ਗੰਦੇ ਨਾਲੇ ਦੀ ਸਫਾਈ ਨਾ ਹੋਣ ਕਾਰਨ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ

Monday, Jan 22, 2018 - 06:40 AM (IST)

ਗੰਦੇ ਨਾਲੇ ਦੀ ਸਫਾਈ ਨਾ ਹੋਣ ਕਾਰਨ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ

ਪਠਾਨਕੋਟ, (ਸ਼ਾਰਦਾ)- ਪਿੰਡ ਰਤਨ ਕਾਲੋਨੀ 'ਚ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਨਾਲੇ ਦੀ ਲੰਬੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਲੋਕਾਂ ਨੇ ਯੁਗਲ ਕਿਸ਼ੋਰ ਦੀ ਅਗਵਾਈ 'ਚ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀਆਂ ਸ਼ਸ਼ੀ ਕੁਮਾਰ ਲਾਲੀ, ਰਮਨ ਕੁਮਾਰ, ਰੋਹਿਤ ਕੁਮਾਰ, ਮੁਕੇਸ਼ ਕੁਮਾਰ, ਵਿੱਕੀ ਠਾਕੁਰ, ਗੌਰਵ ਸ਼ਰਮਾ, ਲੱਕੀ ਕੁਮਾਰ, ਅਮਨ ਕੁਮਾਰ, ਨਿਖਿਲ ਪਠਾਣੀਆ, ਪੰਕੂ ਸ਼ਰਮਾ, ਗੌਰਵ ਸ਼ਰਮਾ, ਸ਼ਿਵਾ ਕੁਮਾਰ ਨੇ ਦੱਸਿਆ ਕਿ ਨਾਲੇ ਦੀ ਸਫਾਈ ਨਾ ਹੋਣ ਕਾਰਨ ਇਥੇ ਹਰ ਸਮੇਂ ਬਦਬੂ ਆਉਂਦੀ ਹੈ ਤੇ ਗੰਦਾ ਪਾਣੀ ਸੜਕ 'ਤੇ ਫੈਲ ਜਾਂਦਾ ਹੈ, ਜਿਸ ਕਾਰਨ ਇਥੋਂ ਲੰਘਣ ਵਾਲਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਫਾਈ ਮੁਹਿੰਮ ਚਲਾ ਕੇ ਲੋਕਾਂ ਨੂੰ ਸਫਾਈ ਕਰਨ ਲਈ ਜਾਗਰੂਕ ਕੀਤਾ ਗਿਆ ਸੀ ਪਰ ਮੁਹਿੰਮ ਕੁਝ ਹੀ ਦਿਨ ਚੱਲੀ ਅਤੇ ਠੱਪ ਹੋ ਗਈ। ਨਾਲੇ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਇਹ ਬੁਰੀ ਤਰ੍ਹਾਂ ਨਾਲ ਟੁੱਟ ਚੁੱਕਾ ਹੈ ਤੇ ਬਰਸਾਤਾਂ 'ਚ ਇਸ ਵਿਚ ਵਧ ਪਾਣੀ ਆਉਣ ਕਾਰਨ ਸੜਕ 'ਤੇ ਪਾਣੀ ਇਕੱਠਾ ਹੋ ਜਾਂਦਾ ਹੈ ਤੇ ਕਈ ਦਿਨਾਂ ਤੱਕ ਪਾਣੀ ਖੜ੍ਹਾ ਰਹਿੰਦਾ ਹੈ।
ਪਿੰਡ ਦੀ ਹਰ ਸਮੱਸਿਆ ਦੀ ਜ਼ਿੰਮੇਵਾਰੀ ਪਿੰਡ ਦੇ ਸਰਪੰਚ ਸਮੇਤ ਪੰਚਾਇਤੀ ਮੈਂਬਰਾਂ ਦੀ ਹੁੰਦੀ ਹੈ ਪਰ ਉਹ ਵੀ ਦਿਲਚਸਪੀ ਨਹੀਂ ਲੈਂਦੇ। ਯੁਗਲ ਕਿਸ਼ੋਰ ਨੇ ਦੱਸਿਆ ਕਿ ਉਕਤ ਨਾਲੇ ਕੋਲੋਂ ਰੋਜ਼ਾਨਾ ਪੰਚਾਇਤੀ ਮੈਂਬਰ ਅਤੇ ਸਰਪੰਚ ਵੀ ਲੰਘਦੇ ਹਨ ਪਰ ਇਸ ਨੂੰ ਠੀਕ ਕਰਵਾਉਣਾ ਉਨ੍ਹਾਂ ਵੱਲੋਂ ਜ਼ਰੂਰੀ ਨਹੀਂ ਸਮਝਿਆ ਜਾਂਦਾ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਛੇਤੀ ਹੀ ਇਸ ਸਮੱਸਿਆ ਦਾ ਹੱਲ ਨਾ ਕਰਵਾਇਆ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।ਇਸ ਸਮੱਸਿਆ ਬਾਰੇ ਜਦੋਂ ਪਿੰਡ ਛੋਟੇਪੁਰ ਦੇ ਸਰਪੰਚ ਰਮੇਸ਼ ਠਾਕੁਰ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਕਤ ਨਾਲਾ ਰਤਨ ਕਾਲੋਨੀ ਦੀ ਹੱਦ 'ਚ ਪੈਂਦਾ ਹੈ, ਇਸ ਲਈ ਇਸ ਨੂੰ ਬਣਾਉਣਾ ਉਨ੍ਹਾਂ ਦਾ ਕੰਮ ਨਹੀਂ।ਇਸ ਸੰਬੰਧੀ ਪਿੰਡ ਰਤਨ ਕਾਲੋਨੀ ਦੀ ਸਰਪੰਚ ਕੰਚਨ ਨਾਲ ਜਦੋਂ ਉਨ੍ਹਾਂ ਦੇ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।


Related News