ਪੰਜਾਬ ਦੀਆਂ ਜੇਲਾਂ ਦੇ ਕੈਦੀ ਹੁਣ ਚਲਾਉਣਗੇ ਪੈਟਰੋਲ ਪੰਪ

Monday, Jun 03, 2019 - 03:58 PM (IST)

ਪਟਿਆਲਾ (ਇੰਦਰਜੀਤ ਬਖਸ਼ੀ,ਬਲਜਿੰਦਰ) : ਪੰਜਾਬ ਦੀਆਂ ਜੇਲਾਂ ਦੇ ਪਲੇਠੇ ਉੱਦਮ ਵਜੋਂ ਜੇਲਾਂ ਦਾ ਬਣਿਆ ਖਾਣਾ ਆਮ ਲੋਕਾਂ ਲਈ ਮੁਹੱਈਆ ਕਰਵਾਏ ਜਾਣ ਮਗਰੋਂ ਹੁਣ ਬੰਦੀਆਂ ਦੇ ਸੁਨਹਿਰੇ ਭਵਿੱਖ ਲਈ ਚੁੱਕੇ ਕਦਮਾਂ ਨੂੰ ਅੱਗੇ ਵਧਾਉਂਦਿਆਂ ਪੰਜਾਬ ਸਰਕਾਰ ਨੇ ਇੰਡੀਅਨ ਆਇਲ ਕੰਪਨੀ ਨਾਲ ਕਰਾਰ ਕਰ ਕੇ ਸੂਬੇ ਦੀਆਂ ਕੈਦੀਆਂ ਵੱਲੋਂ ਚਲਾਏ ਜਾਣ ਵਾਲੇ ਪੈਟਰੋਲ ਪੰਪ ਲਾਉਣ ਲਈ ਇਕ ਹੋਰ ਕਦਮ ਅੱਗੇ ਵਧਾਇਆ ਹੈ। ਇਹ ਸਮਝੌਤਾ ਅੱਜ ਪੰਜਾਬ ਜੇਲ ਸਿਖਲਾਈ ਸਕੂਲ ਪਟਿਆਲਾ ਵਿਖੇ ਸੂਬੇ ਦੇ ਜੇਲਾਂ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਮੌਜੂਦਗੀ 'ਚ ਸਹੀਬੰਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਏ. ਡੀ. ਜੀ. ਪੀ. ਜੇਲਾਂ ਰੋਹਿਤ ਚੌਧਰੀ ਵੀ ਮੌਜੂਦ ਸਨ।

ਜੇਲ ਮੰਤਰੀ ਰੰਧਾਵਾ ਨੇ ਦੱਸਿਆ ਕਿ ਪਾਇਲਟ ਪ੍ਰਾਜੈਕਟ ਵਜੋਂ ਪੰਜਾਬ ਜੇਲ ਸਿਖਲਾਈ ਸਕੂਲ ਪਟਿਆਲਾ ਦੀ ਇੰਡੀਅਨ ਆਇਲ ਨੂੰ ਲੀਜ਼ 'ਤੇ ਦਿੱਤੀ ਜਾਣ ਵਾਲੀ ਜ਼ਮੀਨ 'ਚ ਪੰਜਾਬ ਦਾ ਪਹਿਲਾ ਪੈਟਰੋਲ ਪੰਪ ਲਾਇਆ ਜਾਵੇਗਾ। ਇਸ ਨੂੰ ਜੇਲ ਦੇ ਚੰਗੇ ਆਚਰਣ ਵਾਲੇ ਬੰਦੀ ਹੀ ਚਲਾਉਣਗੇ। ਇੰਨਾ ਹੀ ਨਹੀਂ, ਅਜਿਹੇ ਪੰਪਾਂ 'ਤੇ ਜੇਲਾਂ 'ਚ ਬਣੇ ਸਾਜ਼ੋ-ਸਾਮਾਨ ਸਮੇਤ ਵੇਰਕਾ ਤੇ ਮਾਰਕਫੈੱਡ ਦੀਆਂ ਵਸਤਾਂ ਦੀ ਆਮ ਲੋਕਾਂ ਲਈ ਵਿਕਰੀ ਲਈ ਆਊਟਲੈੱਟ ਵੀ ਖੋਲ੍ਹੇ ਜਾਣਗੇ। ਇਨ੍ਹਾਂ ਤੋਂ ਹੋਣ ਵਾਲੀ ਆਮਦਨ ਬੰਦੀਆਂ ਦੀ ਭਲਾਈ ਲਈ ਵਰਤੀ ਜਾਵੇਗੀ। ਪਟਿਆਲਾ ਦੇ ਇਸ ਪੰਪ ਦੀ ਕਾਮਯਾਬੀ ਮਗਰੋਂ ਸੂਬੇ ਭਰ 'ਚ ਅਜਿਹੇ ਪੰਪ ਖੋਲ੍ਹੇ ਜਾਣਗੇ। ਇਸ ਤੋਂ ਪਹਿਲਾਂ ਜੇਲ ਮੰਤਰੀ ਰੰਧਾਵਾ ਨੇ ਪੰਜਾਬ ਜੇਲ ਸਿਖਲਾਈ ਸਕੂਲ ਦੇ 246 ਵਾਰਡਨਾਂ ਅਤੇ ਮੈਟਰਨ ਰੰਗਰੂਟਾਂ ਦੀ ਸਿਖਲਾਈ ਪੂਰੀ ਹੋਣ 'ਤੇ ਉਨ੍ਹਾਂ ਦੀ ਪਾਸਿੰਗ-ਆਊਟ ਪਰੇਡ ਦਾ ਨਿਰੀਖਣ ਕੀਤਾ।

ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਨਾਲ ਵੀ ਕਰਾਰ
ਜੇਲ ਮੰਤਰੀ ਰੰਧਾਵਾ ਨੇ ਦੱਸਿਆ ਕਿ ਇਸੇ ਦੇ ਨਾਲ ਹੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਨਾਲ ਪੰਜਾਬ ਜੇਲ ਸਿਖਲਾਈ ਸਕੂਲ 'ਚ ਦੇਸ਼ ਭਰ ਦੀਆਂ ਜੇਲਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਜੇਲ ਸੁਧਾਰਾਂ ਸਬੰਧੀ ਡਿਪਲੋਮਾ ਕਰਵਾਉਣ ਦਾ ਵੀ ਕਰਾਰ ਕੀਤਾ ਗਿਆ ਹੈ। ਮੰਤਰੀ ਨੇ ਇਸ ਮੌਕੇ ਜੇਲਾਂ ਲਈ ਪ੍ਰਦਾਨ ਕੀਤੀਆਂ 5 ਨਵੀਆਂ ਗੱਡੀਆਂ ਨੂੰ ਵੀ ਝੰਡੀ ਦੇ ਕੇ ਰਵਾਨਾ ਕੀਤਾ।

420 ਮੁਲਾਜ਼ਮਾਂ ਦੀ ਹੋਰ ਹੋਵੇਗੀ ਭਰਤੀ
ਰੰਧਾਵਾ ਨੇ ਕਿਹਾ ਕਿ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਮਗਰੋਂ ਜੇਲਾਂ 'ਚ ਸੁਧਾਰ ਦੀ ਕ੍ਰਾਂਤੀ ਲਿਆਂਦੀ ਗਈ ਹੈ। ਇਸ ਨੂੰ ਰੁਕਣ ਨਹੀਂ ਦਿੱਤਾ ਜਾਵੇਗਾ। ਜੇਲਾਂ ਨੂੰ ਅਸਲ ਅਰਥਾਂ 'ਚ 'ਸੁਧਾਰ ਘਰ' ਬਣਾਇਆ ਜਾਵੇਗਾ ਤਾਂ ਕਿ ਕਿਸੇ ਕਾਰਨ ਕਰ ਕੇ ਜੇਲਾਂ 'ਚ ਪੁੱਜਣ ਵਾਲਿਆਂ ਦੇ ਮੁੜ-ਵਸੇਬੇ ਲਈ ਯਤਨ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੁਲਸ ਸੁਧਾਰ ਲਈ ਦਿੱਤੇ ਜਾਂਦੇ ਫੰਡਾਂ ਦੀ ਤਰ੍ਹਾਂ ਜੇਲਾਂ 'ਚ ਸੁਧਾਰ ਲਈ ਵੀ ਫੰਡ ਮੁਹੱਈਆ ਕਰਵਾਏ। ਜੇਲ ਅਮਲੇ ਦੀ ਨਫ਼ਰੀ ਵਧਾਉਣ ਲਈ ਜਲਦੀ ਹੀ 420 ਮੁਲਾਜ਼ਮਾਂ ਦੀ ਹੋਰ ਭਰਤੀ ਕੀਤੀ ਜਾ ਰਹੀ ਹੈ। ਜੇਲ ਮੁਲਾਜ਼ਮਾਂ ਦੀਆਂ ਤਰੱਕੀਆਂ ਵੀ ਕੀਤੀਆਂ ਜਾ ਰਹੀਆਂ ਹਨ।

'ਸਿਟ' ਵੱਲੋਂ ਬੇਅਦਬੀ ਅਤੇ ਗੋਲੀਕਾਂਡ ਦੀ ਨਿਰਪੱਖ ਜਾਂਚ ਜਾਰੀ
ਇਸ ਦੌਰਾਨ ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਕਰਦਿਆਂ ਰੰਧਾਵਾ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਕਰ ਰਹੀ 'ਸਿਟ' ਦੇ ਮੈਂਬਰਾਂ 'ਚ ਮਤਭੇਦਾਂ ਬਾਰੇ ਉਹ ਲੋਕ ਬੇਮਤਲਬ ਦਾ ਰੌਲਾ ਪਾ ਰਹੇ ਹਨ, ਜਿਨ੍ਹਾਂ ਦੇ ਨਾਂ ਬੇਅਦਬੀ ਕਾਂਡ ਲਈ ਜ਼ਿੰਮੇਵਾਰਾਂ ਵਜੋਂ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ 'ਸਿਟ' ਦੇ ਮੈਂਬਰ ਜਾਂ ਕਿਸੇ ਵੀ ਹੋਰ ਅਧਿਕਾਰੀ ਨੂੰ ਰਾਜਨੀਤੀ ਨਾਲ ਜੋੜਨਾ ਵਾਜਬ ਨਹੀਂ ਕਿਉਂਕਿ 'ਸਿਟ' ਵੱਲੋਂ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ।

