ਮਰੀਜ਼ਾਂ ਦੀ ਹੋ ਰਹੀ ਲੁੱਟ ਨੂੰ ਰੋਕਣ ਲਈ ਪੰਜਾਬ ਸਰਕਾਰ ਲਿਆ ਰਹੀ ਹੈ ਇਹ ਐਕਟ
Tuesday, Nov 13, 2018 - 01:19 PM (IST)
 
            
            ਸੰਗਰੂਰ— ਸੂਬੇ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਦੀ ਫੀਸ ਫੀਕਸ ਕੀਤੀ ਜਾਏਗੀ। ਨਾਲ ਹੀ ਹਸਪਤਾਲਾਂ ਵਿਚ ਹਰ ਤਰ੍ਹਾਂ ਦੀ ਜਾਣਕਾਰੀ ਨੂੰ ਡਿਸਪਲੇ ਕਰਨਾ ਹੋਵੇਗਾ। ਮਰੀਜ਼ ਕੋਈ ਵੀ ਜਾਣਕਾਰੀ ਲੈਣਾ ਚਾਹੇਗਾ ਤਾਂ ਹਸਪਤਾਲ ਨੂੰ ਦੇਣੀ ਹੀ ਪਏਗੀ। ਇਸ ਲਈ ਪੰਜਾਬ ਸਰਕਾਰ ਕਲੀਨਿਕ ਐਸਟੈਬਲਿਸ਼ਮੇਂਟ ਐਕਟ ਲੈ ਕੇ ਆ ਰਹੀ ਹੈ। ਇਸ ਦੇ ਦਾਇਰੇ ਵਿਚ ਸੂਬੇ ਦੇ ਸਾਰੇ ਪ੍ਰਾਈਵੇਟ ਹਸਪਤਾਲ ਆਉਣਗੇ। ਸੋਮਵਾਰ ਨੂੰ ਸੰਗਰੂਰ ਵਿਚ ਕੈਂਸਰ ਹਪਸਤਾਲ ਦੇ ਉਦਘਾਟਨ ਸਮਾਰੋਹ ਵਿਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਨੂੰ ਵੈਂਟੀਲੇਟਰ 'ਤੇ ਕਈ ਦਿਨ ਰੱਖਦੇ ਹਨ। ਪਰਿਵਾਰਕ ਮੈਂਬਰਾਂ ਨੂੰ ਵੀ ਉਨ੍ਹਾਂ ਨਾਲ ਮਿਲਣ ਨਹੀਂ ਦਿੱਤਾ ਜਾਂਦਾ। ਸ਼ੀਸ਼ੇ ਰਾਹੀਂ ਹੀ ਮਰੀਜ਼ ਨੂੰ ਦਿਖਾਇਆ ਜਾਂਦਾ ਹੈ। ਬਾਅਦ ਵਿਚ ਵੱਡਾ ਬਿੱਲ ਦੇ ਦਿੱਤਾ ਜਾਂਦਾ ਹੈ। ਇਸ ਐਕਟ ਦੇ ਆਉਣ ਨਾਲ ਪ੍ਰਾਈਵੇਟ ਹਸਪਤਾਲਾਂ ਵਿਚ ਮਰੀਜ਼ਾਂ ਨਾਲ ਹੋ ਰਹੀ ਲੁੱਟ ਬੰਦ ਹੋ ਜਾਏਗੀ।
ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਦੇ ਹਸਪਤਾਲਾਂ ਵਿਚ ਇਕ ਮਹੀਨੇ ਵਿਚ 588 ਡਾਕਟਰਾਂ ਦੀ ਤਾਇਨਾਤੀ ਕੀਤੀ ਜਾਵੇਗੀ। ਡਾਕਟਰਾਂ ਦੀ ਤਾਇਨਾਤੀ ਉਨ੍ਹਾਂ ਦੇ ਘਰ ਦੇ ਨੇੜਲੇ ਹਸਪਤਾਲਾਂ ਵਿਚ ਕੀਤੀ ਜਾਵੇਗੀ ਤਾਂ ਕਿ ਉਹ ਬਦਲੀ ਲਈ ਨਾ ਦੌੜਨ। 1188 ਮਲਟੀ ਹੈਲਥ ਵਰਕਰ ਅਤੇ 229 ਸਟਾਫ ਨਰਸਾਂ ਦੀ ਵੀ ਨਿਯਕੁਤੀ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਨੂੰ ਜਲਦੀ ਹੀ ਹਪਸਤਾਲਾਂ ਵਿਚ ਭੇਜ ਦਿੱਤਾ ਜਾਏਗਾ। 440 ਸਟਾਫ ਨਰਸਾਂ ਦੀ ਵੀ ਨਿਯੁਕਤੀ ਕੀਤੀ ਜਾਣ 'ਤੇ ਸਰਕਾਰ ਵਿਚਾਰ ਕਰ ਰਹੀ ਹੈ।
5 ਲੱਖ ਰੁਪਏ ਤੱਕ ਹੋਵੇਗਾ ਕੈਸ਼ਲੈੱਸ ਇਲਾਜ: 
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸੂਬੇ ਦੇ ਸਾਰੇ ਲੋਕਾਂ ਦੀ 5 ਲੱਖ ਦੀ ਇੰਸ਼ੋਰੈਂਸ ਪਾਲਿਸੀ ਲਾਗੂ ਕਰਨ ਦਾ ਪ੍ਰਸਤਾਵ ਕੈਬਨਿਟ ਵਿਚ ਪਾਸ ਕੀਤਾ ਜਾ ਚੁੱਕਾ ਹੈ। ਸਰਕਾਰ ਵਲੋਂ ਇਸ ਨੂੰ ਜਲਦੀ ਹੀ ਲਾਗੂ ਕੀਤਾ ਜਾ ਰਿਹਾ ਹੈ। ਇਸ ਨਾਲ ਲੋਕਾਂ ਦਾ 5 ਲੱਖ ਰੁਪਏ ਤੱਕ ਕੈਸ਼ਲੈੱਸ ਇਲਾਜ ਹੋਵੇਗਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            