''ਪਟਿਆਲਾ ਸੀਟ'' ਬਣੀ ਸੂਲਾਂ ਦੀ ਸੇਜ, ਵੱਡੀਆਂ ਪਾਰਟੀਆਂ ਦੇ ਛੁੱਟੇ ਪਸੀਨੇ
Friday, Mar 29, 2019 - 08:47 AM (IST)

ਪਟਿਆਲਾ : ਲੋਕ ਸਭਾ ਚੋਣਾਂ ਦੌਰਾਨ ਸ਼ਾਹੀ ਸੀਟ ਪਟਿਆਲਾ ਕਾਂਗਰਸ, ਅਕਾਲੀ ਦਲ ਅਤੇ ਆਪ ਲਈ ਸੂਲਾਂ ਦੀ ਸੇਜ ਬਣੀ ਹੋਈ ਹੈ ਕਿਉਂਕਿ ਇਸ ਸੀਟ 'ਤੇ ਜਿੱਤ ਪ੍ਰਾਪਤ ਕਰਨਾ ਕਿਸੇ ਪਾਰਟੀ ਲਈ ਸੌਖਾ ਨਹੀਂ ਹੈ। ਇਸ ਹਲਕੇ ਤੋਂ ਪ੍ਰਮੁੱਖ ਪਾਰਟੀਆਂ ਵਲੋਂ ਅਜੇ ਉਮੀਦਵਾਰਾਂ ਦਾ ਐਲਾਨ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਲਈ ਇਹ ਸੀਟ ਤਿੰਨਾਂ ਪਾਰਟੀਆਂ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਮੁੱਖ ਮੰਤਰੀ ਦੇ ਆਪਣੇ ਜ਼ਿਲੇ ਪਟਿਆਲਾ ਨੂੰ ਜਿੱਤਣਾ ਕਾਂਗਰਸ ਲਈ ਸੌਖਾ ਨਹੀਂ ਹੈ ਕਿਉਂਕਿ ਕਾਂਗਰਸ ਦੀ ਸਰਕਾਰ ਬਣਨ ਤੋਂ ਪਹਿਲਾਂ ਕੀਤੇ ਵਾਅਦਿਆਂ ਦੇ ਪੂਰਾ ਨਾ ਹੋਣ ਕਾਰਨ ਕਾਂਗਰਸ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੂਜੇ ਪਾਸੇ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਤੋਂ ਬਾਅਦ ਅਕਾਲੀ ਦਲ ਖਿਲਾਫ ਲੋਕਾਂ 'ਚ ਉਂਝ ਹੀ ਗੁੱਸਾ ਭਰਿਆ ਹੋਆ ਹੈ। ਇਸ ਹਲਕੇ 'ਚ ਭਾਰਤੀ ਜਨਤਾ ਪਾਰਟੀ ਦਾ ਵੀ ਬਹੁਤਾ ਅਸਰ ਨਹੀਂ ਹੈ ਅਤੇ ਮੋਦੀ ਦੀਆਂ ਕੁਝ ਨੀਤੀਆਂ ਦਾ ਵਿਰੋਧ ਵੀ ਹੋ ਰਿਹਾ ਹੈ। ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਸ ਹਲਕੇ ਤੋਂ ਡਾ. ਧਰਮਵੀਰ ਗਾਂਧੀ ਨੇ 'ਆਪ' ਦੀ ਲਹਿਰ ਹੋਣ ਕਾਰਨ ਜਿੱਤ ਹਾਸਲ ਕੀਤੀ ਸੀ ਪਰ ਉਨ੍ਹਾਂ ਦੇ ਬਾਗੀ ਹੋਣ ਤੋਂ ਬਾਅਦ 'ਆਪ' ਲਈ ਵੀ ਇਹ ਸੀਟ ਜਿੱਤਣੀ ਸੌਖੀ ਨਹੀਂ ਹੈ। ਆਮ ਆਦਮੀ ਪਾਰਟੀ ਨੂੰ ਇਸ ਹਲਕੇ 'ਚ ਅਜੇ ਤੱਕ ਕੋਈ ਚਿਹਰਾ ਨਹੀਂ ਮਿਲ ਸਕਿਆ ਹੈ।