''ਕੋਰੋਨਾ'' ਦੀ ਦਹਿਸ਼ਤ: ਸ਼ਹਿਰ ''ਚ ''ਕਰਫ਼ਿਊ''
Monday, Mar 16, 2020 - 10:11 AM (IST)
ਪਟਿਆਲਾ (ਬਲਜਿੰਦਰ, ਰਾਣਾ, ਬਿਕਰਮਜੀਤ): ਭਾਵੇਂ ਕਿ ਪਟਿਆਲਾ ਜ਼ਿਲੇ ਵਿਚ 'ਕੋਰੋਨਾ' ਵਾਇਰਸ ਦਾ ਇਕ ਵੀ ਸ਼ੱਕੀ ਮਰੀਜ਼ ਸਾਹਮਣੇ ਨਹੀਂ ਆਇਆ। ਸਰਕਾਰ ਦੀਆਂ ਹਦਾਇਤਾਂ 'ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਕਾਰਣ ਅੱਜ ਸ਼ਹਿਰ ਵਿਚ ਕਰਫਿਊ ਵਰਗਾ ਮਾਹੌਲ ਦੇਖਣ ਨੂੰ ਮਿਲਿਆ। ਸਾਰਾ ਦਿਨ ਸੜਕਾਂ ਸੁੰਨੀਆਂ ਅਤੇ ਬਜ਼ਾਰ ਖਾਲੀ ਦਿਸੇ। ਲੋਕਾਂ ਆਪਣੇ ਘਰਾਂ ਵਿਚ ਰਹਿਣਾ ਠੀਕ ਸਮਝਿਆ। ਕਈ ਲੋਕਾਂ ਇਸ ਸਥਿਤੀ ਨੂੰ 'ਕੋਰੋਨਾ ਕਰਫਿਊ' ਦਾ ਨਾਂ ਦਿੱਤਾ ਹੈ। 'ਕੋਰੋਨਾ' ਵਾਇਰਸ ਕਾਰਣ ਕਈ ਦਿਨਾਂ ਤੋਂ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ। ਜ਼ਿਲਾ ਪ੍ਰਸ਼ਾਸਨ ਨੇ 14 ਮਾਰਚ ਦੀ ਅੱਧੀ ਰਾਤ ਤੋਂ ਬਾਅਦ ਸਿਨੇਮਾ-ਘਰਾਂ, ਜਿਮ ਅਤੇ ਸਵਿਮਿੰਗ ਪੂਲ ਸਮੇਤ ਕਈ ਜਨਤਕ ਥਾਵਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਅੱਜ ਸਥਿਤੀ ਕਾਫੀ ਬਦਲੀ ਹੋਈ ਦਿਖਾਈ ਦਿੱਤੀ। ਛੁੱਟੀ ਵਾਲਾ ਦਿਨ ਹੋਣ ਕਾਰਣ ਸੜਕਾਂ ਅਤੇ ਬਜ਼ਾਰਾਂ ਵਿਚ ਰੌਣਕ ਘੱਟ ਹੁੰਦੀ ਹੈ। 'ਕੋਰੋਨਾ' ਦੀ ਦਹਿਸ਼ਤ ਕਾਰਣ ਮਾਹੌਲ ਕਰਫਿਊ ਵਰਗਾ ਮਾਹੌਲ ਸੀ। ਪ੍ਰਸ਼ਾਸਨ ਵੱਲੋਂ ਜਨਤਕ ਇਕੱਠ, ਖੇਡ ਸਮਾਰੋਹਾਂ, ਕਾਨਫਰੰਸਾਂ, ਸੱਭਿਆਚਾਰਕ ਪ੍ਰੋਗਰਾਮ, ਮੇਲੇ ਅਤੇ ਪ੍ਰਦਰਸ਼ਨੀਆਂ 'ਤੇ ਵੀ ਪਹਿਲਾਂ ਹੀ ਰੋਕ ਲਾ ਦਿੱਤੀ ਗਈ ਹੈ।
