ਰਸਤਾ ਬੰਦ ਕਰਨ ਨੂੰ ਲੈ ਕੇ ਦੁਬਾਰਾ ਵਿਵਾਦਾਂ ’ਚ ਘਿਰੀ ਪਟੇਲ ਹਸਪਤਾਲ ਮੈਨੇਜਮੈਂਟ ਦੀ ਇਕ ਨਾ ਚੱਲੀ

Tuesday, Aug 21, 2018 - 06:02 AM (IST)

ਰਸਤਾ ਬੰਦ ਕਰਨ ਨੂੰ ਲੈ ਕੇ ਦੁਬਾਰਾ ਵਿਵਾਦਾਂ ’ਚ ਘਿਰੀ ਪਟੇਲ ਹਸਪਤਾਲ ਮੈਨੇਜਮੈਂਟ ਦੀ ਇਕ ਨਾ ਚੱਲੀ

ਜਲੰਧਰ,   (ਪੁਨੀਤ)—  ਦਿਲਕੁਸ਼ਾ ਮਾਰਕੀਟ, ਰਾਮਾ ਕ੍ਰਿਸ਼ਨਾ ਮਾਰਕੀਟ ਦੇ ਦੁਕਾਨਦਾਰਾਂ ਦੇ  ਨਾਲ ਪਟੇਲ ਹਸਪਤਾਲ ਦਾ ਦੁਬਾਰਾ  ਵਿਵਾਦ ਹੋ ਗਿਆ, ਜਿਸ ਕਾਰਨ ਪਟੇਲ ਹਸਪਤਾਲ ਨਾਲ ਲੱਗਦੀ  ਰਾਮਾ ਕ੍ਰਿਸ਼ਨਾ ਮਾਰਕੀਟ ਕੋਲ ਜ਼ਬਰਦਸਤ ਹੰਗਾਮਾ ਹੋਇਆ। 21 ਫੁੱਟ ਦੀ ਗਲੀ ਵਿਚ ਪਟੇਲ  ਮੈਨੇਜਮੈਂਟ ਵਲੋਂ ਟੋਇਆ ਪੁੱਟਿਆ ਗਿਆ, ਜਿਸ ਨੂੰ ਦੁਕਾਨਦਾਰਾਂ ਨੇ ਭਰਨਾ ਸ਼ੁਰੂ ਕੀਤਾ ਤਾਂ  ਪਹਿਲਾਂ ਹਸਪਤਾਲ ਤੋਂ ਡਾ. ਸੀਮਾ ਸੂਦ ਮੌਕੇ ’ਤੇ ਆ ਕੇ ਧਰਨੇ ’ਤੇ ਬੈਠ ਗਏ। ਇਸ ਪੂਰੇ  ਘਟਨਾਚੱਕਰ ਵਿਚ ਪਟੇਲ ਹਸਪਤਾਲ ਦੀ ਮੈਨੇਜਮੈਂਟ ਦੁਬਾਰਾ ਵਿਵਾਦਾਂ ਵਿਚ ਘਿਰ ਗਈ ਕਿਉਂਕਿ  ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਪਟੇਲ ਮੈਨੇਜਮੈਂਟ ਧੱਕੇਸ਼ਾਹੀ ਕਰਦਿਆਂ ਗਲੀ ’ਤੇ ਕਬਜ਼ੇ  ਕਰਨਾ ਚਾਹੁੰਦੀ ਹੈ। ਦੂਜੇ ਪਾਸੇ ਪਟੇਲ ਮੈਨੇਜਮੈਂਟ ਇਸ ਗਲੀ ਨੂੰ ਆਪਣੀ ਪ੍ਰਾਪਰਟੀ ਦੱਸ  ਰਿਹਾ ਸੀ। ਇਸ ਗਲੀ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ, ਜਿਸ ਦੀ  ਸ਼ਿਕਾਇਤ ਥਾਣੇ ਤੱਕ ਪਹੁੰਚ ਚੁੱਕੀ ਹੈ। ਕੁਝ ਸਮੇਂ ਤੱਕ ਮਾਮਲਾ ਠੰਡਾ ਰਹਿੰਦਾ ਹੈ ਤੇ  ਦੁਬਾਰਾ ਵਿਵਾਦ ਪੈਦਾ ਹੋ ਜਾਂਦਾ ਹੈ। ਅੱਜ ਵੀ ਵਿਵਾਦ ਵਧ ਜਾਣ ’ਤੇ ਮੌਕੇ ’ਤੇ ਪਹੁੰਚੀ  ਥਾਣਾ ਨੰਬਰ 4 ਦੀ ਪੁਲਸ ਨੇ ਦੋਵਾਂ ਧਿਰਾਂ ਨੂੰ ਅਗਲੇ ਸੋਮਵਾਰ ਤੱਕ ਮਾਮਲਾ ਸੁਲਝਾਉਣ ਲਈ  ਕਿਹਾ ਹੈ। ਟੋਇਆ ਭਰਨ ਤੋਂ ਬਾਅਦ ਇਥੇ ਆਵਾਜਾਈ ਦੁਬਾਰਾ ਸ਼ੁਰੂ ਹੋ ਗਈ। ਪੂਰੇ ਮਾਮਲੇ ਵਿਚ  ਫਿਲਹਾਲ ਦੁਕਾਨਦਾਰਾਂ ਦਾ ਪਲੜਾ ਭਾਰੀ ਰਿਹਾ ਅਤੇ ਪਟੇਲ ਮੈਨੇਜਮੈਂਟ ਦੀ ਇਕ ਨਾ ਚੱਲੀ। ਇਸ  ਦੌਰਾਨ ਪਟੇਲ ਮੈਨੇਜਮੈਂਟ ਦੁਕਾਨਦਾਰਾਂ ਵਿਚ ਕਾਫੀ ਬਹਿਸ ਹੋਈ। 

