ਪ੍ਰਸ਼ਾਸਨਿਕ ਕਾਰਜ ਪ੍ਰਣਾਲੀ ਵਿਰੁੱਧ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ
Wednesday, Aug 09, 2017 - 02:19 AM (IST)

ਮੁਕੇਰੀਆਂ, (ਨਾਗਲਾ)- ਉਪ ਮੰਡਲ ਦੇ ਪਿੰਡ ਚੱਕ ਮੀਰਪੁਰ ਨਜ਼ਦੀਕ ਸਟੋਨ ਕਰੈਸ਼ਰ, ਨਾਜਾਇਜ਼ ਮਾਈਨਿੰਗ ਅਤੇ ਭਾਰੀ ਗੱਡੀਆਂ ਚੱਲਣ ਤੋਂ ਦੁਖੀ ਪਿੰਡ ਵਾਸੀਆਂ ਵੱਲੋਂ ਪੰਚਾਇਤ ਦੇ ਸਹਿਯੋਗ ਨਾਲ ਸੜਕ 'ਤੇ ਬੈਰੀਕੇਡ ਲਾਉਣ ਉਪਰੰਤ ਪੈਦਾ ਹੋਏ ਵਿਵਾਦ ਨੂੰ ਸਮਾਪਤ ਕਰਨ ਲਈ ਐੱਸ. ਡੀ. ਐੱਮ. ਕੋਮਲ ਮਿੱਤਲ ਵੱਲੋਂ ਅੱਜ ਕਰੈਸ਼ਰ ਮਾਲਕਾਂ ਤੇ ਪਿੰਡ ਵਾਸੀਆਂ ਦੀ ਸਾਂਝੀ ਮੀਟਿੰਗ ਬੁਲਾਈ ਗਈ ਸੀ।
ਇਸ ਦੌਰਾਨ ਪਿੰਡ ਵਾਸੀਆਂ ਦੀ ਹਮਾਇਤ 'ਤੇ ਪਹੁੰਚੇ 'ਮਾਈਨਿੰਗ ਰੋਕੋ, ਜ਼ਮੀਨ ਬਚਾਓ' ਸੰਘਰਸ਼ ਕਮੇਟੀ ਦੇ ਆਗੂ ਧਰਮਿੰਦਰ ਸਿੰਘ ਨੂੰ ਕਿਸੇ ਕਾਰਨ ਐੱਸ. ਡੀ. ਐੱਮ. ਦਫ਼ਤਰ ਵਿਚ ਨਾ ਵੜਨ ਦਿੱਤੇ ਜਾਣ ਕਾਰਨ ਵਿਵਾਦ ਪੈਦਾ ਹੋ ਗਿਆ, ਜਿਸ ਕਾਰਨ ਲੋਕ ਐੱਸ. ਡੀ. ਐੱਮ. ਦਫ਼ਤਰ ਦੇ ਅੱਗੇ ਹੀ ਬੈਠ ਗਏ। ਦਫ਼ਤਰ ਅੰਦਰ ਪਹਿਲਾਂ ਹੀ ਬੈਠੇ ਕੁਝ ਕਾਂਗਰਸੀ ਆਗੂ ਸੰਘਰਸ਼ ਕਮੇਟੀ ਦੇ ਆਗੂ ਧਰਮਿੰਦਰ ਨਾਲ ਉਲਝਣ ਲੱਗ ਪਏ। ਵਿਵਾਦ ਵਧਦਾ ਦੇਖ ਐੱਸ. ਡੀ. ਐੱਮ. ਕੋਮਲ ਮਿੱਤਲ ਨੇ ਮੁਕੇਰੀਆਂ ਪੁਲਸ ਨੂੰ ਬੁਲਾ ਲਿਆ ਤੇ ਆਪ ਕਿਸੇ ਹੋਰ ਮੀਟਿੰਗ 'ਚ ਸ਼ਾਮਲ ਹੋਣ ਦਾ ਹਵਾਲਾ ਦੇ ਕੇ ਮੌਕੇ ਤੋਂ ਚਲੇ ਗਏ। ਲਗਭਗ 3 ਘੰਟੇ ਇੰਤਜ਼ਾਰ ਕਰਨ ਦੇ ਬਾਵਜੂਦ ਐੱਸ. ਡੀ. ਐੱਮ. ਦੇ ਨਾ ਪਰਤਣ ਕਾਰਨ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਪਿੰਡ ਵਾਸੀਆਂ ਨੇ ਐਲਾਨ ਕੀਤਾ ਕਿ ਉਹ ਕਿਸੇ ਵੀ ਹਾਲਤ 'ਚ ਪਿੰਡ ਚੱਕ ਮੀਰਪੁਰ ਨਜ਼ਦੀਕ ਨਾ ਤਾਂ ਕਰੈਸ਼ਰ ਚੱਲਣ ਦੇਣਗੇ ਅਤੇ ਨਾ ਹੀ ਭਾਰੀ ਗੱਡੀਆਂ ਨੂੰ ਰੋਕਣ ਲਈ ਪੰਚਾਇਤ ਵੱਲੋਂ ਲਾਏ ਬੈਰੀਕੇਡ ਹਟਾਉਣ ਦੇਣਗੇ। ਇਸ ਦੌਰਾਨ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਸੁਖਵਿੰਦਰ ਵਾਹਲਾ, ਮਹਿਲਾ ਆਗੂ ਰਾਜਵਿੰਦਰ ਕੌਰ, ਗਿਆਨ ਸਿੰਘ, ਰਮਾ ਕੁਮਾਰੀ, ਨੀਲਮ ਕੁਮਾਰੀ, ਚਮਨ ਲਾਲ, ਮਹਿੰਦਰ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ।