ਵੱਡੀ ਮੁਸੀਬਤ ''ਚ ਘਿਰਣਗੇ ਪੰਜਾਬ ਦੇ ਇਸ ਜ਼ਿਲ੍ਹੇ ਦੇ ਲੋਕ, ਅਗਲੇ 6 ਮਹੀਨੇ...

Monday, Mar 17, 2025 - 04:14 PM (IST)

ਵੱਡੀ ਮੁਸੀਬਤ ''ਚ ਘਿਰਣਗੇ ਪੰਜਾਬ ਦੇ ਇਸ ਜ਼ਿਲ੍ਹੇ ਦੇ ਲੋਕ, ਅਗਲੇ 6 ਮਹੀਨੇ...

ਜਲੰਧਰ (ਖੁਰਾਣਾ)-ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਦੀ ਲਾਪਰਵਾਹੀ ਅਤੇ ਨਾਲਾਇਕੀ ਦਾ ਖਮਿਆਜ਼ਾ ਜਲੰਧਰ ਨਿਵਾਸੀ ਪਿਛਲੇ ਕਈ ਸਾਲਾਂ ਤੋਂ ਭੁਗਤ ਰਹੇ ਹਨ ਪਰ ਹੁਣ ਆਉਣ ਵਾਲੇ 6 ਮਹੀਨੇ ਸ਼ਹਿਰ ਲਈ ਮੁਸੀਬਤਾਂ ਭਰੇ ਸਾਬਤ ਹੋਣ ਜਾ ਰਹੇ ਹਨ। ਇਸ ਮੁਸੀਬਤ ਦਾ ਇਕ ਕਾਰਨ ਤਾਂ ਜਲੰਧਰ ਨਿਗਮ ਦਾ ਓ. ਐਂਡ ਐੱਮ. ਸੈੱਲ ਬਣਨ ਜਾ ਰਿਹਾ ਹੈ, ਜਿਸ ਦੇ ਮੋਢਿਆਂ ’ਤੇ ਸੀਵਰੇਜ ਅਤੇ ਵਾਟਰ ਸਪਲਾਈ ਸਿਸਟਮ ਦੀ ਜ਼ਿੰਮੇਵਾਰੀ ਹੈ। ਅੱਜ ਹਾਲਾਤ ਇਹ ਹਨ ਕਿ ਸ਼ਹਿਰ ਦੇ 85 ਵਾਰਡਾਂ ਵਿਚੋਂ ਲਗਭਗ 60 ਵਾਰਡ ਸੀਵਰੇਜ ਜਾਮ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਅਤੇ ਵਿਭਾਗ ਦੇ ਅਧਿਕਾਰੀ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਪਾ ਰਹੇ। ਸ਼ਹਿਰ ਨਿਵਾਸੀਆਂ ਲਈ ਜੋ ਦੂਜੀ ਮੁਸੀਬਤ ਆਉਣ ਵਾਲੀ ਹੈ, ਉਹ ਟੁੱਟੀਆਂ ਸੜਕਾਂ ਨਾਲ ਸੰਬੰਧਤ ਹੋਵੇਗੀ ਕਿਉਂਕਿ ਸਰਫੇਸ ਵਾਟਰ ਪ੍ਰਾਜੈਕਟ ਤਹਿਤ ਵਧੇਰੇ ਮੇਨ ਸੜਕਾਂ ’ਤੇ ਪਾਣੀ ਦੇ ਵੱਡੇ-ਵੱਡੇ ਪਾਈਪ ਪਾਉਣ ਦਾ ਕੰਮ ਦੋਬਾਰਾ ਸ਼ੁਰੂ ਹੋਣ ਜਾ ਰਿਹਾ ਹੈ।

