ਲੋਕਾਂ ਨੇ ਮਨ ਬਣਾਇਆ, ਸੰਗਰੂਰ ਵਾਂਗ ਜਲੰਧਰ ’ਚ ਵੀ ਦੇਣਗੇ ਜਵਾਬ : ਸ਼ੇਖਾਵਤ

Saturday, May 06, 2023 - 10:58 PM (IST)

ਲੋਕਾਂ ਨੇ ਮਨ ਬਣਾਇਆ, ਸੰਗਰੂਰ ਵਾਂਗ ਜਲੰਧਰ ’ਚ ਵੀ ਦੇਣਗੇ ਜਵਾਬ : ਸ਼ੇਖਾਵਤ

ਜਲੰਧਰ (ਗੁਲਸ਼ਨ) : ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਜਲੰਧਰ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਲਗਭਗ ਸਵਾ ਸਾਲ ਪਹਿਲਾਂ ਪੰਜਾਬ ਦੀ ਜਨਤਾ ਨੇ ਜਿਸ ਇੱਛਾ ਅਤੇ ਬਦਲਾਅ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਸਮਰਥਨ ਦਿੰਦੇ ਹੋਏ ਸਰਕਾਰ ਬਣਾਈ ਸੀ, ਉਸੇ ਸਰਕਾਰ ਦੇ ਰਾਜ ’ਚ ਪੰਜਾਬ ਦਾ ਹਰ ਵਰਗ ਦੁਖੀ ਹੈ। ਔਰਤਾਂ, ਨੌਜਵਾਨ, ਬਜ਼ੁਰਗ, ਕਿਸਾਨ, ਵਪਾਰੀ ਹਰ ਕੋਈ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਦੁੱਧ ਦੇਣ ਵਾਲੀਆਂ ਮੱਝਾਂ ਵਾਂਗ ਨਿਚੋੜ ਰਹੀ ਹੈ ਅਤੇ ਇਥੋਂ ਦਾ ਪੈਸਾ ਦੂਜੇ ਸੂਬਿਆਂ ਵਿਚ ਖਰਚ ਕਰ ਰਹੀ ਹੈ। ਸ਼ੇਖਾਵਤ ਨੇ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਿਸੇ ਸੂਬੇ ਵਿਚ ਸਰਕਾਰ ਬਣਨ ਦੇ 3 ਮਹੀਨੇ ਬਾਅਦ ਹੀ ਮੁੱਖ ਮੰਤਰੀ ਆਪਣੇ ਹੀ ਲੋਕ ਸਭਾ ਹਲਕੇ ਦੀ ਸੀਟ ਹਾਰ ਗਏ। ਇਸ ਤੋਂ ਸਾਬਿਤ ਹੁੰਦਾ ਹੈ ਕਿ ਜਨਤਾ ਵਿਚ ਸਰਕਾਰ ਦੇ ਖ਼ਿਲਾਫ਼ ਰੋਸ ਹੈ। ਸੰਗਰੂਰ ਵਾਂਗ ਹੁਣ ਜਲੰਧਰ ਦੀ ਜਨਤਾ ਵੀ ਉਨ੍ਹਾਂ ਨੂੰ ਵੋਟ ਦੇ ਰੂਪ ਵਿਚ ਆਪਣਾ ਜਵਾਬ ਦੇਵੇਗੀ।

ਇਹ ਵੀ ਪੜ੍ਹੋ : ਸੁਨਾਮੀ ਵਾਂਗ ਆਈ ‘ਆਪ’ ਤੋਂ ਜਨਤਾ ਨੂੰ ਮਿਲਿਆ ਨੂੰ ਧੋਖਾ, ਹੁਣ ਭਾਜਪਾ ਹੀ ਪੰਜਾਬ ’ਚ ਆਸ ਦੀ ਕਿਰਨ : ਸ਼ੇਖਾਵਤ

ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਇਸ ਸਮੇਂ ਮਾਫੀਆ ਰਾਜ ਦੇ ਹਵਾਲੇ ਹੈ। ਨਸ਼ਾ ਖਤਮ ਕਰਨ ਦੀਆਂ ਗੱਲਾਂ ਕਰਨ ਵਾਲੀ ਸਰਕਾਰ ਦੇ ਰਾਜ ਵਿਚ ਨਸ਼ਾ ਕਈ ਗੁਣਾ ਵਧ ਗਿਆ ਹੈ। ਈਮਾਨਦਾਰੀ ਦੀਆਂ ਗੱਲਾਂ ਕਰਨ ਵਾਲੀ ਸਰਕਾਰ ਦੇ ਮੰਤਰੀ ਜੇਲ ਦੀਆਂ ਸੀਖਾਂ ਦੇ ਪਿੱਛੇ ਹੈ। ਆਮ ਲੋਕਾਂ ਵਾਂਗ ਰਹਿਣ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਦਿੱਲੀ ਵਿਚ ਸਥਿਤ ਸ਼ੀਸ਼ ਮਹਿਲ ’ਤੇ ਕਰੋੜਾਂ ਰੁਪਏ ਖਰਚ ਕੀਤੇ ਗਏ, ਜਿਸ ਵਿਚ ਲੱਖਾਂ ਰੁਪਏ ਦੇ ਤਾਂ ਪਰਦੇ ਹੀ ਲਾਏ ਗਏ ਹਨ। ਇਸ ਤੋਂ ਇਲਾਵਾ ਜਿਮ ਦੇ ਅੰਦਰ ਲੱਗੇ ਉਪਕਰਨ ਵੀ ਕਿਰਾਏ ’ਤੇ ਲਏ ਗਏ ਹਨ, ਉਹ ਫਰਮ ਵੀ ਪਰਿਵਾਰ ਦੇ ਮੈਂਬਰਾਂ ਦੀ ਹੀ ਹੈ। ਇਹ ਚਾਰਟਰਡ ਪਲੇਨ ਤੋਂ ਹੇਠਾਂ ਪੈਰ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਨੀਤੀਆਂ ਦਾ ਭਾਜਪਾ ਨੂੰ ਲਾਭ ਮਿਲੇਗਾ। ਜਲੰਧਰ ਵਿਚ ਵਿਕਾਸ ਨੂੰ ਰਫਤਾਰ ਦੇਣ ਲਈ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਵੋਟਾਂ ਪਾ ਕੇ ਸਫਲ ਬਣਾਓ। ਇਸ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਅਤੇ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਭਾਜਪਾ ਇਤਿਹਾਸਕ ਨਤੀਜਿਆਂ ਨਾਲ ਸੱਤਾ ਵਿਚ ਆਵੇਗੀ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਜਨਰਲ ਸਕੱਤਰ ਜੀਵਨ ਗੁਪਤਾ, ਮੀਤ ਪ੍ਰਧਾਨ ਸੁਭਾਸ਼ ਸੂਦ, ਬੁਲਾਰਾ ਅਨਿਲ ਸਰੀਨ, ਸੂਬਾਈ ਮੀਡੀਆ ਇੰਚਾਰਜ ਜਨਾਰਦਨ ਸ਼ਰਮਾ, ਜ਼ਿਲਾ ਸਕੱਤਰ ਅਮਿਤ ਭਾਟੀਆ ਆਦਿ ਮੌਜੂਦ ਸਨ।

ਭਾਜਪਾ ਨੂੰ ਬਦਲ ਦੇ ਰੂਪ ਵਿਚ ਦੇਖ ਰਹੀ ਜਨਤਾ
ਸ਼ੇਖਾਵਤ ਨੇ ਅਕਾਲੀ ਦਲ ਬਾਰੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦੇ ਹੋਏ ਅਕਾਲੀ ਦਲ ਦਾ ਕੁਝ ਵਜੂਦ ਸੀ ਪਰ ਹੁਣ ਇਹ ਆਪਣਾ ਮਾਣ ਗੁਆ ਚੁੱਕਾ ਹੈ। ਜਨਤਾ ਦਾ ਭਰੋਸਾ ਉੱਠ ਚੁੱਕਾ ਹੈ। ਧਰਾਤਲ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਪਿਛਲੇ 9 ਸਾਲਾਂ ਅੰਦਰ ਜਲੰਧਰ ਵਿਚ ਕੋਈ ਵੀ ਕੰਮ ਨਹੀਂ ਕੀਤਾ। ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਵੀ ਜਨਤਾ ਵਿਚ ਕਾਫੀ ਰੋਸ ਹੈ, ਇਸ ਲਈ ਲੋਕ ਭਾਜਪਾ ਨੂੰ ਇਕ ਬਦਲ ਦੇ ਰੂਪ ਵਿਚ ਦੇਖ ਰਹੇ ਹਨ।

