ਬਾਹਰਲੇ ਸੂਬਿਆਂ ''ਚੋਂ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ ''ਚ ਵੇਚਣ ਦੀ ਸਾਜ਼ਿਸ਼ ਬੇਨਕਾਬ

11/13/2019 6:35:33 PM

ਚੰਡੀਗੜ੍ਹ : ਬਾਹਰਲੇ ਸੂਬਿਆਂ ਤੋਂ ਗੈਰ-ਕਾਨੂੰਨੀ ਢੰਗ ਨਾਲ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿਚ ਐੱਮ.ਐੱਸ.ਪੀ. 'ਤੇ ਵੇਚਣ ਦੀ ਦੂਜੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਮੰਗਲਵਾਰ ਨੂੰ ਬਠਿੰਡਾ ਵਿਖੇ ਝੋਨੇ ਦੇ 5 ਟਰੱਕ ਜ਼ਬਤ ਕੀਤੇ ਹਨ। ਇਹ ਜਾਣਕਾਰੀ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ 'ਤੇ ਵਿਭਾਗ ਦੀ ਜਾਂਚ ਟੀਮ ਵਲੋਂ ਸਵੇਰ 6 ਵਜੇ ਕੇ.ਜੀ. ਰਾਈਸ ਮਿੱਲ, ਰਾਮਪੁਰਾ ਫੂਲ, ਬਠਿੰਡਾ ਵਿਖੇ ਛਾਪਾ ਮਾਰਿਆ ਗਿਆ। ਟੀਮ ਨੂੰ ਝੋਨੇ ਦੀਆਂ 600 ਬੋਰੀਆਂ ਨਾਲ ਭਰਿਆ ਟਰੱਕ ਮਿਲਿਆ, ਜੋ ਮਿੱਲ ਵਿਚ ਖਾਲੀ ਕੀਤਾ ਜਾ ਰਿਹਾ ਸੀ। ਜਦਕਿ ਝੋਨੇ ਦੀਆਂ ਇੰਨੀਆਂ ਹੀ ਬੋਰੀਆਂ ਨਾਲ ਭਰਿਆ ਇਕ ਹੋਰ ਟਰੱਕ ਮਿੱਲ ਦੇ ਗੇਟ ਦੇ ਬਾਹਰ ਖੜ੍ਹਾ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਝੋਨਾ ਬਿਹਾਰ ਤੋਂ ਖਰੀਦ ਕੇ ਸਥਾਨਕ ਮੰਡੀਆਂ ਵਿਚ ਗੈਰ-ਕਾਨੂੰਨੀ ਢੰਗ ਨਾਲ ਐੱਮ.ਐੱਸ.ਪੀ. 'ਤੇ ਵੇਚਣ ਲਈ ਲਿਆਂਦਾ ਗਿਆ ਸੀ। ਫੜੇ ਜਾਣ ਦੇ ਡਰੋਂ ਮਿੱਲ ਦੇ ਬਾਹਰ ਖੜ੍ਹੇ ਟਰੱਕ ਦੇ ਡਰਾਇਵਰ ਨੇ ਟਰੱਕ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਇਕ ਪੈਟਰੋਲ ਪੰਪ 'ਤੇ ਘੇਰ ਲਿਆ ਗਿਆ ਜਿੱਥੇ ਝੋਨੇ ਨਾਲ ਭਰੇ 3 ਹੋਰ ਟਰੱਕ ਖੜ੍ਹੇ ਸਨ ਜਿਨ੍ਹਾਂ ਨੇ ਝੋਨਾ ਲਾਹੁਣ ਲਈ ਉਕਤ ਮਿੱਲ ਵਿਚ ਹੀ ਜਾਣਾ ਸੀ।

ਮੰਤਰੀ ਨੇ ਦੱਸਿਆ ਕਿ ਵਿਭਾਗ ਬਾਹਰਲੇ ਸੂਬਿਆਂ ਤੋਂ ਗੈਰ-ਕਾਨੂੰਨੀ ਢੰਗ ਨਾਲ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿਚ ਐੱਮ.ਐੱਸ.ਪੀ. 'ਤੇ ਵੇਚਣ ਦੀਆਂ ਕੋਸ਼ਿਸ਼ਾਂ 'ਤੇ ਤਿੱਖੀ ਨਜ਼ਰ ਰੱਖ ਰਿਹਾ ਹੈ ਕਿਉਂਕਿ ਜੋ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਵੱਡਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਦੋ ਦਿਨਾਂ 'ਚ ਲਗਾਤਾਰ 2 ਬਰਾਮਦਗੀਆਂ ਤੋਂ ਇਸ ਗੈਰ-ਕਾਨੂੰਨੀ ਕਾਰਵਾਈ ਨੂੰ ਰੋਕਣ ਦੀਆਂ ਕੀਤੀਆਂ ਜਾ ਰਹੀਆਂ ਸੰਜੀਦਾ ਕੋਸ਼ਿਸ਼ਾਂ ਬਾਰੇ ਪਤਾ ਲੱਗਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਗੈਰ-ਕਾਨੂੰਨੀ ਕਾਰਵਾਈ ਸਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਮਿੱਲ ਮਾਲਕ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।


Gurminder Singh

Content Editor

Related News