ਮੁੱਖ ਮੰਤਰੀ ਦੇ ਜ਼ਿਲ੍ਹੇ ''ਚ ਬਿਜਲੀ ਚੋਰ ਸਭ ਤੋਂ ਵੱਧ ਸਰਗਰਮ!
Tuesday, Aug 25, 2020 - 12:01 AM (IST)
ਪਟਿਆਲਾ,(ਪਰਮੀਤ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹੇ ਪਟਿਆਲਾ 'ਚ ਬਿਜਲੀ ਚੋਰ ਸਰਗਰਮ ਹਨ। ਸੋਮਵਾਰ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੀਆਂ 32 ਟੀਮਾਂ ਵਲੋਂ 1628 ਥਾਵਾਂ 'ਤੇ ਕੀਤੀ ਗਈ। ਇਸ ਦੌਰਾਨ ਬਿਜਲੀ ਚੋਰੀ ਦੇ 132 ਕੇਸ ਫੜ੍ਹੇ ਗਏ, ਜਿਨ੍ਹਾਂ ਨੂੰ 26.53 ਲੱਖ ਰੁਪਏ ਜ਼ੁਰਮਾਨਾ ਲਾਇਆ ਗਿਆ।
ਦੱਖਣੀ ਸਰਕਲ 'ਚ ਪੈਂਦੇ ਪਟਿਆਲਾ ਸਮੇਤ 5 ਹੋਰ ਜ਼ਿਲ੍ਹਿਆਂ 'ਚ ਅੱਜ ਪਾਵਰਕਾਮ ਦੀਆਂ 125 ਟੀਮਾਂ ਵਲੋਂ 4150 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਸੂਤਰਾਂ ਨੇ ਦੱਸਿਆ ਕਿ ਪਾਵਰਕਾਮ ਵਲੋਂ ਅੱਜ ਦੱਖਣੀ ਸਰਕਲ 'ਚ ਬਿਜਲੀ ਚੋਰੀ ਅਤੇ ਬਿਜਲੀ ਦੀ ਅਣਅਧਿਕਾਰਤ ਵਰਤੋਂ ਦੀ ਪੜ੍ਹਤਾਲ ਲਈ ਛਾਪਾਮਾਰੀ ਦੀ ਮੁਹਿੰਮ ਵਿੱਢੀ ਗਈ ਸੀ। ਛਾਪੇਮਾਰੀ ਟੀਮਾਂ ਵਲੋਂ ਬਿਜਲੀ ਚੋਰੀ ਦੇ 302, ਬਿਜਲੀ ਦੀ ਅਣਅਧਿਕਾਰਤ ਵਰਤੋਂ ਦੇ 108 ਅਤੇ ਯੂ. ਈ. ਦੇ 6 ਕੇਸਾਂ ਨੂੰ 1 ਕਰੋੜ 1 ਲੱਖ 19 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਗਿਆ। ਇੰਜੀਨੀਅਰ ਸੈਣੀ ਨੇ ਦੱਸਿਆ ਕਿ ਦੱਖਣੀ ਸਰਕਲ 'ਚ ਪੈਂਦੇ ਮੋਹਾਲੀ ਜ਼ਿਲ੍ਹੇ 'ਚ 26 ਟੀਮਾਂ ਵਲੋਂ 550 ਥਾਵਾਂ 'ਤੇ ਛਾਪਾਮਾਰੀ ਕੀਤੀ ਗਈ। ਇਸ ਦੌਰਾਨ ਬਿਜਲੀ ਚੋਰੀ ਦੇ 30 ਮਾਮਲੇ ਫੜ੍ਹੇ ਗਏ।
