ਪਟਵਾਰ ਯੂਨੀਅਨ ਵੱਲੋਂ ਕੰਮ ਬੰਦ ਕਰਨ ਦਾ ਐਲਾਨ

Saturday, Nov 25, 2017 - 10:29 AM (IST)

ਪਟਵਾਰ ਯੂਨੀਅਨ ਵੱਲੋਂ ਕੰਮ ਬੰਦ ਕਰਨ ਦਾ ਐਲਾਨ


ਫ਼ਰੀਦਕੋਟ (ਹਾਲੀ) - ਦਿ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਦੀ ਮੀਟਿੰਗ ਕੇਂਦਰੀ ਪਟਵਾਰਖਾਨਾ ਵਿਖੇ ਗੁਰਿੰਦਰਜੀਤ ਸਿੰਘ ਤਹਿ. ਪ੍ਰਧਾਨ ਫਰੀਦਕੋਟ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ 'ਚ ਸਰਬਸੰਮਤੀ ਨਾਲ ਮਤਾ ਪਾਸ ਹੋਇਆ ਕਿ ਪੰਜਾਬ ਬਾਡੀ/ਜ਼ਿਲਾ ਬਾਡੀ ਦੇ ਹੁਕਮ ਮੁਤਾਬਕ ਜੇਕਰ ਲੁਧਿਆਣਾ ਦੇ ਪ੍ਰਸ਼ਾਸਨ ਵੱਲੋਂ ਪਿੰਡ ਗਿੱਲ-2 ਵਿਖੇ 13 ਨਵੰਬਰ 2017 ਨੂੰ ਪਟਵਾਰਖਾਨੇ 'ਚ ਸਿਮਰਜੀਤ ਸਿੰਘ ਬੈਂਸ ਵਿਧਾਇਕ ਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਗਈ ਹੁੱਲੜਬਾਜ਼ੀ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਤਹਿਸੀਲ ਫਰੀਦਕੋਟ ਦੇ ਸਮੂਹ ਪਟਵਾਰੀ 27 ਨਵੰਬਰ ਤੋਂ ਵਾਧੂ ਪਟਵਾਰ ਹਲਕਿਆਂ ਦਾ ਕੰਮ ਛੱਡਣ ਲਈ ਮਜਬੂਰ ਹੋਣਗੇ। ਇਹ ਵਾਧੂ ਪਟਵਾਰ ਹਲਕਿਆਂ ਦਾ ਕੰਮ ਰੋਸ ਵਜੋਂ ਬੰਦ ਕੀਤਾ ਜਾਵੇਗਾ। ਜੇਕਰ ਪਟਵਾਰ ਯੂਨੀਅਨ ਨੂੰ ਇਨਸਾਫ ਨਾ ਮਿਲਿਆ ਤਾਂ ਹਰ ਪੰਜਾਬ ਬਾਡੀ/ਜ਼ਿਲਾ ਬਾਡੀ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਬਾਰੇ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਲੁਧਿਆਣਾ ਦੀ ਹੋਵੇਗੀ।  ਮੀਟਿੰਗ ਵਿਚ ਜ਼ਿਲਾ ਪ੍ਰਧਾਨ ਹਰਿੰਦਰਪਾਲ ਸਿੰਘ ਬਰਾੜ, ਮੀਤ ਪ੍ਰਧਾਨ ਪੰਜਾਬ ਜਗਦੀਸ਼ ਕੁਮਾਰ, ਜਨਰਲ ਸਕੱਤਰ ਬਿੱਕਰ ਸਿੰਘ, ਖਜ਼ਾਨਚੀ ਜਗਮੇਲ ਸਿੰਘ, ਮਿਲਖਜੀਤ ਸਿੰਘ ਮੀਤ ਪ੍ਰਧਾਨ, ਜਸਵਿੰਦਰ ਸਿੰਘ, ਵਿਰਸਾ ਸਿੰਘ ਖਜ਼ਾਨਚੀ, ਬਲਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਹੋਰ ਪਟਵਾਰੀਆਂ ਨੇ ਭਾਗ ਲਿਆ।
ਗਿੱਦੜਬਾਹਾ, (ਕੁਲਭੂਸ਼ਨ)- ਦਿ ਰੈਵੀਨਿਊ ਪਟਵਾਰ ਯੂਨੀਅਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਜ਼ਿਲਾ ਪ੍ਰਧਾਨ ਗੁਰਜੰਟ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਪੰਜਾਬ ਬਾਡੀ ਦੇ ਮਤਾ ਨੰਬਰ 271, ਮਿਤੀ 18-11-2017 ਦੇ ਹੁਕਮ ਮੁਤਾਬਕ ਪਿਛਲੇ ਦਿਨੀਂ ਗਿੱਲ-2 ਮਿਤੀ 13-09-2017 ਨੂੰ ਪਟਵਾਰਖਾਨੇ 'ਚ ਸਿਮਰਜੀਤ ਸਿੰਘ ਵਿਧਾਇਕ ਹਲਕਾ ਆਤਮ ਨਗਰ ਲੁਧਿਆਣਾ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਹੁੱਲੜਬਾਜ਼ੀ ਵਿਰੁੱਧ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ ਨੂੰ ਯੂਨੀਅਨ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ ਹੈ।  ਇਸ ਮੌਕੇ ਸੁਰਜੀਤ ਸਿੰਘ ਉੱਪਲ ਜਨਰਲ ਸਕੱਤਰ, ਕ੍ਰਿਸ਼ਨ ਸਿੰਘ ਤਹਿਸੀਲ ਪ੍ਰਧਾਨ ਮਲੋਟ, ਸੋਮਪਾਲ ਉਪਲ ਤਹਿਸੀਲ ਪ੍ਰਧਾਨ ਗਿੱਦੜਬਾਹਾ, ਭਾਨਚੰਦ ਸਕੱਤਰ, ਰੁਸਤਮ ਪਟਵਾਰੀ, ਰਛਪਾਲ ਸਿੰਘ ਪਟਵਾਰੀ ਅਤੇ ਮੰਦਰ ਸਿੰਘ ਪਟਵਾਰੀ ਵੀ ਹਾਜ਼ਰ ਸਨ।


Related News