ਕੇਂਦਰੀ ਜੇਲ੍ਹ ਪਟਿਆਲਾ ’ਚੋਂ ਇਕ ਦਰਜਨ ਤੋਂ ਵੱਧ ਮੋਬਾਇਲ ਅਤੇ ਹੋਰ ਸਮਾਨ ਬਰਾਮਦ

12/25/2023 5:26:45 PM

ਪਟਿਆਲਾ (ਬਲਜਿੰਦਰ) : ਕੇਂਦਰੀ ਜੇਲ੍ਹ ਪਟਿਆਲਾ ਵਿਚੋਂ ਇਕ ਦਰਜਨ ਮੋਬਾਇਲ ਅਤੇ ਹੋਰ ਸਮਾਨ ਬਰਾਮਦ ਹੋਇਆ ਹੈ। ਇਸ ਮਾਮਲੇ ਵਿਚ ਥਾਣਾ ਤ੍ਰਿਪੜੀ ਦੀ ਪੁਲਸ ਨੇ ਤਿੰਨ ਕੇਸ ਦਰਜ ਕੀਤੇ ਹਨ। ਪਹਿਲੇ ਕੇਸ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰਬੰਸ ਲਾਲ ਦੀ ਸ਼ਿਕਾਇਤ ’ਤੇ ਕੈਦੀ ਗੁਰਵਿੰਦਰ ਸਿੰਘ ਪੁੱਤਰ ਨੈਬ ਸਿੰਘ ਖਾਸੀ ਤੱਗੋਵਾਲ ਥਾਣਾ ਚੀਮਾ ਜ਼ਿਲ੍ਹਾ ਸੰਗਰੂਰ, ਕੈਦੀ ਬੰਦੀ ਪੁੱਤਰ ਬਨਵਾਰੀ ਲਾਲ ਵਾਸੀ ਕਿਰਾਏਦਾਰ ਸ਼ਸਤਰਾਂ ਵਾਲੀ ਗਲੀ ਪਟਿਆਲਾ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ 42, 52 ਏ ਪ੍ਰੀਜ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਜੇਲ੍ਹ ਪ੍ਰਸ਼ਾਸਨ ਮੁਤਾਬਕ ਗੁਰਵਿੰਦਰ ਸਿੰਘ ਤੋਂ 1 ਮੋਬਾਇਲ ਫੋਨ ਬਰਾਮਦ ਕੀਤਾ ਗਿਆ ਜਦੋਂ ਕਿ ਟਾਵਰ ਨੰ. 4-5 ਵਿਚਕਾਰੋਂ 2 ਬਾਹਰੋਂ ਸੁੱਟੇ ਪੈਕਟ ਬਰਾਮਦ ਹੋਏ। ਜਿਨ੍ਹਾਂ ਨੂੰ ਖੋਲ੍ਹ ਦੇ ਚੈੱਕ ਕਰਨ ’ਤੇ 10 ਜਰਦੇ ਦੀਆਂ ਪੁੜੀਆਂ, 3 ਡਾਟਾ ਕੇਬਲਾਂ, 5 ਮੋਬਾਇਲ ਫੋਨ ਅਤੇ ਬੰਟੀ ਦੀ ਜਿਸਮਾਨੀ ਤਲਾਸ਼ੀ ਕਰਨ ’ਤੇ ਇਕ ਮੋਬਾਇਲ ਬਰਾਮਦ ਹੋਇਆ।

