ਕਿਸਾਨ ਵਿਰੋਧੀ ਫੈਸਲਿਆਂ ਕਾਰਣ ਹੀ ਲੋਕ ਧੜਾ-ਧੜ ਅਕਾਲੀ ਦਲ ਤੋਂ ਮੋੜ ਰਹੇ ਹਨ ਮੂੰਹ-ਵਿਧਾਇਕ ਆਵਲਾ
Sunday, Sep 20, 2020 - 03:51 PM (IST)
ਜਲਾਲਾਬਾਦ (ਸੇਤੀਆ,ਸੁਮਿਤ,ਟੀਨੂੰ) - ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬੋਹੜ ਸ. ਪ੍ਰਕਾਸ਼ ਸਿੰਘ ਬਾਦਲ ਦੇ ਅਤੀ ਕਰੀਬੀ ਅਤੇ ਜਲਾਲਾਬਾਦ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਲਗਾਉਣ ਵਾਲੇ ਪਿੰਡ ਬੰਦੀਵਾਲਾ ਨਾਲ ਸਬੰਧਤ ਸਵ. ਬਾਬਾ ਸਰਦਾਰਾ ਰਾਮ ਦਾ ਪਰਿਵਾਰ ਹਰਕਿਸ਼ਨ ਜੋਸਨ ਤੇ ਸੰਦੀਪ ਜੋਸਨ (ਦੀਪਾ) ਵਿਧਾਇਕ ਰਮਿੰਦਰ ਆਵਲਾ ਦੀ ਰਹਿਨੁਮਾਈ ਹੇਠ ਕਾਂਗਰਸ 'ਚ ਪਾਰਟੀ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਲ ਪੰਜ ਪਰਿਵਾਰ ਤੇ ਬਸਤੀ ਬਾਵਰੀਆਂ ਦੇ ਸਰਪੰਚ ਗੁਰਬਚਨ ਸਿੰਘ, ਮੈਂਬਰ ਬਲਵੀਰ ਸਿੰਘ, ਮੈਂਬਰ ਸਤਨਾਮ ਸਿੰਘ, ਮੈਂਬਰ ਮੱਘਰ ਸਿੰਘ, ਮੈਂਬਰ ਰਾਮ ਦਰਸ਼ਨ, ਮੈਂਬਰ ਜਗਤਾਰ ਚੰਦ ਤੇ ਬਾਵਰੀਆਂ ਬਸਤੀ ਦੀ ਪੂਰੀ ਪੰਚਾਇਤ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਇਥੇ ਦੱਸਣਯੋਗ ਹੈ ਕਿ ਬੰਦੀ ਵਾਲਾ ਨਾਲ ਸਬੰਧਤ ਕਾਂਗਰਸੀ ਵਰਕਰ ਸੰਦੀਪ ਕੁਮਾਰ ਤੇ ਰਾਮ ਦੇਵ ਵਲੋਂ ਸਵ. ਬਾਬਾ ਸਰਦਾਰਾ ਰਾਮ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਾਮਿਲ ਕਰਵਾਉਣ 'ਚ ਅਹਿਮ ਯੋਗਦਾਨ ਦਿੱਤਾ।ਇਸ ਮੌਕੇ ਉਨ੍ਹਾਂ ਨਾਲ ਬੀਸੀ ਕਮਿਸ਼ਨ ਪੰਜਾਬ ਦੇ ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਕਾਕਾ ਕੰਬੋਜ਼, ਬਲਾਕ ਸੰਮਤੀ ਵਾਈਸ ਚੇਅਰਮੈਨ ਸੁਭਾਸ਼ ਕਾਲੂਵਾਲਾ, ਇਕਬਾਲ ਬਰਾੜ੍ਹ, ਛਿੰਦਰਪਾਲ ਸਰਪੰਚ, ਰੋਮਾ ਆਵਲਾ, ਜੋਨੀ ਆਵਲਾ, ਸਚਿਨ ਆਵਲਾ, ਰਾਜ ਬਖਸ਼ ਕੰਬੋਜ ਤੇ ਸੁਮਿਤ ਆਵਲਾ ਮੌਜੂਦ ਸਨ।
ਇਥੇ ਦੱਸਣਯੋਗ ਹੈ ਕਿ ਜਲਾਲਾਬਾਦ ਹਲਕੇ ਅੰਦਰ ਅਕਾਲੀ ਦਲ ਦੀਆਂ ਜੜ੍ਹਾਂ ਲਾਉਣ ਵਾਲਾ ਪਰਿਵਾਰ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਅਤੀ ਕਰੀਬੀ ਦੋਸਤ ਸਵ. ਬਾਬਾ ਸਰਦਾਰਾ ਰਾਮ ਸ਼ੁਰੂ ਤੋਂ ਹੀ ਅਕਾਲੀ ਸਨ। ਇਥੋਂ ਤੱਕ ਕਿ ਬੰਦੀ ਵਾਲਾ ਨਾਲ ਸਬੰਧਤ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਦੇ ਵੀ ਕਰੀਬੀ ਸਨ ਪਰ ਉਨ੍ਹਾਂ ਨੇ ਉਸ ਵੇਲੇ ਵੀ ਅਕਾਲੀ ਦਲ ਦਾ ਸਾਥ ਨਹੀਂ ਛੱਡਿਆ ਅਤੇ ਹਲਕੇ ਅੰਦਰ ਅਕਾਲੀ ਦਲ ਦੇ ਚੁਣੇ ਜਾਣ ਵਾਲੇ ਉਮੀਂਦਵਾਰਾਂ ਨੂੰ ਟਿਕਟ ਦਿਵਾਉਣ ਦੇ ਮਾਮਲੇ 'ਚ ਵੀ ਅਹਿਮ ਰੋਲ ਅਦਾ ਕਰਦੇ ਸਨ। ਇਸ ਤੋਂ ਇਲਾਵਾ ਜਦੋਂ ਪ੍ਰਕਾਸ਼ ਸਿੰਘ ਬਾਦਲ ਹਲਕੇ ਅੰਦਰ ਆਉਂਦੇ ਤਾਂ ਬਾਬਾ ਸਰਦਾਰਾ ਰਾਮ ਦੇ ਘਰ ਅਕਸਰ ਹੀ ਪਹੁੰਚਦੇ ਸਨ। ਜਿਸ ਕਾਰਣ ਉਨ੍ਹਾਂ ਦੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪੱਖ 'ਚ ਰਹੀ। ਪਰ ਜਲਾਲਾਬਾਦ ਹਲਕੇ ਅੰਦਰ ਰਮਿੰਦਰ ਆਵਲਾ ਵਲੋਂ ਬਤੌਰ ਵਿਧਾਇਕ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਬਾਬਾ ਸਰਦਾਰਾ ਰਾਮ ਦੇ ਪਰਿਵਾਰ ਨੇ ਆਖਿਰਕਾਰ ਕਾਂਗਰਸ ਪਾਰਟੀ 'ਚ ਜਾਣ ਦਾ ਫੈਸਲਾ ਕੀਤਾ ਅਤੇ ਆਖਿਰਕਾਰ ਵਿਧਾਇਕ ਰਮਿੰਦਰ ਆਵਲਾ ਦੀ ਰਹਿਨੁਮਾਈ ਹੇਠ ਉਕਤ ਪਰਿਵਾਰ ਤੇ ਬਸਤੀ ਬਾਵਰੀਆ ਦੀ ਪੰਚਾਇਤ ਤੋਂ ਇਲਾਵਾ ਪੰਜ ਹੋਰ ਪਰਿਵਾਰ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ।
ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਸਭ ਤੋਂ ਪਹਿਲਾਂ ਤਾਂ ਉਕਤ ਪਰਿਵਾਰ ਦਾ ਪਾਰਟੀ 'ਚ ਸ਼ਾਮਲ ਹੋਣ ਤੇ ਸਵਾਗਤ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਜਿਸ ਤਰ੍ਹਾਂ ਅਕਾਲੀ ਦਲ 'ਚ ਪਰਿਵਾਰ ਦਾ ਮਾਣ ਸਤਿਕਾਰ ਸੀ ਅਤੇ ਕਾਂਗਰਸ ਪਾਰਟੀ 'ਚ ਇਸ ਤੋਂ ਵੀ ਜਿਆਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਕਾਫੀ ਸਮਾਂ ਪਿਆ ਹੈ ਅਤੇ ਪਰ ਇਸ ਪਰਿਵਾਰ ਨੇ ਰਾਜਨੀਤੀ ਤੋਂ ਉਪਰ ਉੱਠ ਕੇ ਨਿਸਵਾਰਥ ਕਦਮ ਚੁੱਕਦੇ ਹੋਏ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਪੱਲਾ ਫੜਿਆ ਹੈ। ਵਿਧਾਇਕ ਆਵਲਾ ਨੇ ਹਲਕਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਹਲਕੇ ਅੰਦਰ ਬਿਨਾ ਭੇਦਭਾਵ ਦੇ ਵਿਕਾਸ ਕਾਰਜ ਕਰਵਾਉਣਗੇ ਤੇ ਕਿਸੇ ਵੀ ਵਿਅਕਤੀ ਨੂੰ ਆਪਣੇ ਕੰਮ-ਕਾਜ ਲਈ ਰਾਜਨੀਤਕ ਦਿਵੇਸ਼ ਦਾ ਸਾਮ੍ਹਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀਬਾੜੀ ਆਰਡੀਨੈਸ ਦੇ ਮੁੱਦੇ ਤੇ ਕਿਸਾਨ ਲਗਾਤਾਰ ਕੇਂਦਰ ਤੇ ਕੇਂਦਰ ਦੀ ਭਾਈਵਾਲੀ ਅਕਾਲੀ ਦਲ ਦਾ ਵਿਰੋਧ ਕਰ ਰਹੇ ਹਨ ਅਤੇ ਕਿਸਾਨ ਵਿਰੋਧੀ ਨੀਤੀਆਂ ਕਾਰਣ ਹੁਣ ਵੱਡੀ ਗਿਣਤੀ 'ਚ ਕਿਸਾਨ ਅਕਾਲੀ ਦਲ ਤੋਂ ਮੂੰਹ ਮੋੜ ਕੇ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਰਹੇ ਹਨ ਕਿਉਂਕਿ ਕਿਸਾਨ ਹੱਕੀ ਫੈਸਲੇ ਲੈਣ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੀ ਹਮੇਸ਼ਾਂ ਆਪਣਾ ਜਿਗਰਾ ਦਿਖਾਇਆ ਹੈ।