ਫੀਸ ਕਾਰਡ ਰੋਕਣ ’ਤੇ ਮਾਪਿਆਂ ਨੇ ਲਾਇਆ ਸਕੂਲ ਅੱਗੇ ਧਰਨਾ
Monday, Apr 01, 2019 - 04:42 AM (IST)
ਫਤਿਹਗੜ੍ਹ ਸਾਹਿਬ (ਮੱਗੋ)-ਜੁਵੇਈਨਲ ਜਸਟਿਸ ਐਕਟ (ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ) ਦੀ ਧਾਰਾ 75 ਦੀ ਉਲੰਘਣਾ ਕਰਦਿਆਂ ਕੁਝ ਗਿਣੇ ਚੁਣੇ ਵਿਦਿਆਰਥੀਆਂ ਦੇ ਫੀਸ ਕਾਰਡ ਜਾਰੀ ਕਰਨ ਤੋਂ ਇਨਕਾਰ ਕਰਨ ’ਤੇ ਸਕੂਲ ’ਚ ਸਿੱਖਿਆ ਪ੍ਰਾਪਤ ਕਰ ਰਹੇ ਬੱਚਿਆਂ ਦੇ ਮਾਪਿਆਂ ਨੇ ਅੱਜ ਇਕ ਪ੍ਰਾਈਵੇਟ ਸਕੂਲ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਕੇ ਸਕੂਲ ਦਾ ਗੇਟ ਜਾਮ ਕਰ ਦਿੱਤਾ, ਜਿਸ ਉਪਰੰਤ ਪਰਿਵਾਰਕ ਮੈਂਬਰਾਂ ਨੇ ਸਕੂਲ ਮੈਨੇਜਮੈਂਟ ਦੇ ਵਿਰੁੱਧ ਨਾਅਰੇਬਾਜ਼ੀ ਦੌਰਾਨ ਰੋਸ ਪ੍ਰਦਰਸ਼ਨ ਕਰਦਿਆਂ ਬੱਚਿਆਂ ਦੇ ਫੀਸ ਕਾਰਡ ਉਨ੍ਹਾਂ ਦੇ ਮਾਪਿਆਂ ਨੂੰ ਦੇਣ ਦੀ ਮੰਗ ਕੀਤੀ, ਜਿਸ ’ਤੇ ਅਖੀਰ ਸਕੂਲ ਮੈਨੇਜਮੈਂਟ ਨੂੰ ਮਾਪਿਆਂ ਅੱਗੇ ਝੁਕਣਾ ਪਿਆ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਫੀਸ ਕਾਰਡ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਘਰਸ਼ ਕਮੇਟੀ ਦੇ ਪ੍ਰਧਾਨ ਰਾਜੀਵ ਸਿੰਗਲਾ, ਸਕੱਤਰ ਦਿਨੇਸ਼ ਗੁਪਤਾ, ਕਾਨੂੰਨੀ ਸਲਾਹਕਾਰ ਐਡਵੋਕੇਟ ਜਗਮੋਹਨ ਡਾਟਾ, ਮੁੱਖ ਬੁਲਾਰੇ ਪੁਨੀਤ ਮਹਾਵਰ, ਅੰਕੁਸ਼ ਜਿੰਦਲ, ਸੰਜੇ ਗਰਗ, ਵਿਕਾਸ ਧੀਰ, ਜਸਵਿੰਦਰ ਸਿੰਘ, ਨਿਪੁੰਨ ਗੁਪਤਾ, ਗੁਰਜੀਤ ਸਿੰਘ, ਧਰਮਿੰਦਰ ਸਤੀਜਾ, ਐਡਵੋਕੇਟ ਧਰਮਿੰਦਰ ਸਿੰਘ ਲਾਂਬਾ ਆਦਿ ਸਮੇਤ ਧਰਨੇ ’ਚ ਸ਼ਾਮਲ ਦਰਜਨਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਕੂਲ ਵਲੋਂ ਅੱਜ ਬੱਚਿਆਂ ਦਾ ਸਾਲਾਨਾ ਨਤੀਜਾ ਐਲਾਨ ਕੀਤਾ ਗਿਆ ਹੈ, ਜਿਸ ਦੌਰਾਨ ਕਈ ਬੱਚਿਆਂ ਦੇ ਫੀਸ ਕਾਰਡ ਸਕੂਲ ਵਲੋਂ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਜਿਸ ਦੀ ਸੂਚਨਾ ਜਦੋਂ ਪੇਰੈਂਟਸ ਵੈੱਲਫੇਅਰ ਐਸੋ. ਨੂੰ ਮਿਲੀ ਤਾਂ ਉਨ੍ਹਾਂ ਆਪਣੇ ਸਮੁੱਚੇ ਮੈਂਬਰਾਂ ਦੇ ਨਾਲ ਸਕੂਲ ਮੈਨੇਜਮੈਂਟ ਨਾਲ ਗੱਲ ਕਰਨੀ ਚਾਹੀ, ਜਿਸ ਦੌਰਾਨ ਉਨ੍ਹਾਂ ਮੈਨੇਜਮੈਂਟ ਨਾਲ ਵਿਚਾਰ-ਵਟਾਂਦਰਾ ਕਰ ਕੇ ਮੈਨੇਜਮੈਂਟ ਵਲੋਂ ਬੱਚਿਆਂ ਦਾ ਫੀਸ ਕਾਰਡ ਜਾਰੀ ਕਰਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਲੋਂ ਫੀਸ ’ਚ ਜੋ ਇਸ ਸਾਲ ਵਾਧਾ ਕੀਤਾ ਗਿਆ ਹੈ ਸਬੰਧੀ ਮੈਨੇਜਮੈਂਟ ਨੇ ਉਨ੍ਹਾਂ ਨੂੰ ਇਕ ਹਫ਼ਤੇ ਦਾ ਸਮਾਂ ਦਿੱਤਾ ਹੈ ਤਾਂ ਕਿ ਉਹ ਫੀਸ ਵਾਧੇ ਦੀ ਸਮੀਖਿਆ ਕਰ ਸਕਣ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੰਗੀਤਾ ਸ਼ਰਮਾ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਮਾਪਿਆਂ ਦੇ ਫੀਸ ਕਾਰਡ ਰੋਕੇ ਗਏ ਸਨ, ਉਨ੍ਹਾਂ ਨੂੰ ਉਹ ਜਾਰੀ ਕਰ ਦਿੱਤੇ ਗਏ ਹਨ। ਪਰਿਵਾਰਕ ਮੈਂਬਰਾਂ ਵਲੋਂ ਸਕੂਲ ਗੇਟ ਦੇ ਅੱਗੇ ਧਰਨਾ ਲਗਾਉਣ ਤੇ ਨਾਅਰੇਬਾਜ਼ੀ ਕਰਨ ਦੀ ਇਸ ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਨੂੰ ਸਕੂਲ ਨੂੰ ਆਪਣੀ ਸਖ਼ਤ ਸੁਰੱਖਿਆ ’ਚ ਲੈਣ ਲਈ ਮਜਬੂਰ ਹੋਣਾ ਪਿਆ।
