ਮੇਲਾ ਵੇਖਣ ਗਏ 2 ਨੌਜਵਾਨਾਂ ’ਤੇ ਹਮਲਾ, 3 ਗ੍ਰਿਫਤਾਰ
Monday, Apr 01, 2019 - 04:43 AM (IST)
ਫਤਿਹਗੜ੍ਹ ਸਾਹਿਬ (ਜੱਜੀ)- ਸਰਹਿੰਦ ਵਿਖੇ ਹੋਏ ਇਕ ਝਗਡ਼ੇ ’ਚ 2 ਵਿਅਕਤੀਆਂ ਦੇ ਜ਼ਖਮੀ ਹੋ ਜਾਣ ’ਤੇ ਪੁਲਸ ਨੇ 7-8 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਪ੍ਰਿਥਵੀ ਰਾਜ ਨੇ ਦੱਸਿਆ ਕਿ ਹਰਸ਼ਦੀਪ ਪੁੱਤਰ ਸੰਜੀਵ ਕੁਮਾਰ ਵਾਸੀ ਪਿੰਡ ਜੱਲਾ ਨੇ ਸ਼ਿਕਾਇਤ ਕੀਤੀ ਸੀ ਉਹ ਤੇ ਉਸ ਦਾ ਦੋਸਤ ਗੁਰਪ੍ਰਤਾਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਰਾਮਦਾਸ ਨਗਰ ਸਾਨੀਪੁਰ ਰੋਡ ਸਰਹਿੰਦ ਦੋਨੋ ਹੀ ਭੱਟੀ ਚੌਕ ਨੇਡ਼ੇ ਲੱਗਿਆ ਮੇਲਾ ਦੇਖਣ ਗਏ ਸਨ ਤੇ ਉੱਥੇ ਸਿਮਰਨਜੀਤ ਸਿੰਘ ਸੈਣੀ ਪੁੱਤਰ ਪਰਮਜੀਤ ਸਿੰਘ, ਮਨਪ੍ਰੀਤ ਸਿੰਘ ਪੁੱਤਰ ਤਰਲੋਚਨ ਸਿੰਘ, ਰਵਿੰਦਰ ਸਿੰਘ ਰਵੀ ਪੁੱਤਰ ਮੋਹਨ ਸਿੰਘ, ਕਰਨਵੀਰ ਸਿੰਘ ਪੁੱਤਰ ਨਰਿੰਦਰ ਸਿੰਘ ਸਮੇਤ 3-4 ਵਿਅਕਤੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਗੁਰਪ੍ਰਤਾਪ ਸਿੰਘ ਤੇ ਹਰਸ਼ਦੀਪ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਫਤਿਹਗਡ਼੍ਹ ਸਾਹਿਬ ਦਾਖਲ ਕਰਵਾਇਆ ਗਿਆ। ਜਾਂਚ ਅਫਸਰ ਨੇ ਦੱਸਿਆ ਕਿ ਹਰਸ਼ਦੀਪ ਦੇ ਬਿਆਨਾਂ ’ਤੇ ਉਕਤ ਵਿਅਕਤੀਆਂ ਖਿਲਾਫ ਆਈ. ਪੀ. ਸੀ. ਦੀ ਧਾਰਾ 323, 341, 506, 148, 149 ਦੇ ਤਹਿਤ ਮਾਮਲਾ ਦਰਜ ਕਰ ਕੇ ਸਿਮਰਨਜੀਤ ਸਿੰਘ ਸੈਣੀ, ਮਨਪ੍ਰੀਤ ਸਿੰਘ ਤੇ ਕਰਨਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੀ ਜ਼ਮਾਨਤ ਵੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਗੁਰਪ੍ਰਤਾਪ ਸਿੰਘ ਦੀ ਬਾਂਹ ਟੁੱਟ ਗਈ ਹੈ, ਬਾਰੇ ਰਿਪੋਰਟ ਡਾਕਟਰਾਂ ਤੋਂ ਲੈਣੀ ਹੈ, ਡਾਕਟਰਾਂ ਦੀ ਰਿਪੋਰਟ ਤੋਂ ਬਾਅਦ ਮਾਮਲੇ ਦੀਆਂ ਧਾਰਾਵਾਂ ’ਚ ਵਾਧਾ ਵੀ ਹੋ ਸਕਦਾ ਹੈ। ਕੀ ਕਹਿੰਦੇ ਹਨ ਮੋਹਨ ਸਿੰਘਇਸ ਸਬੰਧੀ ਮੋਹਨ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਸਾਰੇ ਦੋਸ਼ਾਂ ਨੂੰ ਝੂਠੇ ਤੇ ਬੇ-ਬੁਨਿਆਦ ਦੱਸਦੇ ਹੋਏ ਕਿਹਾ ਕਿ ਹਰਸ਼ਦੀਪ ਸਿੰਘ ਦੇ ਰਿਸ਼ਤੇਦਾਰਾਂ ਨਾਲ ਉਨ੍ਹਾਂ ਦਾ ਝਗਡ਼ਾ ਚੱਲ ਰਿਹਾ ਹੈ, ਇਸ ਲਈ ਉਸ ਦੇ ਪੁੱਤਰ ਦਾ ਨਾਂ ਇਸ ਮਾਮਲੇ ’ਚ ਦਰਜ ਕਰਵਾਇਆ ਹੈ। ਇਸ ਸਬੰਧੀ ਉਨ੍ਹਾਂ ਨੇ ਜ਼ਿਲਾ ਪੁਲਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੂੰ ਇਕ ਮੰਗ-ਪੱਤਰ ਵੀ ਦਿੱਤਾ ਹੈ, ਜਿਸ ਦੀ ਜਾਂਚ ਫਤਿਹਗਡ਼੍ਹ ਸਾਹਿਬ ਦੇ ਡੀ. ਐੱਸ. ਪੀ. ਰਮਿੰਦਰ ਸਿੰਘ ਕਾਹਲੋਂ ਕਰ ਰਹੇ ਹਨ। ਉਨ੍ਹਾਂ ਦਾ ਪੁੱਤਰ ਨਿਰਦੋਸ਼ ਹੈ।
