ਪਟਨਾ ਸਾਹਿਬ ਦੀ ਹਰ ਗਲੀ 'ਚ ਮੁਹੱਬਤ ਅਤੇ ਸਾਂਝੀਵਾਲਤਾ ਦੀ ਖੁਸ਼ਬੋ

01/04/2020 11:20:55 AM

ਜਲੰਧਰ/ਪਟਨਾ ਸਾਹਿਬ (ਹਰਪ੍ਰੀਤ ਸਿੰਘ ਕਾਹਲੋਂ, ਸੰਦੀਪ ਸਿੰਘ) - ਗੁਰਦੁਆਰਾ ਬਾਲ ਲੀਲਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 353ਵੇਂ ਪ੍ਰਕਾਸ਼ ਪੁਰਬ ਸਬੰਧੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਪ੍ਰਕਾਸ਼ ਪੁਰਬ ਤੋਂ ਅਗਲੇ ਦਿਨ ਵੀ ਪਟਨਾ ਸਾਹਿਬ ਦੀਆਂ ਗਲੀਆਂ 'ਚ ਰੌਣਕਾਂ ਜਿਉਂ ਦੀਆਂ ਤਿਉਂ ਬਰਕਰਾਰ ਹਨ। ਗੁਰਪੁਰਬ ਮੌਕੇ ਪਹੁੰਚੀਆਂ ਸੰਗਤਾਂ ਪਟਨਾ ਸਾਹਿਬ ਤੋਂ ਬੇਸ਼ੱਕ ਵਾਪਸੀ ਕਰ ਰਹੀਆਂ ਹਨ ਪਰ ਦਿਲਾਂ 'ਚ ਮੁੜ ਆਉਣ ਦਾ ਇਰਾਦਾ ਪੱਕਾ ਹੈ। ਅੰਮ੍ਰਿਤਸਰ ਤੋਂ ਗੁਰਮੇਲ ਸਿੰਘ ਆਪਣੇ ਜਜ਼ਬਾਤ ਸਾਂਝੇ ਕਰਦੇ ਕਹਿੰਦੇ ਹਨ ਕਿ ਗੁਰਾਂ ਦੀ ਨਗਰੀ 'ਚ ਆਉਣ ਦੀ ਅਜਬ ਖੁਸ਼ੀ ਹੈ। ਉਨ੍ਹਾਂ ਮੁਤਾਬਕ ਉਹ ਹਰ ਸਾਲ ਆਉਂਦੇ ਹਨ। ਉਨ੍ਹਾਂ ਨੂੰ ਪਟਨਾ ਸਾਹਿਬ ਵਿਖੇ ਸਾਰੇ ਕੀਤੇ ਗਏ ਬੰਦੋਬਸਤ ਬਹੁਤ ਵਧੀਆ ਲੱਗੇ।
PunjabKesari
ਗੁਰਦੁਆਰਾ ਬਾਲ ਲੀਲਾ ਵਿਖੇ ਪ੍ਰਕਾਸ਼ ਪੁਰਬ ਮੌਕੇ ਸਮਾਗਮ ਵਿਚ ਵੱਖ-ਵੱਖ ਧਾਰਮਿਕ, ਰਾਜਨੀਤਿਕ, ਸਿੱਖ ਪੰਥ ਦੇ ਵਿਦਵਾਨਾਂ, ਨਾਮਵਰ ਕਵੀ ਸੱਜਣਾਂ, ਗੁਣੀ ਗਿਆਨੀ ਸੰਤਾਂ, ਮਹੰਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਏ ਮਸਕੀਨ ਨੇ ਆਪਣੇ ਸੰਬੋਧਨ ਵਿਚ ਕਿਹਾ ਜੇ ਅੱਜ ਹਿੰਦੁਸਤਾਨ ਵਿਚ ਵੱਖ-ਵੱਖ ਧਰਮਾਂ ਦਾ ਸਤਿਕਾਰ, ਉਨ੍ਹਾਂ ਦਾ ਸੱਭਿਆਚਾਰ, ਭਾਸ਼ਾਵਾਂ ਤੇ ਸਮਾਜਿਕ ਸਰੋਕਾਰ ਕਾਇਮ ਹਨ ਤਾਂ ਇਹ ਕੇਵਲ ਗੁਰੂ ਗੋਬਿੰਦ ਸਿੰਘ ਜੀ ਦੀਆਂ ਮਹਾਨ ਕੁਰਬਾਨੀਆਂ ਸਦਕਾ ਹੈ। ਉਨ੍ਹਾਂ ਕਿਹਾ ਕਿ ਸੰਸਾਰ ਵਿਚ ਭਾਵੇਂ ਕੋਈ ਕਿੰਨਾ ਵੀ ਵੱਡਾ ਦਾਨੀ ਕਿਉਂ ਨਾ ਹੋਵੇ ਪਰ ਸਰਬੰਸਦਾਨੀ ਕੇਵਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਜਾਂਦਾ ਹੈ। ਅਜਿਹੀ ਸ਼ਾਨਾਮੱਤੀ ਅਤੇ ਵਿਲੱਖਣ ਗਾਥਾ ਵੀ ਸਿੱਖ ਕੌਮ ਦੇ ਹਿੱਸੇ ਆਈ ਹੈ। ਉਨ੍ਹਾਂ ਕਿਹਾ ਕਿ ਖਾਲਸੇ ਦੀ ਸਾਜਣਾ ਦਾ ਵੀ ਮਾਣਮੱਤਾ ਇਤਿਹਾਸ ਹੈ ਜਿਸਨੇ ਹੱਕ, ਸੱਚ, ਧਰਮ ਅਤੇ ਇਨਸਾਫ ਲਈ ਕੁਰਬਾਨੀਆਂ ਦੀ ਜਾਂਚ ਸਿਖਾਈ ਹੈ ਅਤੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਵਰਗੇ ਵਿਲੱਖਣ ਸਿਧਾਂਤ ਦੇ ਨਾਲ ਉੱਚੀ-ਸੁੱਚੀ ਗੁਰਮਤਿ ਜੀਵਨ ਜੁਗਤਿ ਦੀ ਪ੍ਰੇਰਣਾ ਕੀਤੀ ਹੈ।
PunjabKesari
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰੂ ਸਾਹਿਬ ਵਲੋਂ ਸਿੱਖ ਧਰਮ ਦੇ ਸਿਧਾਂਤਾਂ ਨੂੰ ਸਮੁੱਚੇ ਸੰਸਾਰ ਵਿਚ ਪ੍ਰਚਾਰਨ ਦੀ ਲੋੜ 'ਤੇ ਜ਼ੋਰ ਦਿੱਤਾ। ਤਖਤ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਵੱਲੋਂ ਸਥਾਪਤ ਸਿੱਖ ਧਰਮ ਦਾ ਸੇਵਾ, ਸਿਮਰਨ ਤੇ ਨਿਮਰਤਾ ਤੋਂ ਸ਼ਹਾਦਤਾਂ ਤਕ ਦੀ ਲੰਮੀ ਦਾਸਤਾਨ ਹੈ ਜੋ ਸਾਡੇ ਸਿੱਖੀ ਸਰੂਪ ਦੀ ਮੂੰਹ ਬੋਲਦੀ ਤਸਵੀਰ ਹੈ। ਇਸ ਮੌਕੇ ਸਾਬਕਾ ਸੰਸਦ ਮੈਂਬਰ ਤੇ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਗੁਰਦੁਆਰਾ ਕੇਵਲ ਪੂਜਾ ਦਾ ਸਥਾਨ ਨਹੀਂ ਬਲਕਿ ਇਹ ਲੋੜਵੰਦਾਂ ਲਈ ਭੋਜਨ ਤੋਂ ਇਲਾਵਾ ਗਿਆਨ ਦਾ ਕੇਂਦਰ ਤੇ ਸਮਾਜਕ ਬੁਰਾਈਆਂ ਬਾਰੇ ਜਾਗਰੂਕ ਕਰਨ ਵਾਲੀ ਵੱਡੀ ਸੰਸਥਾ ਹੈ। ਉਨ੍ਹਾਂ ਕਿਹਾ ਕਿ ਸੰਤ ਕਸ਼ਮੀਰ ਸਿੰਘ ਭੂਰੀਵਾਲਿਆਂ ਵੱਲੋਂ ਕਾਰ ਸੇਵਾ ਦੇ ਕਾਰਜਾਂ ਵਿਚ ਵੱਡਾ ਨਾਮ ਕਮਾਇਆ ਹੈ ਅਤੇ ਦੇਸ਼ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿਚ ਪਟਨਾ ਸਾਹਿਬ ਪੁੱਜਣ ਵਾਲੀਆਂ ਸੰਗਤਾਂ ਲਈ ਗੁਰਦੁਆਰਾ ਬਾਲ ਲੀਲਾ ਵਿਖੇ ਕੀਤੇ ਸ਼ਾਨਦਾਰ ਰਿਹਾਇਸ਼ ਅਤੇ ਵਿਸ਼ਾਲ ਲੰਗਰ ਦੇ ਪ੍ਰਬੰਧ ਉਨ੍ਹਾਂ ਦੀ ਸੇਵਾ ਦੀ ਮੂੰਹ ਬੋਲਦੀ ਤਸਵੀਰ ਹੈ।
PunjabKesari
ਸਿੱਖ ਪੰਥ ਦੀਆਂ ਨਾਮਵਰ ਸ਼ਖਸੀਅਤਾਂ ਨੇ ਵੀ ਇਸ ਮੌਕੇ ਹਾਜ਼ਰੀ ਭਰੀ। ਬਾਬਾ ਅਮਰੀਕ ਸਿੰਘ ਵੈਦ ਅੰਮ੍ਰਿਤਸਰ ਵਾਲੇ, ਬਾਬਾ ਮੋਹਿੰਦਰ ਸਿੰਘ ਨਿਸ਼ਕਾਮ ਸੇਵਾ ਯੂਕੇ ਵੀ ਉਚੇਚੇ ਤੌਰ 'ਤੇ ਪਹੁੰਚੇ। ਜ਼ਿਲੇ ਨਾਲੰਦਾ ਦੇ ਰਾਜਗੀਰ 'ਚ ਗੁਰਦੁਆਰਾ ਸ਼ੀਤਲਕੁੰਢ ਸਾਹਿਬ ਦੀ ਸੇਵਾ ਨਿਸ਼ਕਾਮ ਸੇਵਾ ਯੂਕੇ ਵੱਲੋਂ ਹੀ ਨਿਭਾਈ ਜਾ ਰਹੀ ਹੈ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਨੇ ਇਸ ਮੌਕੇ ਗੁਰੂ ਦਾ ਲੰਗਰ ਛੱਕਿਆ। ਉਨ੍ਹਾਂ ਨਾਲ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੀ ਹਾਜ਼ਰ ਹੋਏ। ਇਸ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਮਹੰਤ ਸ਼ਾਮ ਸੁੰਦਰ ਸਿੰਘ ਮਿਰਜ਼ਾਪੁਰ, ਮਹੰਤ ਕਰਮਜੀਤ ਸਿੰਘ ਸੇਵਾਪੰਥੀ, ਭਾਈ ਸੁਖਜੀਤ ਸਿੰਘ ਘਨੱਈਆ, ਗਿਆਨੀ ਸੁਖਦੇਵ ਸਿੰਘ ਤੇ ਗਿਆਨੀ ਦਲਜੀਤ ਸਿੰਘ ਕਥਾਵਾਚਕ ਤਖਤ ਸ੍ਰੀ ਪਟਨਾ ਸਾਹਿਬ, ਸ. ਬਲਬੀਰ ਸਿੰਘ ਭਾਗੋਵਾਲੀਆ ਤੇ ਸ. ਬਲਜੀਤ ਸਿੰਘ ਚੰਡੀਗੜ੍ਹ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ।

ਸਾਂਝੀਵਾਲਤਾ ਦੇ ਵਾਰਸ 'ਮੁਹੰਮਦ ਸ਼ਾਕਿਬ ਅਖ਼ਤਰ' ਅਤੇ 'ਮੁਹੰਮਦ ਫਈਆਜ਼'

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਨਾਲ ਖ਼ਵਾਜ਼ਾ ਅੰਬਰ ਸ਼ਾਹ ਮਸੀਤ ਹੈ। 400 ਸਾਲ ਪੁਰਾਣੀ ਇਹ ਮਸੀਤ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਦੀ ਹੈ। ਇਸ ਨੂੰ ਹਾਜਾ ਅਮਰ ਦੀ ਮਸੀਤ ਵੀ ਕਹਿੰਦੇ ਹਨ ਅਤੇ ਇਹ ‘ਆਰਕਿਊਲੋਜੀਕਲ ਸਰਵੇ ਆਫ ਇੰਡੀਆ’ ਤਹਿਤ ਰਾਸ਼ਟਰੀ ਵਿਰਾਸਤ ਵੀ ਹੈ। ਇੱਥੇ ਬੀ. ਐੱਸ. ਦਾ ਵਿਦਿਆਰਥੀ ਮੁਹੰਮਦ ਸ਼ਾਕਿਬ ਅਖ਼ਤਰ ਮਿਲ ਗਿਆ। ਸ਼ਾਕਿਬ ਕੁਰਾਨ ਦੀ ਸੂਰਾਹ ਯਾਸੀਨ ਪੜ੍ਹ ਰਿਹਾ ਸੀ। ਉਸ ਦੇ ਸਾਥੀ ਮੁਹੰਮਦ ਫਈਆਜ਼ ਨੇ ਸਾਨੂੰ ਮਸੀਤ ਅੰਦਰ ਆਉਣ ਦਾ ਨਿਓਤਾ ਦਿੱਤਾ। ਸ਼ਾਕਿਬ ਦੇ ਪਿਤਾ ਮੁਹੰਮਦ ਅਖ਼ਤਰ ਹੁਸੈਨ ਦੀ ਬੈਗਾਂ ਦੀ ਦੁਕਾਨ ਹੈ। ਇਹ ਦੁਕਾਨ ਹਰੀ ਗਲੀ ’ਚ ਦਰਸ਼ਨੀ ਡਿਓੜੀ ਨਾਲ ਮਸੀਤ ਦੇ ਮੱਥੇ ’ਤੇ ਹੀ ਹੈ। ਸ਼ਾਕਿਬ ਦੱਸਦਾ ਹੈ ਕਿ ਉਨ੍ਹਾਂ ਦੇ ਪਿਤਾ ਤੋਂ ਹੀ ਉਨ੍ਹਾਂ ਨੂੰ ਪਤਾ ਚੱਲਿਆ ਸੀ ਕਿ ਇੱਥੇ ਪੀਰ ਭੀਖਣ ਸ਼ਾਹ ਆਏ ਸਨ। ਸ਼ਾਕਿਬ ਸਿੱਖਾਂ ਦੀ ਮੁਸਲਮਾਨਾਂ ਨਾਲ ਸਾਂਝ ਬਾਰੇ ਬਹੁਤ ਉਮੀਦ ਨਾਲ ਗੱਲਾਂ ਸੁਣਾਉਂਦਾ ਰਿਹਾ। ਜੁੰਮੇ ਦੀ ਨਮਾਜ਼ ਵੱਡੀ ਸ਼ਾਹੀ ਜਾਮਾ ਮਸੀਤ ਵਿੱਚ ਹੁੰਦੀ ਹੈ। ਇਸ ਕਰ ਕੇ ਖ਼ਵਾਜ਼ਾ ਅੰਬਰ ਸ਼ਾਹ ਮਸੀਤ ’ਚ ਬਹੁਤਾ ਇਕੱਠ ਨਹੀਂ ਸੀ।PunjabKesariਸ਼ਾਕਿਬ ਸੂਰਾਹ ਯਾਸੀਨ 'ਚ ਲਿਖੇ ਬਾਰੇ ਦੱਸਦਾ ਹੈ ਕਿ ਇਸ ’ਚ ਅੱਲ੍ਹਾ ਨੇ ਸਾਨੂੰ ਦੱਸਿਆ ਕਿ ਜ਼ਿੰਦਗੀ ਰੱਬ ਦੀ ਦਿੱਤੀ ਕਿੰਨੀ ਵੱਡੀ ਦਾਤ ਹੈ ਅਤੇ ਅਸੀਂ ਇਸ ਨੂੰ ਕਿਵੇਂ ਗੁਜ਼ਾਰਨਾ ਹੈ। ਫਈਆਜ਼ ਦੱਸਦਾ ਹੈ ਕਿ ਉਨ੍ਹਾਂ ਦੇ ਪੁਰਖੇ ਲੰਮੇ ਸਮੇਂ ਤੋਂ ਹਰੀ ਗਲੀ ’ਚ ਰਹਿੰਦੇ ਆਏ ਹਨ। ਉਸ ਮੁਤਾਬਕ ਹਰ ਪ੍ਰਕਾਸ਼ ਪੁਰਬ ਮੌਕੇ ਸ਼ਾਕਿਬ ਉਹ ਅਤੇ ਹੋਰ ਮਿੱਤਰ ਭੀੜ ਦੌਰਾਨ ਸੰਗਤਾਂ ਨੂੰ ਕਤਾਰ ’ਚ ਲਿਆਉਣ ਦੀ ਸੇਵਾ ਕਰਦੇ ਹਨ। ਸ਼ਾਕਿਬ ਦੱਸਦਾ ਹੈ ਕਿ ਹਰ ਸਾਲ ਉਹ ਬੜੇ ਚਾਅ ਨਾਲ ਗੁਰਦੁਆਰਾ ਸਾਹਿਬ ’ਚ ਸੇਵਾ ਕਰਦੇ ਹਨ। ਇੰਡੀਅਨ ਆਈਡਲ ਦਾ ਪਟਨਾ ਸਾਹਿਬ ਤੋਂ ਫਾਈਨਲਿਸਟ ਦਵਿੰਦਰ ਪਾਲ ਸ਼ਾਕਿਬ ਦਾ ਦੋਸਤ ਹੈ। ਸ਼ਾਕਿਬ ਅਜਿਹੀਆਂ ਬਹੁਤ ਸਾਰੀਆਂ ਕਥਾਵਾਂ ਸੁਣਾਉਂਦਾ ਰਿਹਾ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਪਟਨਾ ਸਾਹਿਬ ਦੀਆਂ ਹਨ।PunjabKesariਮੁਹੰਮਦ ਸ਼ਾਕਿਬ ਅਖ਼ਤਰ ਗ੍ਰੈਜੂਏਸ਼ਨ ਤੋਂ ਬਾਅਦ ਏਵੀਏਸ਼ਨ ਵਿਚ ਜਾਣਾ ਚਾਹੁੰਦਾ ਹੈ। ਉਸ ਦਾ ਦੂਜਾ ਮਿੱਤਰ ਫਈਆਜ਼ ਕਾਮਰਸ ਦੀ ਪੜ੍ਹਾਈ ਕਰ ਕੇ ਬੈਂਕਿੰਗ ਵਿਚ ਜਾਣਾ ਚਾਹੁੰਦਾ ਹੈ। ਸਾਂਝੀਵਾਲਤਾ ਦੀ ਸੇਵਾ ’ਚ ਸ਼ਾਮਲ ਇਹ ਮੁੰਡੇ ਇਸ ਦੌਰ ਦੀ ਭਰਵੀਂ ਉਮੀਦ ਹਨ। ਸ਼ਾਕਿਬ ਮੁਤਾਬਕ ਇਨ੍ਹਾਂ ਦਿਨਾਂ ’ਚ ਨਾਗਰਿਕਤਾ ਨੂੰ ਲੈ ਕੇ ਚੱਲਦੀ ਬਹਿਸ ’ਚ ਸਾਨੂੰ ਨਾ ਤਾਂ ਡਰਨ ਦੀ ਲੋੜ ਹੈ ਅਤੇ ਨਾ ਹੀ ਕਿਸੇ ਨੂੰ ਕੁਝ ਸਾਬਤ ਕਰਨ ਦੀ ਲੋੜ ਹੈ। ਸ਼ਾਕਿਬ ਆਪਣੀਆਂ ਪੰਜ ਵਕਤ ਦੀਆਂ ਨਮਾਜ਼ਾਂ ਖ਼ਵਾਜ਼ਾ ਅੰਬਰ ਸ਼ਾਹ ਮਸੀਤ 'ਚ ਕਰਦਾ ਹੈ ਅਤੇ ਉਸ ਮੁਤਾਬਕ ਧਰਮ ਬਹੁਤ ਉੱਚੀ ਅਵਸਥਾ ਹੈ ਅਤੇ ਇਹ ਇਨਸਾਨੀਅਤ ਦਾ ਬੀਜ ਹੈ ਜੋ ਗਰਕ ਹੋ ਰਹੀ ਦੁਨੀਆਂ ’ਚ ਸਦਾ ਬੰਦੇ ਅੰਦਰ ਬੰਦੇ ਨੂੰ ਸੰਭਾਲੇਗਾ।

ਇਕ ਕੁੜੀ ਦੀ ਇੱਛਾ ਪਟਨਾ ਸਾਹਿਬ ਲੈ ਆਈ
ਕੁਝ ਸੱਜਣ ਵੱਡੀ ਉਮੀਦ ਦੀ ਗੱਲ ਕਰਦੇ ਹਨ ਤਾਂ ਖੁਸ਼ੀ ਹੁੰਦੀ ਹੈ। ਕਰਮਜੀਤ ਸਿੰਘ ਆਪਣੇ ਪਰਿਵਾਰ ਨਾਲ ਛਤੀਸਗੜ੍ਹ ਤੋਂ ਆਏ ਸਨ। ਇਸ ਪਰਿਵਾਰ ਨੇ ਇਹ ਅਰਦਾਸ ਕੀਤੀ ਸੀ ਕਿ ਜੇ ਸੱਚੇ ਪਾਤਸ਼ਾਹ ਸਾਨੂੰ ਕੁੜੀ ਦੀ ਦਾਤ ਦੇਵੇ ਤਾਂ ਅਸੀਂ ਸ਼ੁਕਰਾਨਾ ਕਰਨ ਪਟਨਾ ਸਾਹਿਬ ਆ ਕੇ ਮੱਥਾ ਟੇਕਾਂਗੇ। ਕਰਮਜੀਤ ਸਿੰਘ ਆਪਣੀ ਧੀ ਅਤੇ ਪਤਨੀ ਨਾਲ ਸਾਡੇ ਫੋਟੋਗ੍ਰਾਫਰ ਸੁਰਿੰਦਰ ਨਾਰੰਗ ਤੋਂ ਚਾਈਂ ਚਾਈਂ ਫੋਟੋ ਖਿੱਚਵਾਉਂਦੇ ਹਨ। ਉਹ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਵਿਖੇ ਪਹੁੰਚੇ ਅਤੇ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
PunjabKesari
ਸੰਗਤਾਂ ਨੂੰ ਸਮਰਪਿਤ 'ਯਾਤਰੀ ਸਹੂਲਤ ਕੇਂਦਰ'
