ਅੱਤ ਦੀ ਗਰਮੀ ''ਚ ਵੀ ਲੋਕਾਂ ਨੂੰ ਨਸੀਬ ਨਹੀਂ ਸ਼ੁੱਧ ਪਾਣੀ

Monday, Jun 19, 2017 - 12:14 AM (IST)

ਅੱਤ ਦੀ ਗਰਮੀ ''ਚ ਵੀ ਲੋਕਾਂ ਨੂੰ ਨਸੀਬ ਨਹੀਂ ਸ਼ੁੱਧ ਪਾਣੀ

ਬਰਨਾਲਾ,   (ਵਿਵੇਕ ਸਿੰਧਵਾਨੀ/ਰਵੀ)—  ਸ਼ਹਿਰ ਨੂੰ ਪਾਣੀ ਦੀ ਸਪਲਾਈ ਦੇਣ ਲਈ ਕੁੱਲ 31 ਟਿਊਬਵੈੱਲ ਲੱਗੇ ਹੋਏ ਹਨ ਜਿਨ੍ਹਾਂ 'ਚ 30 ਟਿਊਬਵੈੱਲ ਚਾਲੂ ਹਾਲਤ 'ਚ ਹਨ ਜਦੋਂਕਿ ਇਕ ਟਿਊਬਵੈੱਲ ਖਰਾਬ ਹੋਣ ਕਾਰਨ ਪਾਣੀ ਦੀ ਸਪਲਾਈ ਨਹੀਂ ਦੇ ਰਿਹਾ। 30 ਟਿਊਬਵੈੱਲ ਸ਼ਹਿਰ ਦੇ 31 ਵਾਰਡਾਂ 'ਚ 1 ਲੱਖ 20 ਹਜ਼ਾਰ ਦੀ ਆਬਾਦੀ ਨੂੰ ਪਾਣੀ ਸਪਲਾਈ ਦੇ ਰਹੇ ਹਨ। 90 ਫੀਸਦੀ ਸਥਾਨਾਂ 'ਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਜਾ ਰਹੀਆਂ ਹਨ ਅਤੇ 10 ਫੀਸਦੀ ਹਿੱਸੇ 'ਚ ਅਜੇ ਵੀ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਹੈ।  15 ਹਜ਼ਾਰ ਲੋਕ ਆਪਣੇ ਵਸੀਲਿਆਂ ਰਾਹੀਂ ਜਾਂ ਕਿਸੇ ਨਲਕੇ ਤੋਂ ਪਾਣੀ ਭਰਦੇ ਹਨ ਜਾਂ ਫਿਰ ਜਨਤਕ ਥਾਵਾਂ 'ਤੇ ਲੱਗੀਆਂ ਟੂਟੀਆਂ ਤੋਂ ਪਾਣੀ ਭਰ ਕੇ ਲਿਆਉਣਾ ਪੈਂਦਾ ਹੈ। ਅੱਤ ਦੀ ਗਰਮੀ 'ਚ ਮਜਬੂਰੀਵੱਸ ਲੋਕ ਦੂਰੋਂ-ਦੂਰੋਂ ਪਾਣੀ ਲੈ ਕੇ ਆਉਂਦੇ ਹਨ। ਕਈ ਸਲੱਮ ਬਸਤੀਆਂ 'ਚ ਗੰਦੇ ਪਾਣੀ ਦੀ ਸਪਲਾਈ ਹੁੰਦੀ ਹੈ। ਇਸ ਮਾਮਲੇ ਨੂੰ ਲੈ ਕੇ ਕਈ ਵਾਰ ਧਰਨੇ ਪ੍ਰਦਰਸ਼ਨ ਵੀ ਹੋ ਚੁੱਕੇ ਹਨ। ਰਾਮਗੜ੍ਹੀਆ ਰੋਡ ਦੇ ਵਸਨੀਕ ਪਿਛਲੇ ਇਕ ਸਾਲ ਤੋਂ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਵਾਟਰ ਸਪਲਾਈ ਵਿਭਾਗ ਦੇ ਐੱਸ. ਡੀ. ਓ. ਦਾ ਦਫਤਰ ਘੇਰ ਕੇ ਨਾਅਰੇਬਾਜ਼ੀ ਵੀ ਕੀਤੀ ਸੀ ਤੇ ਦੱਸਿਆ ਸੀ ਕਿ ਦੂਸ਼ਿਤ ਪਾਣੀ ਪੀ ਕੇ ਮੁਹੱਲੇ ਦੇ ਅੱਧੇ ਲੋਕ ਬੀਮਾਰ ਹੋ ਚੁੱਕੇ ਹਨ।  