ਪਵਿੱਤਰ ਕਾਲੀ ਵੇਈਂ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਾਰਜ ਅੰਤਿਮ ਛੋਹਾਂ ''ਤੇ

Thursday, Jun 21, 2018 - 12:42 PM (IST)

ਪਵਿੱਤਰ ਕਾਲੀ ਵੇਈਂ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਾਰਜ ਅੰਤਿਮ ਛੋਹਾਂ ''ਤੇ

ਸੁਲਤਾਨਪੁਰ ਲੋਧੀ (ਅਸ਼ਵਨੀ)— ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪਵਿੱਤਰ ਕਾਲੀ ਵੇਈਂ ਕੰਢੇ ਉਸਾਰੇ ਜਾ ਰਹੇ ਅਸ਼ਟ ਭੁਜਾ ਵਾਲੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਾਰਜ ਅੰਤਿਮ ਛੋਹਾਂ 'ਤੇ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਉਘੇ ਵਾਤਾਵਰਣ ਪ੍ਰੇਮੀ ਅਤੇ ਕਾਰ ਸੇਵਕ ਕਾਲੀ ਵੇਈਂ ਪਦਮਸ਼੍ਰੀ ਸੰਤ ਬਲਵੀਰ ਸਿੰਘ ਸੀਚੇਵਾਲ ਗੁਰੂਘਰ ਨੂੰ ਸੰਗਤਾਂ ਨੂੰ ਸਮਰਪਿਤ ਕਰਨਗੇ।
ਖਾਸ ਗੱਲ ਇਹ ਹੈ ਕਿ ਸੰਤ ਸੀਚੇਵਾਲ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਤੇ ਪਸਾਰ ਵਾਸਤੇ ਦਰਬਾਰ ਹਾਲ ਹੇਠਾਂ ਮਿਊਜ਼ੀਅਮ ਤਿਆਰ ਕੀਤਾ ਜਾ ਰਿਹਾ ਹੈ, ਜਿਸ ਅੰਦਰ 10 ਗੁਰੂਆਂ, ਭਗਤਾਂ ਆਦਿ ਦੇ ਇਤਿਹਾਸ ਨਾਲ ਸਬੰਧਤ ਜਾਣਕਾਰੀ ਤੋਂ ਇਲਾਵਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ਾਂ ਨਾਲ ਸ਼ਰਧਾਲੂਆਂ ਨੂੰ ਜੋੜਨ ਲਈ ਆਧੂਨਿਕ ਤਕਨੀਕ ਦਾ ਇਸਤੇਮਾਲ ਕੀਤਾ ਜਾਵੇਗਾ।
ਗੁਰੂਆਂ ਦੇ ਪ੍ਰਚਾਰ ਸਬੰਧੀ ਡਿਜੀਟਲ ਜਾਣਕਾਰੀ ਪੰਜਾਬੀ ਭਾਸ਼ਾ ਤੋਂ ਇਲਾਵਾ ਅੰਗਰੇਜ਼ੀ ਤੇ ਹੋਰ ਡਿਜੀਟਲ ਭਾਸ਼ਾਵਾਂ ਰਾਹੀਂ ਸੰਗਤਾਂ ਤੱਕ ਪਹੁੰਚਾਉਣ ਵਾਸਤੇ ਡਿਜੀਟਲ ਤਕਨੀਕ ਨੂੰ ਅਪਣਾਏ ਜਾਣ 'ਤੇ ਵੀ ਧਿਆਨ ਫੋਕਸ ਕੀਤਾ ਜਾ ਰਿਹਾ ਹੈ, ਜਿਸ ਸਦਕਾ ਇਹ ਮਿਊਜ਼ੀਅਮ 550 ਸਾਲਾ ਗੁਰਪੁਰਬ ਦੇ ਮੌਕੇ ਸੁਲਤਾਨਪੁਰ ਲੋਧੀ ਪੁੱਜਣ ਵਾਲੀ ਸੰਗਤ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗਾ। ਭਵਨ ਨਿਰਮਾਣ ਕਲਾ ਦੇ ਆਪਣੇ ਆਪ ਵਿਚ ਅਨੋਖੇ ਇਸ ਮਿਊਜ਼ੀਅਮ ਦਾ 80 ਬਾਈ 80 ਫੁੱਟ ਦਾ ਹਾਲ ਮੁਕੰਮਲ ਤੌਰ 'ਤੇ ਹਰ ਤਰ੍ਹਾਂ ਦੇ ਮੌਸਮ ਦੇ ਅਨੁਕੂਲ ਹੋਵੇਗਾ, ਜਿੱਥੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸੰਗਤਾਂ ਦੇ ਠਹਿਰਨ ਦੇ ਪ੍ਰਬੰਧਾਂ ਬਾਰੇ ਵੀ ਵਿਸ਼ੇਸ਼ ਯੋਜਨਾ ਸੰਤ ਸੀਚੇਵਾਲ ਵੱਲੋਂ ਤਿਆਰ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੰਤ ਸੀਚੇਵਾਲ ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਠਹਿਰਨ ਲਈ ਵੇਈਂ ਕੰਢੇ ਨਿਰਮਲ ਕੁਟੀਆ ਦੇ ਗੁਰੂਘਰ ਨੇੜੇ ਸਰਾਵਾਂ ਦੇ ਨਿਰਮਾਣ ਸੰਬਧੀ ਯੋਜਨਾ ਤਿਆਰ ਕਰ ਰਹੇ ਹਨ।
ਮੌਜੂਦਾ ਦੌਰ 'ਚ ਗੁਰੂਘਰ ਦੇ ਪੰਜ ਗੁੰਬਦਾਂ ਦੀ ਤਿਆਰੀ ਕੀਤੀ ਜਾ ਰਹੀ ਹੈ। 20 ਮਈ 2017 ਨੂੰ ਅਰਦਾਸ ਤੋਂ ਬਾਅਦ ਸ਼ੁਰੂ ਹੋਈ ਮਿਊਜ਼ੀਅਮ ਅਤੇ ਗੁਰੂਘਰ ਨਿਰਮਾਣ ਦੀ ਕਾਰ ਸੇਵਾ 'ਚ ਪਵਿੱਤਰ ਕਾਲੀ ਵੇਈਂ ਦੇ ਕਾਰ ਸੇਵਕਾਂ ਦਾ ਮਹੱਤਵਪੂਰਨ ਯੋਗਦਾਨ ਹੈ। ਜਿਹੜੇ ਇਸ ਕਾਰਜ ਨੂੰ ਪੂਰਾ ਕਰਨ ਵਾਸਤੇ ਦਿਨ-ਰਾਤ ਮਿਹਨਤ ਕਰਦੇ ਨਜ਼ਰ ਆ ਰਹੇ ਹਨ।
ਗੁਰੂਘਰ ਦੀ ਕਾਰ ਸੇਵਾ ਦੇ ਕਾਰਜਾਂ ਨੂੰ ਦੇਖਣ ਵਾਸਤੇ ਸੰਤ ਸੁੱਖਾ ਸਿੰਘ ਕਾਰ ਸੇਵਾ ਭੂਰੀ ਵਾਲੇ, ਸੰਤ ਦਾਇਆ ਸਿੰਘ ਟਾਹਲੀ ਸਾਹਿਬ ਵਾਲੇ, ਸੰਤ ਪਾਲ ਸਿੰਘ, ਸੰਤ ਅਮਰੀਕ ਸਿੰਘ ਆਦਿ ਸੰਤ ਮਹਾਪੁਰਸ਼ ਪਵਿੱਤਰ ਕਾਲੀ ਵੇਈਂ ਦਾ ਦੌਰਾ ਕਰ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਅੰਤਰਰਾਸ਼ਟਰੀ ਪੱਧਰ 'ਤੇ ਮਨਾਉਣ ਵਾਸਤੇ ਸਾਂਝੇ ਉਪਰਾਲੇ ਕੀਤੇ ਜਾਣ ਸਬੰਧੀ ਸਹਿਮਤੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੰਤਾਂ-ਮਹਾਪੁਰਸ਼ਾਂ ਦਾ ਇਹ ਸੰਗਮ ਉਸ ਨਾਨਕ ਨਾਮ ਲੇਵਾ ਸੰਗਤਾਂ ਵਾਸਤੇ ਆਸ਼ਾ ਵਾਲਾ ਸਿੱਧ ਹੋਵੇਗਾ, ਜਿਨ੍ਹਾਂ ਦੇ ਮਨਾਂ ਅੰਦਰ ਇਸ ਸ਼ਤਾਬਦੀ ਦਿਹਾੜੇ ਨੂੰ ਲੈ ਕੇ ਅਨੇਕਾਂ ਰੀਝਾਂ ਤੇ ਉਮੀਦਾਂ ਹਨ। ਖਾਸ ਕਰ ਕੇ ਉਨ੍ਹਾਂ ਸ਼ਰਧਾਲੂਆਂ ਦੇ ਮਨਾਂ ਅੰਦਰ ਬਹੁਤ ਸਾਰੇ ਸਵਾਲ ਤੇ ਉਮੀਦਾਂ ਹਨ ਜਿਹੜੇ ਬਿਹਾਰ 'ਚ ਉਥੋਂ ਦੀ ਨਿਤੀਸ਼ ਸਰਕਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਤਾਬਦੀ ਦਿਹਾੜੇ ਮੌਕੇ ਕੀਤੇ ਪ੍ਰਬੰਧਾਂ ਦਾ ਆਨੰਦ ਮਾਣ ਚੁੱਕੇ ਹਨ।


Related News