ਦੂਜੇ ਕੇਸ ਵਿਚੋਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਬਲਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਹਵਾਲਾਤੀ ਦੀਪਕ ਕੁਮਾਰ ਪੁੱਤਰ ਰਾਜਵੀਰ ਸਿੰਘ ਵਾਸੀ ਊਨਾ ਥਾਣਾ ਬੋਧ ਕਲਾਂ ਤਹਿਸੀਲ ਤੇ ਜ਼ਿਲਾ ਦਾਦਰੀ ਹਰਿਆਣਾ, ਹਵਾਲਾਤੀ ਗੁਰਿੰਦਰਪਾਲ ਸਿੰਘ ਪੁੱਤਰ ਜੱਜ ਸਿੰਘ ਵਾਸੀ ਵੀਵਾਲਾ ਰੋਡ ਨੇੜੇ ਬਿਜਲੀ ਘਰ ਕੋਰਕਪੂਰਾ ਥਾਣਾ ਸਿਟੀ ਕੋਰਕਪੁਰ ਜ਼ਿਲ੍ਹਾ ਫਰੀਦਕੋਟ ਦੇ ਖ਼ਿਲਾਫ 52 ਏ ਪ੍ਰੀਜ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਮੁਤਾਬਕ ਚੈਕਿੰਗ ਦੌਰਾਨ ਪਾਇਆ ਗਿਆ ਕਿ ਉਕਤ ਵਿਅਕਤੀ ਫੋਨ ਦੀ ਵਰਤੋਂ ਕਰ ਰਹੇ ਹਨ। ਗੁਰਿੰਦਰਪਾਲ ਸਿੰਘ ਨੇ ਗਾਰਦ ਨੂੰ ਦੇਖ ਦੇ ਮੋਬਾਇਲ ਫੋਨ ਤੋੜ ਦਿੱਤਾ ਅਤੇ ਉਸ ਤੋਂ ਟੁੱਟੀ ਹਾਲਤ ਵਿਚ ਮੋਬਾਇਲ ਬਰਾਮਦ ਕੀਤਾ ਗਿਆ ਅਤੇ ਦੀਪਕ ਤੋਂ ਇਕ ਮੋਬਾਇਲ ਬਰਾਮਦ ਕੀਤਾ ਗਿਆ।

ਤੀਜੇ ਕੇਸ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰਬੰਸ ਲਾਲ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ 42, 52 ਏ ਪ੍ਰੀਜ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਜੇਲ੍ਹ ਪ੍ਰਸ਼ਾਨ ਦੇ ਮੁਤਾਬਕ ਪੀ.ਸੀ.ਓ. ਵਾਲੇ ਕਮਰੇ ਵਿਚ ਚਾਰਜਿੰਗ ’ਤੇ ਲੱਗਿਆ ਹੋਇਆ ਸੀ ਤਾਂ ਇਕ ਮੋਬਾਇਲ ਅਤੇ ਡਾਟਾ ਕੇਬਲ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਟਾਵਰ ਨੰ. 11 ਅਤੇ 12 ਵਿਚਕਾਰ ਤੋਂ ਬਾਹਰ ਤੋਂ ਸੁੱਟਿਆ ਇਕ ਪੈਕਟ ਬਰਾਮਦ ਕੀਤਾ ਗਿਆ। ਜਿਸ ਨੂੰ ਖੋਲ੍ਹ ਕੇ ਜਦੋਂ ਚੈੱਕ ਕੀਤਾ ਗਿਆ ਤਾਂ 7 ਜਰਦੇ ਦੀਆਂ ਪੁੜੀਆਂ, 1 ਡਾਟਾ ਕੇਬਲ ਅਤੇ ਮੋਬਾਇਲ ਫੋਨ ਬਰਾਮਦ ਹੋਏ। ਇਸੇ ਤਰ੍ਹਾਂ ਬੈਰਕ ਨੰ. 9/2 ਵਿਚ ਬਣੇ ਬਾਥਰੂਮ ਵਿਚੋਂ 1 ਮੋਬਾਇਲ ਬਰਾਮਦ ਹੋਇਆ ਅਤੇ ਬੈਰਕ ਨੰ. 8 ਦੇ ਬਾਥਰੂਮ ਵਿਚੋਂ 1 ਮੋਬਾਇਲ ਬਰਾਮਦ ਹੋਇਆ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News