ਸਰਦੀਆਂ ਦੇ ਮੋਸਮ ਦੀ ਸ਼ੁਰੂਆਤ ''ਚ ਪਾਵਰਕਾਮ ਵੱਲੋਂ ਬਿਜਲੀ ਦੇ ਅਣਐਲਾਨੇ ਕੱਟਾਂ ਨੂੰ ਲੈ ਕੇ ਲੋਕ ਪ੍ਰੇਸ਼ਾਨ

Thursday, Nov 09, 2017 - 04:12 PM (IST)

ਸਰਦੀਆਂ ਦੇ ਮੋਸਮ ਦੀ ਸ਼ੁਰੂਆਤ ''ਚ ਪਾਵਰਕਾਮ ਵੱਲੋਂ ਬਿਜਲੀ ਦੇ ਅਣਐਲਾਨੇ ਕੱਟਾਂ ਨੂੰ ਲੈ ਕੇ ਲੋਕ ਪ੍ਰੇਸ਼ਾਨ


ਤਲਵੰਡੀ ਭਾਈ (ਗੁਲਾਟੀ) - ਸਰਦੀਆਂ ਦੇ ਮੋਸਮ ਦੀ ਸ਼ੁਰੂਆਤ 'ਚ ਪਾਵਰਕਾਮ ਵੱਲੋਂ ਬਿਜਲੀ ਦੇ ਲਗਾਏ ਜਾ ਰਹੇ ਲੰਮੇ ਪਾਵਰ ਕੱਟਾ ਤੋਂ ਹਰ ਵਰਗ ਦੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਇਸ ਦੌਰਾਨ ਦੁਖੀ ਲੋਕਾਂ ਨੇ ਦੱਸਿਆਂ ਕਿ ਦੇਸ਼ ਭਰ 'ਚੋਂ ਸਭ ਤੋਂ ਮਹਿੰਗੀ ਬਿਜਲੀ ਵੇਚਣ ਦੇ ਬਾਵਜੂਦ ਬਿਜਲੀ ਦੀ ਪੂਰੀ ਸਪਲਾਈ ਨਹੀਂ ਦਿੱਤੀ ਜਾ ਰਹੀ। ਮਹਿਕਮੇਂ ਵੱਲੋਂ ਪਿਛਲੇ ਮਹੀਨੇ 10 ਫੀਸਦੀ ਦੇ ਕਰੀਬ ਰੇਟ 'ਚ ਵਾਧਾ ਕੀਤਾ ਗਿਆ ਸੀ ਅਤੇ ਇਹ ਵਾਧਾ ਅਪ੍ਰੈਲ ਮਹੀਨੇ ਤੋਂ ਖਪਤਕਾਰਾਂ ਤੋਂ ਵਸੂਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਮੇਂ ਦੋਰਾਨ ਬਿਜਲੀ ਦੇ ਰੇਟਾ 'ਚ ਮਹਿਕਮੇਂ ਨੇ ਭਾਰੀ ਵਾਧਾ ਕੀਤਾ ਹੈ ਤੇ ਬਿੱਲ ਇੰਨੇ ਵੱਧ ਆਉਦੇ ਹਨ ਕਿ ਆਮ ਆਦਮੀ ਨੂੰ ਦੇਣ 'ਚ ਮੁਸ਼ਕਿਲ ਹੋ ਰਹੀ ਹੈ। ਇਸ ਦੇ ਬਾਵਜੂਦ ਵੀ ਮਹਿਕਮਾਂ ਲੋਕਾਂ ਨੂੰ ਪੂਰੀ ਬਿਜਲੀ ਨਹੀਂ ਦੇ ਰਿਹਾ। ਪਾਵਰਕਾਮ ਵੱਲੋਂ ਸਵੇਰੇ ਤੋਂ ਹੀ ਬਿਜਲੀ ਕੱਟ ਲਗਾ ਦਿੱਤੇ ਜਾਂਦੇ ਹਨ, ਜਿਸ ਨਾਲ ਬੱਚਿਆਂ ਨੂੰ ਘਰਾਂ ਤੋਂ ਸਕੂਲਾਂ ਲਈ ਤਿਆਰ ਕਰਨਾ ਅਤੇ ਘਰਾਂ ਦੇ ਕੰਮ ਕਰਨ 'ਚ ਬਹੁਤ ਦਿੱਕਤ ਹੁੰਦੀ ਹੈ। ਦੂਜੇ ਪਾਸੇ ਸਨਅਤਕਾਰਾਂ ਦਾ ਕਹਿਣਾ ਹੈ ਕਿ ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਮਹਿੰਗੇ ਭਾਅ ਦਾ ਡੀਜਲ ਫੂਕਣਾ ਪੈਂਦਾ ਹੈ, ਜਿਸ ਨਾਲ ਉਨਾਂ ਦੇ ਪ੍ਰਡਕਟ ਦੀ ਕੀਮਤ ਵੱਧ ਜਾਂਦੀ ਹੈ। ਨੋਟਬੰਦੀ ਅਤੇ ਜੀ. ਐਸ. ਟੀ. ਤੋਂ ਬਾਅਦ ਵਾਪਰ ਪਹਿਲਾਂ ਹੀ ਕਾਫੀ ਮੰਦੇ ਦੌਰ 'ਚ ਲੰਘ ਰਿਹਾ ਹੈ। ਇਸ ਸਬੰਧੀ ਬਿਜਲੀ ਨਾਲ ਕਾਰੋਬਾਰ ਕਰਨ ਵਾਲੇ ਲੋਕਾਂ ਨੇ ਕਿਹਾ ਕਿ ਕੱਟਾਂ ਕਾਰਨ ਕਾਰੋਬਾਰ ਬਹੁਤ ਘੱਟ ਗਿਆ ਹੈ, ਜਿਸ ਨਾਲ ਘਰਾਂ ਦੇ ਖਰਚੇ ਚਲਾਉਣੇ ਅੋਖੇ ਹੋ ਰਹੇ ਹਨ। ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਮਹਿਕਮਾਂ ਵੱਲੋਂ ਖੇਤੀ ਸੈਕਟਰ ਲਈ 2-3 ਦਿਨਾਂ ਦੇ ਅੰਤਰ ਨਾਲ ਹੀ ਸਪਲਾਈ ਦਿੰਦਾ ਹੈ ਅਤੇ ਉਹ ਵੀ ਦਿਨ ਦੀ ਬਜਾਏ ਰਾਤ ਵੇਲੇ। ਇਸ ਲਈ ਜਦੋਂ ਸਾਰੇ ਲੋਕ ਗੂੜੀ ਨੀਂਦ ਸੁਤੇ ਪਏ ਹੁੰਦੇ ਹਨ ਕਿਸਾਨ ਠੰਡੀਆਂ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਧਦੇ ਹੋਏ ਠੰਡੇ ਪਾਣੀ 'ਚ ਤੁਰਦੇ ਹਨ। ਬਿਜਲੀ ਨਾ ਮਿਲਣ ਕਾਰਨ ਕਿਸਾਨ ਕਰਜ਼ੇ ਲੈ ਕੇ ਮਹਿੰਗਾ ਡੀਜਲ ਖਰੀਦ ਕੇ ਫਸਲਾ ਨੂੰ ਪਾਣੀ ਲਗਾਉਣਾ ਪੈਂਦਾ ਹੈ। ਇਸ ਮੌਕੇ ਕਿਸਾਨਾਂ ਨੇ ਪਾਵਰਕਾਮ ਨੂੰ ਅੱਠ ਘੰਟੇ ਨਿਰਵਿਘਣ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ।

ਕੀ ਕਹਿੰਦੇ ਨੇ ਪਾਵਰਕਾਮ ਦੇ ਐਸ. ਡੀ. ਓ. ਸਰਤਾਜ ਸਿੰਘ
ਤਲਵੰਡੀ ਭਾਈ ਪਾਵਰਕਾਮ ਦਫ਼ਤਰ ਦੇ ਐਸ. ਡੀ. ਓ. ਸਰਤਾਜ ਸਿੰਘ ਨਾਲ ਬਿਜਲੀ ਦੇ ਲੱਗ ਰਹੇ ਅਣ-ਐਲਾਨੇ ਕੱਟ ਬਾਰੇ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਇਹ ਸੱਮਸਿਆਂ ਪਿਛਲੇ ਕੁਝ ਦਿਨਾਂ ਤੋਂ ਸਮੋਗ ਕਰਕੇ ਆ ਰਹੀ ਹੈ।


Related News