ਕੋਰੋਨਾ ਵਾਇਰਸ ਕਾਰਣ ਸੜਕਾਂ ਸੁੰਨੀਆਂ ਹੋ ਗਈਆਂ ਹਨ ਅਤੇ ਬਜ਼ਾਰ ਵੀ ਖਾਲੀ ਦਿਖਾਈ ਦਿੱਤੇ। ਲੋਕਾਂ ਸਿਰਫ ਆਪਣੀ ਜ਼ਰੂਰਤ ਲਈ ਹੀ ਘਰੋਂ ਬਾਹਰ ਆਏ। ਜ਼ਿਆਦਾਤਰ ਲੋਕਾਂ ਨੇ ਘਰਾਂ ਵਿਚ ਰਹਿਣ ਨੂੰ ਤਰਜੀਹ ਦਿੱਤੀ। 'ਕੋਰੋਨਾ' ਦੀ ਦਹਿਸ਼ਤ ਦਾ ਸਿੱਧਾ ਅਸਰ ਵਪਾਰ 'ਤੇ ਪੈ ਰਿਹਾ ਹੈ। ਚਿਕਨ ਦੇ ਕਾਰੋਬਾਰ ਵਿਚ ਵੱਡੀ ਗਿਰਾਵਟ ਆਈ ਹੈ। ਲੋਕਾਂ ਨੇ ਸਿਹਤ ਮਾਹਿਰਾਂ ਦੀ ਰਾਏ ਮੁਤਾਬਕ ਨਾਨ-ਵੈੱਜ ਤੋਂ ਕਿਨਾਰਾ ਕਰ ਲਿਆ ਹੈ। ਕਈ ਰੈਸਟੋਰੈਂਟਾਂ ਵੱਲੋਂ ਤਾਂ ਨਾਨ-ਵੈੱਜ ਬਣਾਉਣਾ ਹੀ ਬੰਦ ਕਰ ਦਿੱਤਾ ਗਿਆ ਹੈ। ਦਹਿਸ਼ਤ ਕਾਰਨ ਖਾਣ-ਖੀਣ ਵਾਲੀਆਂ ਵਸਤੂਆਂ ਨਾਲ ਸਬੰਧਤ ਕਾਰੋਬਾਰ ਵੀ ਪ੍ਰਭਾਵਿਤ ਹੋਇਆ ਹੈ। ਦੁਕਾਨਦਾਰਾਂ ਦੀ ਸੇਲ 25 ਤੋਂ 35 ਫੀਸਦੀ ਘਟ ਗਈ ਹੈ। ਲੋਕਾਂ ਵੱਲੋਂ ਜ਼ਰੂਰਤ ਦੀਆਂ ਚੀਜ਼ਾਂ ਹੀ ਖਰੀਦੀਆਂ ਜਾ ਰਹੀਆਂ ਹਨ।
ਸੋਸ਼ਲ ਮੀਡੀਆ ਅਤੇ ਨਿਊਜ਼ ਚੈਨਲਾਂ 'ਤੇ ਵੀ 'ਕਰੋਨਾ ਹੀ ਕਰੋਨਾ'
ਬਜ਼ਾਰਾਂ ਅਤੇ ਜਨਤਕ ਥਾਵਾਂ 'ਤੇ ਹੀ 'ਕੋਰੋਨਾ' ਦਾ ਅਸਰ ਨਹੀਂ ਸਗੋਂ ਸੋਸ਼ਲ ਮੀਡੀਆ ਅਤੇ ਨਿਊਜ਼ ਚੈਨਲਾਂ 'ਤੇ ਵੀ 'ਕੋਰੋਨਾ' ਦੇਖਣ ਨੂੰ ਮਿਲ ਰਿਹਾ ਹੈ। ਸੋਸ਼ਲ ਮੀਡੀਆ ਵਿਚ 'ਕਰੋਨਾ' ਤੋਂ ਬਚਣ ਦੇ ਤਰੀਕਿਆਂ ਦੇ ਨਾਲ ਕਾਮੇਡੀ ਵੀ ਆ ਰਹੀ ਹੈ। ਨਿਊਜ਼ ਚੈਨਲਾਂ 'ਤੇ ਵੀ 'ਕੋਰੋਨਾ' ਨਾਲ ਸਬੰਧਤ ਖਬਰਾਂ ਹੀ ਦੇਖਣ ਨੂੰ ਮਿਲ ਰਹੀਆਂ ਹਨ।
ਦਹਿਸ਼ਤ ਦੀ ਬਜਾਏ ਸਾਵਧਾਨੀ ਜ਼ੂਰਰੀ : ਸਿਵਲ ਸਰਜਨ