ਬਿਹਾਰ ਸਰਕਾਰ ਦੇ ਸੈਰ ਸਪਾਟਾ ਮਹਿਕਮੇ ਦੇ ਸੂਬਾ ਸੈਰ ਸਪਾਟਾ ਵਿਕਾਸ ਕਾਰਪੋਰੇਸ਼ਨ ਲਿਮਟਿਡ ਵੱਲੋਂ ਗੁਰਦੁਆਰਾ ਕੰਗਣਘਾਟ ਸਾਹਿਬ ਵਿਖੇ 28 ਕਮਰਿਆਂ ਦਾ 'ਯਾਤਰੀ ਸਹੂਲਤ ਕੇਂਦਰ' ਸੰਗਤਾਂ ਨੂੰ ਸਮਰਪਿਤ ਕੀਤਾ ਗਿਆ ਹੈ। ਇਨ੍ਹਾਂ ਕਮਰਿਆਂ ਵਿਚ ਰਹਿਣ ਦੇ ਅਤਿ-ਆਧੁਨਿਕ ਪ੍ਰਬੰਧ ਦੇ ਨਾਲ ਹਰ ਤਰ੍ਹਾਂ ਦੀ ਸਹੂਲਤ ਦਾ ਖਿਆਲ ਰੱਖਿਆ ਗਿਆ ਹੈ। ਸੈਰ-ਸਪਾਟੇ ਮਹਿਕਮੇ ਦੇ ਅਧਿਕਾਰੀ ਬੀ. ਕੇ. ਸਿੰਘ ਮੁਤਾਬਕ ਇਨ੍ਹਾਂ ਕਮਰਿਆਂ 'ਚ ਇਕੋ ਸਮੇਂ 15 ਤੋਂ 20 ਜਣੇ ਰਹਿ ਸਕਦੇ ਹਨ। ਇੰਝ ਕਈ ਵੱਡੇ ਹਾਲ ਵੀ ਇਸ ਇਮਾਰਤ ਵਿਚ ਹਨ ਜਿਨ੍ਹਾਂ 'ਚ 30 ਜਣਿਆਂ ਦੇ ਰਹਿਣ ਦਾ ਪ੍ਰਬੰਧ ਹੈ।
PunjabKesari
1 ਹਜ਼ਾਰ ਬੰਦਿਆਂ ਦੇ ਰਹਿਣ ਦੀ ਸਮਰੱਥਾ ਰੱਖਦੀ ਇਸ ਇਮਾਰਤ ਦੀ ਨੀਂਹ 350ਵੇਂ ਪ੍ਰਕਾਸ਼ ਪੁਰਬ ਵੇਲੇ 23 ਦਸੰਬਰ 2017 ਨੂੰ ਰੱਖੀ ਸੀ। ਬਿਹਾਰ ਸਰਕਾਰ ਆਉਣ ਵਾਲੇ ਸਮੇਂ 'ਚ 1 ਹਜ਼ਾਰ ਦੀ ਸਮਰੱਥਾ ਵਾਲੇ ਅਜਿਹੇ ਹੀ ਹੋਰ ਕੇਂਦਰ ਖੋਲ੍ਹਣ ਜਾ ਰਹੀ ਹੈ ਤਾਂ ਕਿ ਆਰਜ਼ੀ ਤੌਰ 'ਤੇ ਉਸਾਰੇ ਜਾ ਰਹੇ ਟੈਂਟ ਸਿਟੀ ਤੋਂ ਵੀ ਬਿਹਤਰ ਸਹੂਲਤ ਭਰਿਆ ਇੰਤਜ਼ਾਮ ਹੋ ਸਕੇ। ਇਸ ਵਾਰ ਯਾਤਰੀ ਸਹੂਲਤ ਕੇਂਦਰ 'ਚ ਰੁਕੇ ਯਾਤਰੀਆਂ ਦੀ ਜ਼ੁਬਾਨੀ ਯਾਤਰੀ ਸਹੂਲਤ ਕੇਂਦਰ ਦੇ ਪ੍ਰਬੰਧ ਬਹੁਤ ਵਧੀਆ ਸਨ। ਉਨ੍ਹਾਂ ਦੱਸਿਆ ਕਿ ਇਸ ਲਈ ਆਉਣ ਵਾਲੇ ਯਾਤਰੀ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਦਰਸ਼ਨੀ ਡਿਓੜੀ 'ਚ ਬਣੇ ਬਿਹਾਰ ਸੈਰ ਸਪਾਟਾ ਮਹਿਕਮੇ ਦੇ ਦਫਤਰ ਤੋਂ ਕਮਰਿਆਂ ਲਈ ਬੁਕਿੰਗ ਕਰ ਸਕਦੇ ਹਨ।


Baljeet Kaur

Content Editor

Related News