ਪਾਸਪੋਰਟ ਸੇਵਾ ਕੇਂਦਰਾਂ ''ਚ 26 ਮਈ ਤੋਂ ਕੰਮ ਸ਼ੁਰੂ ਕਰਨ ਨੂੰ ਮਿਲੀ ਹਰੀ ਝੰਡੀ
Sunday, May 24, 2020 - 07:35 PM (IST)
ਜਲੰਧਰ, (ਧਵਨ)— ਕੇਂਦਰ ਸਰਕਾਰ ਨੇ ਜਨਤਾ ਦੀ ਸਹੂਲਤ ਲਈ ਪਾਸਪੋਰਟ ਸੇਵਾ ਕੇਂਦਰਾਂ 'ਚ 26 ਮਈ ਤੋਂ ਕੰਮ ਸ਼ੁਰੂ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਖੇਤਰੀ ਪਾਸਪੋਰਟ ਅਧਿਕਾਰੀ ਰਾਜਕੁਮਾਰ ਬਾਲੀ ਨੇ ਦੱਸਿਆ ਕਿ 26 ਮਈ ਤੋਂ ਗੁਰੂ ਨਾਨਕ ਮਿਸ਼ਨ ਸਥਿਤ ਪਾਸਪੋਰਟ ਸੇਵਾ ਕੇਂਦਰ (ਪੀ. ਐੱਸ. ਕੇ. ਜਲੰਧਰ-1) 'ਚ ਕੰਮ ਸ਼ੁਰੂ ਹੋ ਜਾਏਗਾ।
ਖੇਤਰੀ ਪਾਸਪੋਰਟ ਅਧਿਕਾਰੀ ਨੇ ਕਿਹਾ ਕਿ ਪਾਸਪੋਰਟ ਸੇਵਾ ਕੇਂਦਰ 'ਚ 26 ਮਈ ਤੋਂ ਆਮ ਵਰਗ 'ਚ 50 ਫੀਸਦੀ ਅਪੁਆਇੰਟਮੈਂਟਸ ਦੇ ਨਾਲ ਸ਼ੁਰੂ ਹੋਵੇਗਾ। ਇਸੇ ਤਰ੍ਹਾਂ ਇਨਕੁਆਰੀ ਕੰਮਾਂ ਲਈ 50 ਫੀਸਦੀ ਆਨਲਾਈਨ ਇਨਕੁਆਰੀ ਅਪੁਆਇੰਟਮੈਂਟਸ ਨੂੰ ਪਾਸਪੋਰਟ ਦੇ ਮੁੱਖ ਦਫਤਰ 'ਚ ਰਿਲੀਜ਼ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਤਤਕਾਲ ਅਤੇ ਪੀ. ਸੀ. ਸੀ. ਅਰਜ਼ੀਆਂ ਨੂੰ ਆਗਾਮੀ ਆਦੇਸ਼ਾਂ ਤੱਕ ਮੁਲਤਵੀ ਰੱਖਿਆ ਜਾਵੇਗਾ।
ਬਾਲੀ ਨੇ ਕਿਹਾ ਕਿ ਪਾਸਪੋਰਟ ਸੇਵਾ ਕੇਂਦਰ ਹੁਸ਼ਿਆਰਪੁਰ 'ਚ 6 ਮਈ ਤੋਂ ਪਹਿਲਾਂ ਹੀ ਕੰਮਕਾਜ ਸ਼ੁਰੂ ਹੋ ਰਿਹਾ ਹੈ, ਉਨ੍ਹਾਂ ਨੇ ਪਾਸਪੋਰਟ ਸੇਵਾ ਕੇਂਦਰਾਂ 'ਚ ਆਉਣ ਵਾਲੇ ਲੋਕਾਂ ਨੂੰ ਕਿਹਾ ਕਿ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਦੇਖਦੇ ਹੋਏ ਸਮਾਜਿਕ ਦੂਰੀ ਬਣਾ ਕੇ ਰੱਖਣ, ਮੂੰਹ 'ਤੇ ਮਾਸਕ ਲਗਾਉਣ ਅਤੇ ਹੋਰ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਮੋਬਾਈਲ ਫੋਨ 'ਤੇ ਆਰੋਗਯ ਸੇਤੁ ਐਪ ਨੂੰ ਡਾਊਨਲੋਡ ਕਰਨਾ ਹੈ ਅਤੇ ਸਰਕਾਰ ਵਲੋਂ ਉਥੇ ਜਾਰੀ ਕੀਤੇ ਜਾ ਰਹੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੈ। ਇਸੇ ਤਰ੍ਹਾਂ ਬੱਚੇ ਅਤੇ ਸੀਨੀਅਰ ਸਿਟੀਜ਼ਨਸ ਸਿਰਫ ਅਤਿਅੰਤ ਜ਼ਰੂਰੀ ਹਾਲਾਤ 'ਚ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਬਾਲੀ ਨੇ ਕਿਹਾ ਕਿ 10 ਸਾਲ ਉਮਰ ਤੋਂ ਛੋਟੇ ਬੱਚੇ ਤੇ ਸੀਨੀਅਰ ਸਿਟੀਜ਼ਨਸ ਸਿਰਫ ਅਤਿਅੰਤ ਜ਼ਰੂਰੀ ਹਾਲਾਤ 'ਚ ਪਾਸਪੋਰਟ ਸੇਵਾ ਕੇਂਗਦਾਂ ਅਤੇ ਪਾਸਪੋਰਟ ਮੁੱਖ ਦਫਤਰ 'ਚ ਆਉਣ। ਖੇਤਰੀ ਪਾਸਪੋਰਟ ਅਧਿਕਾਰੀ ਨੇ ਕਿਹਾ ਕਿ ਪਾਸਪੋਰਟ ਲਈ ਅਰਜ਼ੀ ਦਾਖਲ ਕਰਨ ਲਈ ਲੋਕ ਜੋ ਮੁੱਖ ਪਾਸਪੋਰਟ ਦਫਤਰ 'ਚ ਆਉਣਾ ਚਾਹੁੰਦੇ ਹਨ, ਨੂੰ ਆਉਣ ਤੋਂ ਪਹਿਲਾਂ ਆਨਲਾਈਨ ਇਨਕੁਆਰੀ ਅਪੁਆਇੰਟਮੈਂਟ ਲੈ ਕੇ ਆਉਣੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਬਿਨਾਂ ਅਪੁਆਇੰਟਮੈਂਟ ਦੇ ਆਉਣ ਵਾਲੇ ਲੋਕਾਂ ਨੂੰ ਵਿਚਾਰਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਲੋਕ ਦਫਤਰ ਦੇ ਲੈਂਡ ਲਾਈਨ ਨੰਬਰ 'ਤੇ ਸੰਪਰਕ ਕਰ ਕੇ ਵੱਧ ਜਾਣਕਾਰੀ ਹਾਸਲ ਕਰ ਸਕਦੇ ਹਨ।