ਇਸ ਕੰਮ ਤਹਿਤ ਅਗਲੇ 4-6 ਮਹੀਨਿਆਂ ਵਿਚ ਸ਼ਹਿਰ ਦੀਆਂ 50 ਕਿਲੋਮੀਟਰ ਲੰਬੀਆਂ ਸੜਕਾਂ ਨੂੰ ਤੋੜਿਆ ਜਾਵੇਗਾ ਅਤੇ ਉੱਥੇ ਪਾਈਪ ਪਾਏ ਜਾਣਗੇ। ਇਹ ਕੰਮ ਸ਼ਹਿਰ ਵਿਚ ਲਗਭਗ 7-8 ਥਾਵਾਂ ’ਤੇ ਇਕੋ ਸਮੇਂ ਸ਼ੁਰੂ ਹੋਵੇਗਾ। ਹੁਣ ਇਹ ਵੇਖਣਾ ਬਾਕੀ ਹੈ ਕਿ 50 ਕਿਲੋਮੀਟਰ ਲੰਬੀਆਂ ਸੜਕਾਂ ਨੂੰ ਤੋੜ ਕੇ ਉਥੇ ਪਾਈਪ ਪਾਉਣ ਦਾ ਕੰਮ 4-6 ਮਹੀਨਿਆਂ ਵਿਚ ਪੂਰਾ ਹੁੰਦਾ ਹੈ ਜਾਂ ਜ਼ਿਆਦਾ ਸਮਾਂ ਲੱਗਦਾ ਹੈ ਕਿਉਂਕਿ ਇਹ ਵੀ ਇਕ ਤੱਥ ਹੈ ਕਿ 48 ਕਿਲੋਮੀਟਰ ਸੜਕਾਂ ਨੂੰ ਤੋੜ ਕੇ ਪਾਈਪ ਪਾਉਣ ਦਾ ਕੰਮ ਸੰਬੰਧਤ ਕੰਪਨੀ ਵੱਲੋਂ ਲਗਭਗ 3 ਸਾਲਾਂ ਵਿਚ ਪੂਰਾ ਕੀਤਾ ਗਿਆ ਅਤੇ ਹੁਣ ਇਹੀ ਕੰਮ 3 ਮਹੀਨਿਆਂ ਵਿਚ ਕਰਨ ਦੀ ਜ਼ਿੰਮੇਵਾਰੀ ਕੰਪਨੀ ਨੂੰ ਦਿੱਤੀ ਗਈ ਹੈ, ਜੋਕਿ ਇਕ ਅਸੰਭਵ ਟੀਚਾ ਜਾਪਦਾ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਗ੍ਰਨੇਡ ਹਮਲੇ ਮਗਰੋਂ ਪੰਜਾਬ ਪੁਲਸ ਦਾ ਐਕਸ਼ਨ, ਪਾਕਿ ਡੌਨ ਸ਼ਹਿਜ਼ਾਦ ਭੱਟੀ ਦਾ ਇੰਸਟਾਗ੍ਰਾਮ ਭਾਰਤ 'ਚ ਬੈਨ

ਜ਼ਿਮਨੀ ਚੋਣਾਂ ਵਾਂਗ ‘ਆਪ’ ਨੂੰ ਹੁਣ ਵਿਧਾਨ ਸਭਾ ਚੋਣਾਂ ’ਚ ਵੀ ਆਵੇਗੀ ਮੁਸ਼ਕਿਲ
ਨਗਰ ਨਿਗਮ ਦੀ ਮਾੜੀ ਕਾਰਗੁਜ਼ਾਰੀ ਕਾਰਨ ਪਿਛਲੇ 3 ਸਾਲਾਂ ਤੋਂ ਪੰਜਾਬ ਵਿਚ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਦਾ ਅਕਸ ਕਾਫ਼ੀ ਖ਼ਰਾਬ ਹੋ ਚੁੱਕਾ ਹੈ। ਕੁਝ ਸਮਾਂ ਪਹਿਲਾਂ ਹੋਈ ਲੋਕ ਸਭਾ ਦੀ ਜ਼ਿਮਨੀ ਚੋਣ, ਉਸ ਤੋਂ ਬਾਅਦ ਹੋਈਆਂ ਆਮ ਸੰਸਦੀ ਚੋਣਾਂ ਅਤੇ ਉਸ ਦੇ ਕੁਝ ਮਹੀਨਿਆਂ ਬਾਅਦ ਹੋਈ ਵਿਧਾਨ ਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਦੌਰਾਨ ਜਲੰਧਰ ਨਗਰ ਨਿਗਮ ਦੀ ਮਾੜੀ ਕਾਰਗੁਜ਼ਾਰੀ ਚੋਣਾਵੀ ਮੁੱਦਾ ਬਣੀ ਰਹੀ, ਜਿਸ ਕਾਰਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਹ ਖ਼ੁਸ਼ਕਿਸਮਤੀ ਰਹੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੇਂ ਸਿਰ ਦੋਵਾਂ ਜ਼ਿਮਨੀ ਚੋਣਾਂ ਦੀ ਕਮਾਨ ਆਪਣੇ ਹੱਥਾਂ ਵਿਚ ਸੰਭਾਲ ਲਈ। ਇਸ ਕਾਰਨ ਪਹਿਲੀ ਵਾਰ ਸੁਸ਼ੀਲ ਰਿੰਕੂ ਜਿੱਤੇ ਅਤੇ ਦੂਜੀ ਵਾਰ ਮਹਿੰਦਰ ਭਗਤ ਨੂੰ ਜਿੱਤ ਨਸੀਬ ਹੋਈ ਪਰ ਫਿਰ ਵੀ ਨਗਰ ਨਿਗਮ ਦੀ ਨਾਲਾਇਕੀ ਮੁੱਖ ਮੰਤਰੀ ਤਕ ਦੇ ਸਾਹਮਣੇ ਆ ਗਈ ਸੀ।

ਇਹ ਵੀ ਪੜ੍ਹੋ : ਲੁਧਿਆਣਾ ਪਹੁੰਚੇ CM ਭਗਵੰਤ ਮਾਨ ਨੇ ਅਧਿਆਪਕਾਂ ਲਈ ਕੀਤਾ ਅਹਿਮ ਐਲਾਨ

ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਨੇ ਜਲੰਧਰ ਨਗਰ ਨਿਗਮ ਦੇ ਸਿਸਟਮ ਵਿਚ ਕੋਈ ਸੁਧਾਰ ਨਹੀਂ ਕੀਤਾ, ਜਿਸ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਨਿਗਮ ਦੀ ਕਾਰਗੁਜ਼ਾਰੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਦੇ ਉਮੀਦਵਾਰਾਂ ਲਈ ਮੁਸ਼ਕਿਲਾਂ ਪੈਦਾ ਕਰ ਸਕਦੀ ਹੈ। ਹੁਣ ਜੇਕਰ ਇਕ ਸਾਲ ਵਿਚ ਸ਼ਹਿਰ ਦੇ ਸੀਵਰੇਜ ਸਿਸਟਮ ਵਿਚ ਸੁਧਾਰ ਨਾ ਆਇਆ ਅਤੇ ਟੁੱਟੀਆਂ ਸੜਕਾਂ ਦਾ ਮਸਲਾ ਹੱਲ ਨਾ ਹੋਇਆ ਤਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਸਾਲ ਦੌਰਾਨ ਸੱਤਾ ਧਿਰ ਲਈ ਐਂਟੀ ਇਨਕੰਬੈਂਸੀ (ਸੱਤਾ ਵਿਰੋਧੀ ਲਹਿਰ) ਪੈਦਾ ਹੋਣ ਦਾ ਖ਼ਤਰਾ ਹੈ, ਜੋ ਚੋਣਾਵੀ ਨੁਕਸਾਨ ਤਕ ਕਰ ਸਕਦੀ ਹੈ।

ਇਥੇ-ਇਥੇ ਟੁੱਟਣ ਜਾ ਰਹੀਆਂ ਹਨ ਮੇਨ ਸੜਕਾਂ
-ਕਪੂਰਥਲਾ ਚੌਂਕ ਤੋਂ ਡਾ. ਅੰਬੇਡਕਰ ਚੌਂਕ, ਗੁਰੂ ਰਵਿਦਾਸ ਚੌਂਕ ਤੋਂ ਮਾਡਲ ਟਾਊਨ ਸ਼ਮਸ਼ਾਨਘਾਟ ਤਕ, ਮਾਡਲ ਟਾਊਨ ਵਾਟਰ ਟੈਂਕ ਤੋਂ ਮੈਨਬਰੋ ਚੌਂਕ ਅਤੇ ਉੱਥੋਂ ਗੁਰੂ ਰਵਿਦਾਸ ਚੌਂਕ ਤੱਕ, ਦੀਪ ਨਗਰ, ਕਿਸ਼ਨਪੁਰਾ-ਕਾਜ਼ੀ ਮੰਡੀ ਰੋਡ, ਦਕੋਹਾ ਫਾਟਕ, ਅਰਮਾਨ ਨਗਰ, ਜੇ. ਪੀ. ਨਗਰ ਤੋਂ ਮਿੱਠੂ ਬਸਤੀ ਰੋਡ, ਕਬੀਰ ਵਿਹਾਰ, ਰਾਜ ਨਗਰ, ਗੁੱਜਾ ਪੀਰ ਰੋਡ, ਅੱਡਾ ਹੁਸ਼ਿਆਰਪੁਰ ਤੋਂ ਕਿਸ਼ਨਪੁਰਾ ਅਤੇ ਵੇਰਕਾ ਮਿਲਕ ਪਲਾਂਟ ਦਾ ਇਲਾਕਾ।