ਇਸ ਮਾਮਲੇ ਵਿਚ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦਾ ਕਹਿਣਾ ਹੈ ਕਿ 'ਕੋਰੋਨਾ' ਇਕ ਸੰਵੇਦਨਸ਼ੀਲ ਮੁੱਦਾ ਹੈ। ਸਾਨੂੰ ਦਹਿਸ਼ਤ ਵਿਚ ਆਉਣ ਦੀ ਬਜਾਏ ਇਸ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਸਾਵਧਾਨੀ ਸਾਨੂੰ ਇਕ ਖਤਰੇ ਤੋਂ ਬਚਾਅ ਸਕਦੀ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਹੱਥ ਧੋਣਾ ਜ਼ਰੂਰੀ ਹੈ। ਜੇਕਰ ਕਿਸੇ ਨੂੰ ਖਾਂਸੀ, ਬੁਖਾਰ ਅਤੇ ਜ਼ੁਕਾਮ ਦੀ ਸਮੱਸਿਆ ਹੈ ਤਾਂ ਉਸ ਤੋਂ ਇਕ ਮੀਟਰ ਦੀ ਦੂਰੀ ਬਣਾ ਕੇ ਰੱਖੋ। ਜਨਤਕ ਸਮਾਗਮਾਂ ਵਿਚ ਸ਼ਿਰਕਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪਟਿਆਲਾ ਜ਼ਿਲੇ 'ਚ 'ਕੋਰੋਨਾ' ਨਾਲ ਨਿਪਟਣ ਲਈ ਹਰ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ।
ਉਨ੍ਹਾਂ ਦੱਸਿਆ ਕਿ ਪਟਿਆਲਾ ਵਿਚ ਇਸ ਸਮੇਂ 'ਕੋਰੋਨਾ' ਵਾਇਰਸ ਦਾ ਇਕ ਵੀ ਪੀੜਤ ਵਿਅਕਤੀ ਨਹੀਂ ਹੈ। ਜਿਹੜੇ 3 ਭਰਤੀ ਹੋਏ ਸਨ, ਉਨ੍ਹਾਂ ਤਿੰਨਾਂ ਦਾ ਟੈਸਟ ਨੈਗੇਟਿਵ ਆਇਆ ਹੈ। ਇਨ੍ਹਾਂ 'ਚੋਂ ਇਕ ਕਤਰ, ਇਕ ਸਾਊਥ ਕੋਰੀਆ ਅਤੇ ਤੀਜਾ ਦੁਬਈ ਤੋਂ ਆਇਆ ਹੈ। ਇਸ ਤੋਂ ਬਾਅਦ ਜ਼ਿਲੇ ਵਿਚ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਸਿਵਲ ਸਰਜਨ ਨੇ ਦੱਸਿਆ ਕਿ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਵਾਰ-ਵਾਰ ਹੱਥ ਧੋਣਾ ਜ਼ਰੂਰੀ ਹੈ। ਘਰ ਦਾ ਬਣਿਆ ਭੋਜਨ ਖਾਣਾ ਚਾਹੀਦਾ ਹੈ।