15 ਦਿਨ ਪਹਿਲਾਂ ਪਾਈਪ ਪਾਉਣ ਦਾ ਕਹਿ ਕੇ ਜ਼ਬਰਦਸਤੀ ਪੁੱਟਿਆ ਟੋਇਆ
ਇਸ  ਸਬੰਧ ਵਿਚ ਹੋਲਸੇਲ ਕੈਮਿਸਟ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਰਿਸ਼ੂ ਵਰਮਾ ਨੇ ਕਰੀਬ 10-15  ਦਿਨ ਪਹਿਲਾਂ ਪਟੇਲ ਮੈਨੇਜਮੈਂਟ ਵਲੋਂ ਪਾਈਪ ਪਾਉਣ ਦੀ ਗੱਲ ਕਹਿ ਕੇ ਪਟੇਲ ਹਸਪਤਾਲ ਦੇ  ਨਾਲ ਵਾਲੀ ਗਲੀ ਵਿਚ ਟੋਇਆ ਪੁੱਟਿਆ ਗਿਆ ਸੀ, ਜਿਸ ਨੂੰ ਭਰਿਆ ਨਹੀਂ ਗਿਆ, ਜਿਸ ਕਾਰਨ  ਬੀਤੇ ਦਿਨ ਉਥੋਂ ਲੰਘਣ ਵਾਲਾ ਇਕ ਦੁਕਾਨਦਾਰ ਜ਼ਖ਼ਮੀ ਹੋ ਗਿਆ। ਇਸ ਬਾਰੇ ਪਟੇਲ ਮੈਨੇਜਮੈਂਟ  ਨਾਲ ਟੋਇਆ ਭਰਨ ਬਾਰੇ ਗੱਲ ਕੀਤੀ ਗਈ ਪਰ ਉਨ੍ਹਾਂ ਨੇ ਮੰਨਣ ਤੋਂ ਇਨਕਾਰ ਕੀਤਾ, ਜਿਸ ਕਾਰਨ  ਮਜਬੂਰ ਹੋ ਕੇ ਦੁਕਾਨਦਾਰਾਂ ਨੂੰ ਟੋਇਆ ਭਰਨਾ ਪਿਆ। 
ਉਨ੍ਹਾਂ ਕਿਹਾ ਕਿ ਗਲੀ ’ਤੇ ਪਟੇਲ  ਮੈਨੇਜਮੈਂਟ ਵਲੋਂ ਆਪਣਾ ਹੱਕ ਜਤਾਉਂਦਿਆਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ  ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਬਕਾ ਪ੍ਰਧਾਨ  ਗੋਪਾਲ ਕ੍ਰਿਸ਼ਨ ਮੰਗਲੀ ਨੇ ਕਿਹਾ ਕਿ  ਇਸ ਸਬੰਧ ਵਿਚ ਉਹ ਵਕੀਲ ਨਾਲ ਸਲਾਹ ਕਰਨਗੇ ਅਤੇ ਮਾਮਲਾ ਅਦਾਲਤ ਵਿਚ ਲੈ ਕੇ ਜਾਣਗੇ ਤਾਂ  ਜੋ ਉਨ੍ਹਾਂ ਨੂੰ ਇਨਸਾਫ ਮਿਲ ਸਕੇ ਕਿਉਂਕਿ ਪਟੇਲ ਮੈਨੇਜਮੈਂਟ ਵਲੋਂ ਧੱਕਾ ਕੀਤਾ ਜਾ ਰਿਹਾ  ਹੈ। ਮੰਗਲੀ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਪਟੇਲ  ਪ੍ਰਸ਼ਾਸਨ ਵਲੋਂ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਦੇ ਸਕਿਓਰਿਟੀ ਗਾਰਡ  ਦੇ ਜ਼ਰੀਏ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੁਕਾਨਦਾਰ ਡਰਨ ਵਾਲੇ  ਨਹੀਂ। ਇਸ ਮੌਕੇ ਪਹੁੰਚੇ ਆਰਗੇਨਾਈਜ਼ੇਸ਼ਨ ਦੇ ਜਨਰਲ ਸਕੱਤਰ ਨਿਸ਼ਾਂਤ ਚੋਪੜਾ, ਇੰਦਰਪਾਲ  ਸਿੰਘ ਭਾਟੀਆ, ਸ਼ੁਭ ਕੱਕੜ, ਅਤੁਲ, ਦਵਿੰਦਰ ਸਰੀਨ, ਮਨਜੀਤ ਸਿੰਘ, ਸੰਜੀਵ ਪੁਰੀ ਸਣੇ ਵੱਡੀ  ਗਿਣਤੀ ਵਿਚ ਦੁਕਾਨਦਾਰ ਮੌਜੂਦ ਸਨ।