ਸਰਕਾਰ ਨੇ ਨਸ਼ਾ ਸਮੱਗਲਰਾਂ ਦਾ ਲੱਕ ਤੋੜਿਆ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਿਵਾਏ ਕਰਤਾਰਪੁਰ ਕਾਰੀਡੋਰ ਦੇ ਪੰਜਾਬ ਸਰਕਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕੋਈ ਫੰਡ ਨਹੀਂ ਦਿੱਤੇ। ਉਨ੍ਹਾਂ ਇਕ ਹੋਰ ਸਵਾਲ ਦੇ ਜਵਾਬ 'ਚ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਦੀ ਸਪਲਾਈ ਲਾਈਨ ਤੋੜਦਿਆਂ ਨਸ਼ਾ ਸਮੱਗਲਰਾਂ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਨੇ ਕਈ ਸਿਆਸੀ ਆਗੂਆਂ ਵੱਲੋਂ ਅਫ਼ੀਮ- ਭੁੱਕੀ ਦੇ ਠੇਕੇ ਖੋਲ੍ਹਣ ਦੀ ਮੰਗ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਅਜਿਹੀ ਮੰਗ ਵਾਜਬ ਨਹੀਂ ਹੈ।

ਵਾਰਡਨਾਂ ਅਤੇ ਮੈਟਰਨਾਂ ਦਾ ਸਨਮਾਨ
ਇਸ ਤੋਂ ਪਹਿਲਾਂ ਰੰਧਾਵਾ ਨੇ ਜੇਲ ਟ੍ਰੇਨਿੰਗ ਸਕੂਲ ਵਿਖੇ ਸਿਖਲਾਈ ਦੌਰਾਨ ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਵਾਰਡਨਾਂ ਅਤੇ ਮੈਟਰਨਾਂ ਨੂੰ ਸਨਮਾਨਤ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਰਾਜਿੰਦਰ ਸਿੰਘ, ਮੇਅਰ ਸੰਜੀਵ ਸ਼ਰਮਾ ਬਿੱਟੂ, ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ. ਐੈੱਸ. ਘੁੰਮਣ, ਇੰਡੀਅਨ ਆਇਲ ਦੇ ਜਨਰਲ ਮੈਨੇਜਰ ਰੀਟੇਲ ਸੇਲਜ਼ ਅਮਰਿੰਦਰ ਕੁਮਾਰ, ਨਰਪਾਲ ਸਿੰਘ ਅਤੇ ਮੋਹਿਤ ਗੋਇਲ, ਲਾਅ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਰੇਸ਼ ਕੁਮਾਰ ਵਤਸ, ਡਾ. ਸ਼ਰਨਜੀਤ ਕੌਰ, ਐੈੱਚ. ਡੀ. ਐੈੱਫ. ਸੀ. ਦੇ ਜ਼ੋਨਲ ਮੁਖੀ ਜਤਿੰਦਰ ਗੁਪਤਾ, ਨੋਡਲ ਅਫ਼ਸਰ ਸੁਧੀਰ ਗਾਂਧੀ, ਦਿਨੇਸ਼ ਗੋਇਲ, ਜਗਜੀਤ ਸਿੰਘ, ਡੀ. ਆਈ. ਜੀ. ਜੇਲਾਂ ਲਖਮਿੰਦਰ ਸਿੰਘ ਜਾਖੜ, ਐੈੱਸ. ਡੀ. ਐੈੱਮ. ਰਵਿੰਦਰ ਸਿੰਘ ਅਰੋੜਾ, ਏ. ਆਈ. ਜੀ. ਮਨਜੀਤ ਸਿੰਘ ਕਾਲੜਾ, ਪ੍ਰਿੰਸੀਪਲ ਜੇਲ ਸਿਖਲਾਈ ਸਕੂਲ ਰਾਕੇਸ਼ ਕੁਮਾਰ ਸ਼ਰਮਾ, ਸੁਪਰਡੈਂਟ ਕੇਂਦਰੀ ਜੇਲ ਭੁਪਿੰਦਰਜੀਤ ਸਿੰਘ ਵਿਰਕ ਸਮੇਤ ਵੱਡੀ ਗਿਣਤੀ ਜੇਲ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਸਮੇਤ ਪਾਸਿੰਗ-ਆਊਟ ਪਰੇਡ 'ਚ ਸ਼ਾਮਲ ਹੋਣ ਵਾਲਿਆਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ।


cherry

Content Editor

Related News