ਇਸ ਤੋਂ ਇਲਾਵਾ ਬਿਜਲੀ ਦੀ ਅਣਅਧਿਕਾਰਤ ਵਰਤੋਂ ਦੇ 9 ਅਤੇ ਘੱਟ ਲੋਡ ਯਾਨੀ ਯੂ. ਈ. ਦੇ 6 ਮਾਮਲੇ ਫੜੇ ਗਏ। ਇਨ੍ਹਾਂ ਨੂੰ 21 ਲੱਖ 91 ਹਜ਼ਾਰ ਰੁਪਏ ਜ਼ੁਰਮਾਨਾ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰੋਪੜ ਜ਼ਿਲੇ 'ਚ 17 ਟੀਮਾਂ ਵਲੋਂ 600 ਥਾਵਾਂ 'ਤੇ ਛਾਪਾਮਾਰੀ ਕੀਤੀ ਗਈ। ਇਸ ਦੌਰਾਨ ਬਿਜਲੀ ਚੋਰੀ ਦੇ 9 ਮਾਮਲੇ ਅਤੇ ਅਣਅਧਿਕਾਰਤ ਬਿਜਲੀ ਦੀ ਵਰਤੋਂ ਦੇ 35 ਮਾਮਲੇ ਫੜੇ ਗਏ। ਇਨ੍ਹਾਂ ਨੂੰ 6 ਲੱਖ 35 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਗਿਆ। ਇਸੇ ਤਰ੍ਹਾਂ ਸੰਗਰੂਰ 'ਚ 28 ਟੀਮਾਂ ਵਲੋਂ 672 ਥਾਵਾਂ 'ਤੇ ਛਾਪਾਮਾਰੀ ਕੀਤੀ ਗਈ ਅਤੇ ਬਿਜਲੀ ਚੋਰੀ ਦੇ 79 ਮਾਮਲੇ ਫੜੇ ਗਏ, ਜਦਕਿ ਅਣਅਧਿਕਾਰਤ ਬਿਜਲੀ ਵਰਤੋਂ ਦੇ 54 ਮਾਮਲੇ ਫੜੇ ਗਏ। ਇਨ੍ਹਾਂ ਨੂੰ 21 ਲੱਖ 55 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਗਿਆ। ਬਰਨਾਲਾ ਜ਼ਿਲੇ 'ਚ 22 ਟੀਮਾਂ ਵਲੋਂ 700 ਥਾਵਾਂ 'ਤੇ ਛਾਪਾਮਾਰੀ ਕੀਤੀ ਗਈ, ਜਿਨ੍ਹਾਂ ਵਲੋਂ 52 ਬਿਜਲੀ ਚੋਰੀ ਮਾਮਲੇ ਫੜੇ ਗਏ ਅਤੇ 10 ਅਣਅਧਿਕਾਰਤ ਬਿਜਲੀ ਵਰਤੋਂ ਦੇ ਮਾਮਲੇ ਫੜੇ ਗਏ। ਇਨ੍ਹਾਂ ਨੂੰ 24 ਲੱਖ 85 ਹਜ਼ਾਰ ਰੁਪਏ ਜ਼ੁਰਮਾਨਾ ਲਾਇਆ ਗਿਆ।
ਬਿਜਲੀ ਚੋਰਾਂ ਵਿਰੁੱਧ ਮੁਹਿੰਮ ਜਾਰੀ ਰਹੇਗੀ : ਇੰਜੀ. ਸੈਣੀ
ਦੱਖਣੀ ਸਰਕਲ ਦੇ ਚੀਫ ਇੰਜੀਨੀਅਰ ਇੰਜੀ. ਰਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਬਿਜਲੀ ਚੋਰਾਂ ਵਿਰੁੱਧ ਮੁਹਿੰਮ ਜਾਰੀ ਰਹੇਗੀ। ਕਿਸੇ ਵੀ ਬਿਜਲੀ ਚੋਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਅਣਅਧਿਕਾਰਤ ਬਿਜਲੀ ਦੀ ਵਰਤੋਂ ਕਰ ਰਹੇ ਖਪਤਕਾਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਲੋਡ ਰੈਗੂਲਰ ਕਰਵਾ ਲੈਣ, ਨਹੀਂ ਤਾਂ ਉਨ੍ਹਾਂ ਨੂੰ ਆਉਂਦੇ ਸਮੇਂ 'ਚ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।