ਪਟਿਆਲਵੀ ਮੇਰਾ ਪਰਿਵਾਰ : ਕੈਪਟਨ ਅਮਰਿੰਦਰ ਸਿੰਘ

05/11/2019 11:04:01 AM

ਪਟਿਆਲਾ (ਰਾਜੇਸ਼)—ਮੁੱਖ ਮੰਤਰੀ ਕੈ.ਅਮਰਿੰਦਰ ਸਿੰਘ ਨੇ ਆਪਣੇ ਵਿਧਾਨ ਸਭਾ ਹਲਕੇ ਪਟਿਆਲਾ ਸ਼ਹਿਰੀ ਦੇ ਪ੍ਰਤਾਪ ਨਗਰ ਇਲਾਕੇ ਵਿਚ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਕਹਿ ਕੇ ਲੋਕਾਂ ਨੂੰ ਭਾਵੁਕ ਕਰ ਦਿੱਤਾ ਕਿ ਪਟਿਆਲਵੀ ਮੇਰਾ ਪਰਿਵਾਰ ਹਨ। ਜਿਉਂ ਹੀ ਉਨ੍ਹਾਂ ਪਟਿਆਲਵੀਆਂ ਨੂੰ ਆਪਣਾ ਪਰਿਵਾਰਕ ਮੈਂਬਰ ਕਹਿੰਦੇ ਹੋਏ ਕਿਹਾ ਕਿ ਹਰ ਵਾਰ ਮੇਰੀ ਚੋਣ ਪਟਿਆਲਾ ਦੇ ਲੋਕ ਆਪ ਲੜਦੇ ਹਨ ਤਾਂ ਪੰਡਾਲ ਵਿਚ ਕੈਪਟਨ ਦੇ ਹੱਕ ਵਿਚ ਆਕਾਸ਼-ਗੁੰਜਾਊ ਨਾਅਰੇ ਲੱਗਣੇ ਸ਼ੁਰੂ ਹੋ ਗਏ। ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਕਾਰਨ ਅਕਾਲੀ-ਭਾਜਪਾ ਨੇ ਪਟਿਆਲਾ ਨਾਲ ਸਿਆਸੀ ਦੁਸ਼ਮਣੀ ਕੱਢੀ। ਲੋਕ ਹਮੇਸ਼ਾ ਮੇਰੀ ਲੀਡ ਵਧਾਉਂਦੇ ਰਹੇ। 2017 ਦੀ ਚੋਣ ਵਿਚ ਪਟਿਆਲਵੀਆਂ ਨੇ ਅਕਾਲੀ-ਭਾਜਪਾ ਦੀ ਜ਼ਮਾਨਤ ਜ਼ਬਤ ਕਰਵਾ ਕੇ ਅਤੇ ਮੈਨੂੰ 52 ਹਜ਼ਾਰ ਤੋਂ ਵੱਧ ਦੀ ਲੀਡ ਦੇ ਕੇ ਮੇਰੇ 'ਤੇ ਜੋ ਕਰਜ਼ ਚੜ੍ਹਾਇਆ ਹੈ, ਉਸ ਨੂੰ ਮੈਂ ਵਿਆਜ ਸਮੇਤ ਵਾਪਸ ਕਰਾਂਗਾ। ਪ੍ਰਨੀਤ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪਟਿਆਲਵੀਆਂ ਨਾਲ ਸਾਡਾ ਦਿਲੀ ਅਤੇ ਭਾਵਨਾਤਮਕ ਰਿਸ਼ਤਾ ਹੈ। ਅਕਾਲੀ-ਭਾਜਪਾ ਦਾ ਸਿਰਫ ਵੋਟਾਂ ਦਾ ਰਿਸ਼ਤਾ ਹੈ। ਅਕਾਲੀ ਦਲ ਦੇ ਲੋਕ ਵੋਟਾਂ ਵਾਲੇ ਦਿਨ ਹੀ ਦਿਖਾਈ ਦਿੰਦੇ ਹਨ। ਉਨ੍ਹਾਂ ਪਟਿਆਲਾ ਨੂੰ 10 ਸਾਲ ਅਣਗੌਲਣ ਲਈ ਅਕਾਲੀਆਂ ਦੀ ਤਿੱਖੀ ਆਲੋਚਨਾ ਕੀਤੀ। ਕਾਂਗਰਸ ਸਰਕਾਰ ਨੇ ਬਹੁਤ ਸਾਰੇ ਵਿਕਾਸ ਪ੍ਰਾਜੈਕਟ ਸ਼ੁਰੂ ਕੀਤੇ ਹਨ। 200 ਕਰੋੜ ਰੁਪਏ ਦੇ ਇਹ ਪ੍ਰਾਜੈਕਟ ਇਸ ਵੇਲੇ ਪ੍ਰਕਿਰਿਆ ਅਧੀਨ ਹਨ। ਉਨ੍ਹਾਂ ਕਿਹਾ ਕਿ ਉਹ ਪਟਿਆਲਾ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਕੰਮ ਕਰਦੇ ਰਹਿਣਗੇ।