ਅਸੀਂ ਸੁਸ਼ੀਲ ਰਿੰਕੂ ਨੂੰ ਨਕਾਰਿਆ, ‘ਆਪ’ ਨੇ ਕੀਤਾ ਸ਼ਾਮਲ
ਸੁਸ਼ੀਲ ਰਿੰਕੂ ਕੀ ਭਾਜਪਾ ’ਚ ਸ਼ਾਮਲ ਹੋਣਾ ਚਾਹੁੰਦੇ ਸਨ, ਇਸ ਦੇ ਜਵਾਬ ਵਿਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਹਾਂ, ਸੁਸ਼ੀਲ ਰਿੰਕੂ ਭਾਜਪਾ ਵਿਚ ਸ਼ਾਮਲ ਹੋਣਾ ਚਾਹੁੰਦੇ ਸਨ। ਉਨ੍ਹਾਂ ਕਈ ਵਾਰ ਮੇਰੇ ਨਾਲ ਸੰਪਰਕ ਕੀਤਾ ਸੀ ਪਰ ਅਸੀਂ ਸੁਸ਼ੀਲ ਰਿੰਕੂ ਨੂੰ ਨਕਾਰ ਦਿੱਤਾ, ਜਿਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿਚ ਚਲੇ ਗਏ। ਸ਼ੇਖਾਵਤ ਨੇ ਰਿੰਕੂ ਨੂੰ ਨਕਾਰਨ ਦਾ ਕਾਰਨ ਨਹੀਂ ਦੱਸਿਆ ਪਰ ਇੰਨਾ ਕਿਹਾ ਕਿ ਇਹ ਪਾਰਟੀ ਦਾ ਆਪਣਾ ਫੈਸਲਾ ਹੈ

ਸੀਨੀਅਰ ਕਾਂਗਰਸ ਅਤੇ ਅਕਾਲੀ ਆਗੂ ਭਾਜਪਾ ’ਚ ਸ਼ਾਮਲ
ਇਸ ਮੌਕੇ ਕੇਂਦਰੀ ਮੰਤਰੀ ਨੇ ਤਰਨਤਾਰਨ ਦੇ ਕਾਂਗਰਸੀ ਆਗੂ ਪ੍ਰੋ. ਗੁਰਮਿੰਦਰ ਸਿੰਘ, ਜਿਹੜੇ ਕਿ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਹੇ ਹਨ, ਨੂੰ ਭਾਜਪਾ ਵਿਚ ਸ਼ਾਮਲ ਕੀਤਾ। ਇਸ ਤੋਂ ਇਲਾਵਾ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਰਹੇ ਆਲਮਗੀਰ ਸਿੰਘ ਨੇ ਵੀ ਅਕਾਲੀ ਦਲ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ। ਕੇਂਦਰੀ ਮੰਤਰੀ ਸ਼ੇਖਾਵਤ ਨੇ ਦੋਵਾਂ ਆਗੂਆਂ ਦਾ ਭਾਜਪਾ ਦੇ ਸਿਰੋਪਾਓ ਪਹਿਨਾ ਕੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਕਾਫੀ ਮਜ਼ਬੂਤੀ ਮਿਲੇਗੀ।

ਇਹ ਵੀ ਪੜ੍ਹੋ : ਦਿੱਲੀ ਦੇ ਭਾਜਪਾ ਸੰਸਦ ਮੈਂਬਰ ਨੇ ਪੰਜਾਬ ਸਰਕਾਰ ਤੋਂ ਲੈ ਕੇ ਜੰਤਰ-ਮੰਤਰ ਪ੍ਰਦਰਸ਼ਨ ਤਕ ’ਤੇ ਦਿੱਤੇ ਬੇਬਾਕੀ ਨਾਲ ਜਵਾਬ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News