ਅਸਲ 'ਚ ਵਿਭਾਗ ਵੱਲੋਂ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਪਾਣੀ ਦਾ ਕਾਲੋਰੀਨੇਸ਼ਨ ਠੇਕਾ ਵੀ ਦੇਣਾ ਹੁੰਦਾ ਹੈ ਪਰ ਅਜੇ ਤੱਕ ਪੂਰਾ ਠੇਕਾ ਨਹੀਂ ਦਿੱਤਾ ਗਿਆ, ਜਿਸ ਕਾਰਨ ਲੋਕਾਂ ਨੂੰ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਗਰਮੀ ਕਾਰਨ ਹੈਜ਼ੇ ਵਰਗੀਆਂ ਬੀਮਾਰੀਆਂ ਫੈਲ ਰਹੀਆਂ ਹਨ। ਸ਼ਹਿਰ ਵਾਸੀਆਂ ਨੂੰ ਪੀਣ ਵਾਲਾ ਸਾਫ ਪਾਣੀ ਨਾ ਮਿਲਣ ਕਾਰਨ ਹਜ਼ਾਰਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ।
15 ਟਿਊਬਵੈੱਲਾਂ ਦੀ ਕਾਲੋਰੀਨੇਸ਼ਨ ਦਾ ਹੀ ਹੋਇਆ ਠੇਕਾ : ਸ਼ਹਿਰ ਦੇ 30 ਟਿਊਬਵੈੱਲਾਂ 'ਚੋਂ ਸਿਰਫ 15 ਟਿਊਬਵੈੱਲਾਂ ਦਾ ਹੀ ਕਾਲੋਰੀਨੇਸ਼ਨ ਕਰਵਾਉਣ ਦਾ ਠੇਕਾ ਹੋਇਆ ਹੈ। ਸ਼ਹਿਰ ਦੀ ਅੱਧੀ ਆਬਾਦੀ ਮਹਿਕਮੇ ਦੀ ਲਾਪ੍ਰਵਾਹੀ ਕਾਰਨ ਗੰਦਾ ਪਾਣੀ ਪੀਣ ਲਈ ਮਜਬੂਰ ਹੈ। ਮਹਿਕਮੇ ਦੇ ਅਧਿਕਾਰੀ ਕੋਈ ਨਾ ਕੋਈ ਬਹਾਨਾ ਲਾ ਕੇ ਪੱਲਾ ਝਾੜ ਲੈਂਦੇ ਹਨ ਪਰ ਇਕ ਲੱਖ ਲੋਕਾਂ ਦੀ ਸਿਹਤ ਦਾਅ 'ਤੇ ਲੱਗੀ ਹੈ ਅਤੇ ਅਧਿਕਾਰੀ ਇਸ ਪ੍ਰਤੀ ਗੰਭੀਰ ਨਹੀਂ ਹਨ। 
ਚੋਣ ਜ਼ਾਬਤਾ ਲੱਗਾ ਹੋਣ ਕਾਰਨ ਨਹੀਂ ਹੋ ਸਕਿਆ ਠੇਕਾ : ਜਦੋਂ ਇਸ ਸਬੰਧ 'ਚ ਜੇ. ਈ. ਸੁਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੀਆਂ ਚੋਣਾਂ ਕਾਰਨ ਚੋਣ ਜ਼ਾਬਤਾ ਲੱਗਾ ਹੋਇਆ ਸੀ, ਇਸ ਲਈ 15 ਟਿਊਬਵੈੱਲਾਂ ਦੀ ਕਾਲੋਰੀਨੇਸ਼ਨ ਦਾ ਠੇਕਾ ਨਹੀਂ ਹੋ ਸਕਿਆ। ਹੁਣ ਸਾਡੇ ਵੱਲੋਂ ਇਹ ਪ੍ਰਕਿਰਿਆ ਜਲਦ ਸ਼ੁਰੂ ਕੀਤੀ ਜਾਵੇਗੀ। 


Related News