PunjabKesari

ਇਸ ਮੌਕੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੇ. ਕੇ. ਸ਼ਰਮਾ ਅਤੇ ਚੌਧਰੀ ਨਿਰਮਲ ਸਿੰਘ ਭੱਟੀਆਂ, ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ, ਜ਼ਿਲਾ ਕਾਂਗਰਸ ਪ੍ਰਧਾਨ ਕੇ. ਕੇ. ਮਲਹੋਤਰਾ, ਮੇਅਰ ਸੰਜੀਵ ਬਿੱਟੂ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ, ਡਿਪਟੀ ਮੇਅਰ ਵਿੰਤੀ ਸੰਗਰ ਅਤੇ ਬਲਾਕ ਪ੍ਰਧਾਨ ਨਰੇਸ਼ ਦੁੱਗਲ ਤੋਂ ਇਲਾਵਾ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ।

ਕੇ. ਕੇ. ਸ਼ਰਮਾ ਦੀ ਪਲਾਨਿੰਗ ਨਾਲ ਸਫਲ ਹੋਈ ਰੈਲੀ
ਪਟਿਆਲਾ ਦੀ ਰਾਜਨੀਤੀ ਦੇ ਚਾਣਕਿਆ ਦੇ ਤੌਰ 'ਤੇ ਜਾਣੇ ਜਾਂਦੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੇ. ਕੇ. ਸ਼ਰਮਾ ਦੀ ਪਲਾਨਿੰਗ ਦੇ ਨਾਲ ਪ੍ਰਤਾਪ ਨਗਰ ਦੀ ਰੈਲੀ ਬੇਹੱਦ ਸਫਲ ਰਹੀ। ਕੇ. ਕੇ. ਸ਼ਰਮਾ ਨੇ ਇਸ ਰੈਲੀ ਦੀ ਪਲਾਨਿੰਗ ਕਰਦਿਆਂ ਖੁਦ ਵਰਕਰਾਂ ਨੂੰ ਲਾਮਬੰਦ ਕੀਤਾ। ਇਸ ਵਾਰ ਉਨ੍ਹਾਂ ਰੈਲੀ ਵਾਲਾ ਸਥਾਨ ਹੀ ਬਦਲਵਾ ਦਿੱਤਾ ਤਾਂ ਕਿ ਵੱਧ ਲੋਕ ਆ ਸਕਣ। ਕੇ. ਕੇ. ਸ਼ਰਮਾ ਦੀ ਪਲਾਨਿੰਗ ਕਾਰਨ ਮੁੱਖ ਮੰਤਰੀ ਦੇ ਸ਼ਹਿਰ ਦੀ ਰੈਲੀ ਬੇਹੱਦ ਸਫਲ ਦਿਖਾਈ ਦਿੱਤੀ।


Shyna

Content Editor

Related News