ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ਼ ਭੜਕੇ ਪੈਨਸ਼ਨਰਜ਼
Tuesday, Nov 14, 2017 - 02:36 AM (IST)

ਹੁਸ਼ਿਆਰਪੁਰ, (ਘੁੰਮਣ)- ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਸੁਣਵਾਈ ਨਾ ਕੀਤੇ ਜਾਣ ਕਾਰਨ ਉਨ੍ਹਾਂ 'ਚ ਰੋਸ ਦਿਨ-ਪ੍ਰਤੀ-ਦਿਨ ਵਧਦਾ ਜਾ ਰਿਹਾ ਹੈ। ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਜ਼ਿਲਾ ਇਕਾਈ ਨੇ ਦੋਸ਼ ਲਾਇਆ ਹੈ ਕਿ ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕਰਨ 'ਚ ਢਿੱਲ-ਮੱਠ ਦੀ ਨੀਤੀ ਅਪਣਾਈ ਜਾ ਰਹੀ ਹੈ। ਪੈਨਸ਼ਨਰਾਂ ਨੇ ਜ਼ਿਲਾ ਪ੍ਰਧਾਨ ਮੋਹਣ ਸਿੰਘ ਮਰਵਾਹਾ ਦੀ ਅਗਵਾਈ 'ਚ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਸੋਧੀ ਗਈ ਪੈਨਸ਼ਨ ਤੇ ਫੈਮਿਲੀ ਪੈਨਸ਼ਨ 1 ਜਨਵਰੀ 2006 ਤੋਂ ਲਾਗੂ ਕੀਤੀ ਜਾਵੇ ਅਤੇ 1 ਜਨਵਰੀ 6 ਤੋਂ ਮਿਲੇ 125 ਫੀਸਦੀ ਡੀ. ਏ. ਨੂੰ ਬੇਸਿਕ ਪੈਨਸ਼ਨ ਵਿਚ ਸ਼ਾਮਲ ਕੀਤਾ ਜਾਵੇ। ਇਸ ਤੋਂ ਇਲਾਵਾ ਇਹ ਵੀ ਮੰਗ ਕੀਤੀ ਗਈ ਕਿ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਵਾਂਗ ਪੈਨਸ਼ਨਰਾਂ ਨੂੰ ਵੀ ਆਮਦਨ ਕਰ ਤੋਂ ਮੁਕਤ ਕੀਤਾ ਜਾਵੇ, ਜਨਵਰੀ 2017 ਤੋਂ 4 ਫੀਸਦੀ ਅਤੇ ਜੁਲਾਈ 2017 ਤੋਂ 2 ਫੀਸਦੀ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਕੀਤੀ ਜਾਵੇ ਅਤੇ 22 ਮਹੀਨੇ ਦੇ ਬਕਾਏ ਦਾ ਤੁਰੰਤ ਭੁਗਤਾਨ ਕੀਤਾ ਜਾਵੇ।
ਇਸ ਮੌਕੇ ਸੂਬਾ ਸਕੱਤਰ ਕੁਲਦੀਪ ਸਿੰਘ, ਜ਼ਿਲਾ ਜਨਰਲ ਸਕੱਤਰ ਅਮਰੀਕ ਸਿੰਘ, ਸੋਮ ਪ੍ਰਕਾਸ਼, ਜੋਗਿੰਦਰ ਸਿੰਘ, ਮੋਹਣ ਸਿੰਘ, ਕੁਲਦੀਪ ਸਿੰਘ ਸੈਣੀ, ਗੁਰਦੇਵ ਸਿੰਘ, ਬਲਵੀਰ ਸਿੰਘ, ਗੁਰਮੀਤ ਸਿੰਘ, ਗੁਰੂ ਦੱਤ, ਤੀਰਥ ਸਿੰਘ, ਕੀਮਤੀ ਰਾਮ, ਦਿਲਬਾਗ ਸਿੰਘ, ਕੁਲਦੀਪ ਮਿਰਜ਼ਾਪੁਰ, ਬੂਟਾ ਸਿੰਘ, ਸ਼ਾਮ ਸੁੰਦਰ, ਜੀਤ ਸਿੰਘ, ਕਸ਼ਮੀਰ ਸਿੰਘ, ਜੋਗਿੰਦਰ ਸਿੰਘ ਮਲੋਟ, ਸਵਰਨ ਸਿੰਘ ਆਦਿ ਨੇ ਵੀ ਉਕਤ ਮੰਗਾਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕੀਤੀ।
ਇਸੇ ਤਰ੍ਹਾਂ ਪੰਜਾਬ ਸਟੇਟ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਪ੍ਰਦੇਸ਼ ਪ੍ਰਧਾਨ ਇੰਜੀ. ਪ੍ਰੇਮ ਸੁੱਖ ਅਤੇ ਸਰਕਲ ਪ੍ਰਧਾਨ ਡੀ. ਕੇ. ਮਹਿਤਾ ਦੀ ਅਗਵਾਈ 'ਚ ਹੋਈ, ਜਿਸ 'ਚ ਸਮੂਹ ਪੈਨਸ਼ਨਰਾਂ ਨੇ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਆਗੂਆਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਸਬੰਧੀ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਅਤੇ ਮੈਨੇਜਮੈਂਟ ਸਾਡੀਆਂ ਮੰਗਾਂ ਪ੍ਰਤੀ ਟਾਲ-ਮਟੋਲ ਦੀ ਨੀਤੀ ਅਪਣਾ ਰਹੀਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਜਾਇਜ਼ ਮੰਗਾਂ ਸਰਕਾਰ ਨੇ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸਵਰਨ ਸਿੰਘ, ਗੁਰਬਚਨ ਦਾਸ, ਬਾਲ ਕ੍ਰਿਸ਼ਨ, ਰਤਨ ਲਾਲ, ਮਲਕੀਤ ਸਿੰਘ, ਸੁਰਜੀਤ ਸਿੰਘ, ਤਿਰਲੋਚਨ ਸਿੰਘ, ਉਂਕਾਰ ਸਿੰਘ ਆਦਿ ਹਾਜ਼ਰ ਸਨ।
ਕੀ ਹਨ ਮੰਗਾਂ : ਪੁਰਾਣੀ ਕੈਸ਼ਲੈੱਸ ਸਕੀਮ ਨੂੰ ਲਾਗੂ ਕਰਨਾ, ਰਿਟਾ. ਕਰਮਚਾਰੀਆਂ ਨੂੰ ਬਿਜਲੀ ਯੂਨਿਟਾਂ 'ਚ ਛੋਟ ਦੇਣਾ, ਮੈਡੀਕਲ ਭੱਤਾ 2 ਹਜ਼ਾਰ ਕਰਨਾ, ਜਨਵਰੀ 2017 ਤੋਂ ਮਹਿੰਗਾਈ ਭੱਤੇ ਦਾ ਬਕਾਇਆ ਜਾਰੀ ਕਰਨਾ, 50 ਫੀਸਦੀ ਡੀ. ਏ. ਬੇਸਿਕ 'ਚ ਮਰਜ ਕਰਨਾ ਆਦਿ।