ਇਹ ਵੀ ਪੜ੍ਹੋ : ਪੰਜਾਬ ਦੀ ਇਸ ਜੇਲ੍ਹ 'ਚ ਹਵਾਲਾਤੀ ਦੀ ਮੌਤ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ, ਪੁਲਸ 'ਤੇ ਲੱਗੇ ਗੰਭੀਰ ਦੋਸ਼

ਨਹੀਂ ਸੁਧਰੇ ਹਰਗੋਬਿੰਦ ਨਗਰ ਦੇ ਹਾਲਾਤ
ਨਿਗਮ ਕੌਂਸਲਰ ਹਰਪ੍ਰੀਤ ਵਾਲੀਆ ਨੇ ਕਿਹਾ ਕਿ ਹਰਗੋਬਿੰਦ ਨਗਰ ਵਿਚ ਸੀਵਰੇਜ ਜਾਮ ਦੀ ਸਮੱਸਿਆ ਦਾ ਨਿਗਮ ਤੋਂ ਹੱਲ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਇਲਾਕਾ ਵਾਸੀ ਮੇਅਰ ਨੂੰ ਮਿਲੇ ਸਨ, ਜਿਨ੍ਹਾਂ ਨੇ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਕੋਈ ਕੰਮ ਨਹੀਂ ਹੋਇਆ। ਜੇਕਰ 2 ਦਿਨਾਂ ਦੇ ਅੰਦਰ-ਅੰਦਰ ਸੀਵਰੇਜ ਦੀ ਸਫ਼ਾਈ ਸ਼ੁਰੂ ਨਾ ਹੋਈ ਤਾਂ ਮੰਗਲਵਾਰ ਨੂੰ ਨਿਗਮ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ 'ਚ ਗ੍ਰਨੇਡ ਹਮਲੇ ਮਗਰੋਂ ਪੰਜਾਬ ਪੁਲਸ ਦਾ ਐਕਸ਼ਨ, ਪਾਕਿ ਡੌਨ ਸ਼ਹਿਜ਼ਾਦ ਭੱਟੀ ਦਾ ਇੰਸਟਾਗ੍ਰਾਮ ਭਾਰਤ 'ਚ ਬੈਨ

ਤਰਸੇਮ ਲਖੋਤਰਾ ਨੇ ਵੀ ਨਿਗਮ ’ਚ ਧਰਨਾ ਦੇਣ ਦਾ ਦਿੱਤਾ ਅਲਟੀਮੇਟਮ
ਮੇਅਰ ਦੀ ਚੋਣ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਕੌਂਸਲਰ ਤਰਸੇਮ ਲਖੋਤਰਾ ਨੇ ਹੁਣ ਨਿਗਮ ਵਿਚ ਧਰਨਾ ਦੇਣ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਭਾਰਗਵ ਕੈਂਪ ਦੀ ਸੀਵਰੇਜ ਸਮੱਸਿਆ ਸਬੰਧੀ ਮੇਅਰ ਨੂੰ ਮੰਗ-ਪੱਤਰ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਵੀ ਨਿਗਮ ਦੇ ਅਧਿਕਾਰੀਆਂ ਨੇ ਉੱਥੇ ਜਾ ਕੇ ਮੌਕੇ ’ਤੇ ਕੋਈ ਕੰਮ ਨਹੀਂ ਕੀਤਾ। ਅੱਜ ਵੀ ਭਾਰਗਵ ਕੈਂਪ ਵਿਚ ਜਗ੍ਹਾ-ਜਗ੍ਹਾ ਸੀਵਰੇਜ ਜਾਮ ਹਨ, ਆਰ. ਕੇ. ਢਾਬੇ ਨੇੜੇ ਮੰਦਰ ਕੋਲ ਵੀ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੈ, ਜਿਸ ਕਾਰਨ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਿਗਮ ਦੇ ਅਧਿਕਾਰੀ ਕੌਂਸਲਰ ਅਤੇ ਲੋਕਾਂ ਦੀ ਬਿਲਕੁਲ ਸੁਣਵਾਈ ਨਹੀਂ ਕਰ ਰਹੇ।

ਇਹ ਵੀ ਪੜ੍ਹੋ : ਪੰਜਾਬ ਦੇ ਇਹ 5 ਜ਼ਿਲ੍ਹੇ ਰਹਿਣ ਸਾਵਧਾਨ! ਭਾਰੀ ਮੀਂਹ ਦਾ Alert ਜਾਰੀ,  ਪੜ੍ਹੋ ਮੌਸਮ ਦੀ ਤਾਜ਼ਾ ਅਪਡੇਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 


author

shivani attri

Content Editor

Related News