ਧਰਨੇ ’ਤੇ ਬੈਠੀ ਸੀਮਾ ਸੂਦ ਨੇ ਕਿਹਾ-ਮੇਰੇ ’ਤੇ ਵੀ ਮਿੱਟੀ ਪਾ ਦਿਓ
4 ਵਜੇ  ਦੇ ਕਰੀਬ ਦੁਕਾਨਦਾਰ ਜਦੋਂ ਗਲੀ ਵਿਚ ਟੋਇਆ ਭਰਨ ਲੱਗੇ ਤਾਂ ਪਟੇਲ ਮੈਨੇਜਮੈਂਟ ਡਾ. ਸੀਮਾ  ਸੂਦ ਮੌਕੇ ’ਤੇ ਪਹੁੰਚੀ ਅਤੇ ਟੋਇਆ ਭਰਨ ਤੋਂ ਮਨ੍ਹਾ ਕੀਤਾ। ਇਸ ਦੌਰਾਨ ਜਦੋਂ ਦੁਕਾਨਦਾਰ  ਟੋਇਆ ਭਰਨ ਤੋਂ ਨਾ ਰੁਕੇ ਤਾਂ ਦੁਖੀ ਹੋਈ ਡਾ. ਸੀਮਾ ਸੂਦ ਕਹਿਣ ਲੱਗੀ ਕਿ ਮੇਰੇ ’ਤੇ  ਵੀ ਮਿੱਟੀ ਪਾ ਦਿਓ। ਪਟੇਲ ਹਸਪਤਾਲ ਦੇ ਡਾ. ਸਵੱਪਨ ਸੂਦ ਨੇ ਕਿਹਾ ਕਿ ਦੁਕਾਨਦਾਰ ਗੁੰਡਿਆਂ  ਤੋਂ ਘੱਟ ਨਹੀਂ ਸਨ। ਉਕਤ ਜ਼ਮੀਨ ਉਨ੍ਹਾਂ ਦੀ ਪ੍ਰਾਪਰਟੀ ਹੈ। ਉਹ ਜੋ ਚਾਹੁਣ ਉਸ ’ਤੇ ਕਰਨ  ਕਿਸੇ ਨੂੰ ਇਸ ਤੋਂ ਕੀ ਲੈਣਾ-ਦੇਣਾ। ਉਨ੍ਹਾਂ ਕਿਹਾ ਕਿ ਦੁਕਾਨਦਾਰ ਡਕੈਤਾਂ ਵਾਂਗ ਉਨ੍ਹਾਂ  ਦੀ ਪ੍ਰਾਪਰਟੀ ਵਿਚ ਆਏ ਅਤੇ ਮਨਮਰਜ਼ੀ ਕਰਨ ਲੱਗੇ। ਮੈਡਮ ਸੂਦ ਦੇ ਧਰਨੇ ’ਤੇ ਬੈਠਣ ਬਾਰੇ  ਉਨ੍ਹਾਂ ਕਿਹਾ ਕਿ ਇਨਸਾਫ ਨਹੀਂ ਮਿਲ ਰਿਹਾ, ਜਿਸ ਕਾਰਨ ਮਜਬੂਰ ਹੋ ਕੇ ਧਰਨੇ ’ਤੇ ਬੈਠ  ਗਏ। ਇਸ ਦੇ ਬਾਵਜੂਦ ਪੁਲਸ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਗਈ। ਇਹ  ਜ਼ਮੀਨ ਉਨ੍ਹਾਂ ਦੀ ਹੈ, ਇਸ ਲਈ ਉਹ ਕੰਧ ਕਰ ਕੇ ਰਸਤਾ ਦੁਬਾਰਾ ਬੰਦ ਕਰਨਗੇ। ਕਿਸੇ ਦੀ  ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੰਗ ਰੱਖਦਿਆਂ ਉਨ੍ਹਾਂ ਕਿਹਾ ਕਿ ਧੱਕੇਸ਼ਾਹੀ  ਕਰਨ ਵਾਲੇ ਦੁਕਾਨਦਾਰਾਂ ’ਤੇ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਜੇਲ ਭੇਜਿਆ ਜਾਵੇ ਕਿਉਂਕਿ  ਇਹ ਲੋਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨਾਲ ਮਾਮਲਾ ਵਿਗੜ ਸਕਦਾ ਹੈ।  ਪੁਲਸ ਨੂੰ ਸ਼ਾਂਤੀ ਬਣਾਈ ਰੱਖਣ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।


Related News