ. ਸੀ. ਜਸਕਿਰਨ ਸਿੰਘ ਨੇ ਜ਼ਿਲੇ ਦੇ ਸਾਰੇ ਹਾਈਵੇ ਦੇ ਕਿਨਾਰੇ ਬਣੀਆਂ ਝੁੱਗੀਆਂ ਨੂੰ ਚੁੱਕ ਕੇ ਸੁਰੱਖਿਅਤ ਥਾਵਾਂ 'ਤੇ ਭੇਜਣ ਦਾ ਐਲਾਨ ਕੀਤਾ ਸੀ ਪਰ ਇਕ ਸਾਲ ਤੋਂ ਵੀ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਨ੍ਹਾਂ ਐਲਾਨਾਂ ਨੂੰ ਅਮਲੀਜਾਮਾ ਪਹਿਨਾਉਣ ਦੀ ਦਿਸ਼ਾ 'ਚ ਕੋਈ ਕੰਮ ਨਹੀਂ ਹੋਇਆ ਹੈ। ਜਿਸਦੇ ਕਾਰਨ ਅਜਿਹੇ ਗੰਭੀਰ ਸੜਕ ਹਾਦਸਿਆਂ ਦਾ ਡਰ ਬਾ-ਦਸਤੂਰ ਬਣਿਆ ਹੋਇਆ ਹੈ।  
ਬੀਤੀ ਰਾਤ ਵੱਡੀ ਗਿਣਤੀ 'ਚ ਸੜਕ ਕਿਨਾਰੇ ਸੁੱਤੇ ਮਿਲੇ ਲੋਕ
'ਜਗ ਬਾਣੀ' ਨੇ ਬੀਤੇ ਸ਼ਨੀਵਾਰ ਦੀ ਦੇਰ ਰਾਤ ਕਪੂਰਥਲਾ-ਸੁਲਤਾਨਪੁਰ ਲੋਧੀ ਮਾਰਗ ਸਮੇਤ ਜ਼ਿਲੇ ਦੇ ਕਈ ਪ੍ਰਮੁੱਖ ਹਾਈਵੇ ਦਾ ਦੌਰਾ ਕੀਤਾ ਤਾਂ ਹਾਲਾਤ ਕਾਫ਼ੀ ਹੈਰਾਨ ਕਰਨ ਵਾਲੇ ਨਜ਼ਰ ਆਏ। ਜਿਸ ਦੌਰਾਨ ਜਿਥੇ ਇਸ ਭੀੜ ਭਰੇ ਹਾਈਵੇ ਦੇ ਕਿਨਾਰੇ ਬਣੇ ਫੁੱਟਪਾਥਾਂ ਤੇ ਝੁੱਗੀਆਂ ਦੇ ਬਾਹਰ ਸੁੱਤੇ ਹੋਏ ਵੱਡੀ ਗਿਣਤੀ 'ਚ ਲੋਕ ਮਿਲੇ, ਉਥੇ ਹੀ ਸੜਕ ਕਿਨਾਰੇ ਬਣੀਆ ਝੁੱਗੀਆਂ ਦੇ ਬਾਹਰ ਮੰਜੇ ਡਾਹ ਕੇ ਵੱਡੀ ਗਿਣਤੀ 'ਚ ਲੋਕ ਡੂੰਘੀ ਨੀਂਦ 'ਚ ਸੁੱਤੇ ਹੋਏ ਮਿਲੇ। ਹਾਲਾਂਕਿ ਇਹ ਸਾਰੀਆਂ ਝੁੱਗੀਆਂ ਅਜਿਹੇ ਭੀੜ ਭਰੇ ਰਾਜ ਮਾਰਗ 'ਤੇ ਬਣੀਆਂ ਹੋਈਆਂ ਹਨ, ਜਿਥੇ ਪੂਰੀ ਰਾਤ ਗੱਡੀਆਂ ਦਾ ਨਿਕਲਣਾ ਜਾਰੀ ਰਹਿੰਦਾ ਹੈ । 


Related News