ਹਨੇਰੀ ਤੇ ਬਾਰਸ਼ ਨੇ ਕਣਕ ਝੰਬੀ ; ਕਿਸਾਨ ਹੋਏ ਨਿਮੋਝੂਣੇ
Thursday, Apr 18, 2019 - 04:34 AM (IST)
ਫਤਿਹਗੜ੍ਹ ਸਾਹਿਬ (ਰਾਜਕਮਲ)-ਮੰਗਲਵਾਰ ਰਾਤ ਆਈ ਤੇਜ਼ ਹਨੇਰੀ ਅਤੇ ਬਾਰਸ਼ ਕਾਰਨ ਕਣਕ ਦੀ ਫਸਲ ਨੂੰ ਜਿਥੇ ਭਾਰੀ ਨੁਕਸਾਨ ਹੋਇਆ ਹੈ ਉਥੇ ਇਸ ਬਾਰਸ਼ ਨੇ ਕਿਸਾਨਾਂ ਦੀਆਂ ਵੀ ਧਡ਼ਕਣਾਂ ਤੇਜ਼ ਕਰ ਦਿੱਤੀਆਂ ਹਨ। ਬਾਰਸ਼ ਕਾਰਨ ਬੱਸੀ ਪਠਾਣਾਂ ਅਨਾਜ ਮੰਡੀ ਵਿਚ ਖੁੱਲ੍ਹੇ ਅੰਬਰ ਹੇਠਾਂ ਪਈ ਇਕ ਹਜ਼ਾਰ ਕੁਇੰਟਲ ਕਣਕ ਗਿੱਲੀ ਹੋ ਗਈ ਹੈ। ਇਸ ਤੋਂ ਇਲਾਵਾ ਖੇਤਾਂ ਵਿਚ ਵੀ ਤੇਜ਼ ਹਨੇਰੀ ਕਾਰਨ ਫਸਲ ਜ਼ਮੀਨ ’ਤੇ ਵਿਛ ਗਈ ਹੈ ਅਤੇ ਉਸ ਨਾਲ ਕਟਾਈ ਦਾ ਕੰਮ ਵੀ ਠੱਪ ਹੋ ਗਿਆ ਹੈ। ਕਣਕ ਦੇ ਭਿੱਜਣ ਕਾਰਨ ਬੁੱਧਵਾਰ ਨੂੰ ਕਣਕ ਦੀ ਖਰੀਦ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ। ਸ਼ਾਮ ਤੱਕ ਮੰਡੀ ਵਿਚ ਸਰਕਾਰੀ ਖਰੀਦ ਏਜੰਸੀਆਂ ਵਲੋਂ ਕਣਕ ਵਿਚ ਨਮੀ ਵੱਧ ਹੋਣ ਕਾਰਨ ਕਣਕ ਦੀ ਖਰੀਦ ਸ਼ੁਰੂ ਨਹੀਂ ਹੋ ਸਕੀ ਸੀ। ਮੌਸਮ ਦੇ ਬਦਲੇ ਮਿਜ਼ਾਜ ਨਾਲ ਕਿਸਾਨਾਂ ਦੀ ਪ੍ਰੇਸ਼ਾਨੀ ਵਧ ਗਈ ਹੈ। ਮੰਗਲਵਾਰ ਰਾਤ ਨੂੰ ਕਰੀਬ 2 ਘੰਟੇ ਤੱਕ ਹਨੇਰੀ ਅਤੇ ਤੇਜ਼ ਬਾਰਸ਼ ਦਾ ਦੌਰ ਚੱਲਿਆ, ਜਿਸ ਕਾਰਨ ਕਿਸਾਨਾਂ ਵਲੋਂ ਵੇਚਣ ਲਈ ਲਿਆਂਦੀ ਗਈ ਫਸਲ ਅਤੇ ਕੱਚੇ ਤੌਰ ’ਤੇ ਬੋਰੀਆਂ ਵਿਚ ਭਰੀ ਕਣਕ ਭਿੱਜ ਗਈ। ਹਾਲਾਂਕਿ ਇਸ ਦੌਰਾਨ ਕਿਸਾਨਾਂ ਨੇ ਤਰਪਾਲ ਆਦਿ ਰੱਖ ਕੇ ਫਸਲ ਨੂੰ ਗਿੱਲੀ ਹੋਣ ਤੋਂ ਬਚਾਉਣ ਦੇ ਯਤਨ ਕੀਤੇ ਪਰ ਤੇਜ਼ ਹਵਾ ਦੇ ਕਾਰਨ ਕਿਸਾਨਾਂ ਦੇ ਇਹ ਯਤਨ ਜ਼ਿਆਦਾ ਕਾਮਯਾਬ ਨਹੀਂ ਹੋ ਸਕੇ। ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਬਾਰਸ਼ ਵਿਚ ਕਣਕ ਗਿੱਲੀ ਹੋਣ ਕਾਰਨ ਕਣਕ ਦੀ ਆਮਦ ਬੁੱਧਵਾਰ ਨੂੰ ਨਹੀਂ ਹੋਈ ਅਤੇ ਖਰੀਦ ਕਾਰਜ ਵੀ ਪ੍ਰਭਾਵਿਤ ਹੋਇਆ ਹੈ।