ਪ੍ਰਤਾਪ ਸਿੰਘ ਬਾਜਵਾ ਨੈਤਿਕਤਾ ਦੇ ਅਧਾਰ ’ਤੇ ਅਸਤੀਫ਼ਾ ਦੇਣ : ਮੀਰਾਕੋਟ

Saturday, May 22, 2021 - 05:23 PM (IST)

ਅਜਨਾਲਾ (ਗੁਰਜੰਟ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਵੱਧ ਰਹੇ ਕਲੇਸ਼ ਦਾ ਲਾਹਾ ਲੈਣ ਦੀ ਤਾਂਘ ਵਿਚ ਬੈਠੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਕਟਹਿਰੇ ਵਿਚ ਖੜ੍ਹਾ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਐੱਮ. ਐੱਲ. ਏ. ਅਜੇਪਾਲ ਸਿੰਘ ਮੀਰਾਕੋਟ ਨੇ ਕਾਂਗਰਸ ਸਰਕਾਰ ਬਣਨ ਉਪਰੰਤ ਰਖੜ ਪੁੰਨਿਆਂ ’ਤੇ ਦਿੱਤੇ ਗਏ ਉਸ ਬਿਆਨ ਦੇ ਹਵਾਲੇ ਦਿੰਦਿਆਂ ਕਿਹਾ ਹੈ, ਕਿ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਕਿਹਾ ਸੀ ਕਿ ਬੇਅਦਬੀ ਅਤੇ ਨਸ਼ਿਆਂ ਦੇ ਮਾਮਲੇ ’ਚ ਗਲਤਾਨ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ, ਆਦੇਸ਼ਪ੍ਰਤਾਪ ਸਿੰਘ ਕੈਰੋਂ, ਜਥੇਦਾਰ ਤੋਤਾ ਸਿੰਘ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਜੇ ਇਕ ਮਹੀਨਾ ਅੰਦਰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿਚ ਨਾ ਸੁਟਿਆ ਗਿਆ ਤਾਂ ਉਹ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣਗੇ।

ਮੀਰਾਕੋਟ ਨੇ ਕਿਹਾ ਕਿ ਇਸ ਗੱਲ ਨੂੰ ਵਾਪਰੇ ਸਾਢੇ ਚਾਰ ਸਾਲ ਹੋ ਚੁੱਕੇ ਹਨ, ਉਹ ਦੱਸਣ ਕਿ ਗੁਰੂਆਂ ਦੀ ਪਵਿੱਤਰ ਧਰਤੀ ’ਤੇ ਕੀਤੇ ਵਾਅਦੇ ਨੂੰ ਉਨ੍ਹਾਂ ਅਜੇ ਤਕ ਕਿਉ ਨਹੀਂ ਪੁਗਾਇਆ ਅਤੇ ਹੁਣ ਜਦੋਂ ਮਾਣਯੋਗ ਹਾਈ ਕੋਰਟ ਵੱਲੋਂ ਬੇਅਦਬੀ ਕਾਂਡ ਦੇ ਮਾਮਲੇ ’ਚ ਸਪੱਸ਼ਟਤਾ ਲਿਆਂਦੀ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕਿਹੜੇ ਮੂੰਹ ਨਾਲ ਹੁਣ 45 ਦਿਨਾਂ ਦਾ ਅਲਟੀਮੇਟਮ ਦੇ ਰਹੇ ਹਨ। ਮੀਰਾਕੋਟ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਆਪਣੀ ਸਿਆਸਤ ਚਮਕਾਉਣ ਲਈ ਉਭਾਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਸਿਆਸੀ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਨਾਲ ਲੜਾਈ ਲੜਨੀ ਹੈ ਤਾਂ ਉਹ ਸਿੱਧੀ ਲੜਾਈ ਲੜਨ ਤੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਵਿਚ ਨਾ ਲੈਕੇ ਆਉਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚਾ ਸਿੱਖ ਪੰਥ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਅੱਗੇ ਨਤਮਸਤਕ ਹੈ। ਸਿੱਖ ਕੌਮ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਮਾਮਲੇ ’ਤੇ ਕਿਸੇ ਨੂੰ ਵੀ ਸਿਆਸਤ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਜੇਕਰ ਹੁਣ ਕਾਂਗਰਸ ਨੇ ਬੇਅਦਬੀ ਦੇ ਮਾਮਲੇ ਨੂੰ ਲੈਕੇ ਸਿਆਸਤ ਕਰਨ ਦੀ ਕੋਸ਼ਿ਼ਸ਼ ਕੀਤੀ ਤਾਂ ਸਮੁੱਚਾ ਅਕਾਲੀ ਦਲ ਕਾਂਗਰਸ ਨੂੰ ਮੂੰਹ ਤੋੜਵਾਂ ਜਵਾਬ ਦੇਵੇਗਾ।

ਉਨ੍ਹਾਂ ਕਾਂਗਰਸ ਪਾਰਟੀ ਦੀਆਂ ਸਿੱਖ ਕੌਮ ਨਾਲ ਕੀਤੀਆਂ ਵਧੀਕੀਆਂ ਚੇਤੇ ਕਰਵਾਉਂਦੇ ਹੋਏ ਕਿਹਾ ਕਿ ਕਾਂਗਰਸ ਕਦੇ ਵੀ ਪੰਜਾਬ ਅਤੇ ਸਿੱਖ ਹਤਾਇਸ਼ੀ ਨਹੀਂ ਰਹੀ। ਉਨ੍ਹਾਂ ਸੁਖਬੀਰ ਬਾਦਲ ਦੇ ਉਸ ਬਿਆਨ ਦਾ ਵੀ ਹਵਾਲਾ ਦਿੱਤਾ ਜਿਸ ਵਿਚ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਸਬੰਧੀ ਸਰਕਾਰ ਕੋਲ ਸਬੂਤ ਹੈ ਤਾਂ ਸਾਹਮਣੇ ਲਿਆਉਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ’ਤੇ ਲਿਆਉਣ ਲਈ ਪਹਿਲਾਂ ਵੀ ਯਤਨਸ਼ੀਲ ਸੀ ਅਤੇ ਭਵਿੱਖ ਵਿਚ ਵੀ ਰਹੇਗੀ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਵਿਚ ਕਾਂਗਰਸ ਸਰਕਾਰ ਦੇ ਕੋਲ ਇਕ ਵੀ ਉਪਲਬਧੀ ਨਹੀਂ ਹੈ ਜਿਸ ਨੂੰ ਲੈਕੇ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਤਕ ਲੈਕੇ ਜਾਣ।

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ ਤੇ ਲੋਕਾਂ ਦਾ ਧਿਆਨ ਭੜਕਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਸਿਆਸਤ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਵਕਤ ਜੋ ਪੰਜਾਬ ਦੇ ਹਾਲਾਤ ਹਨ ਉਨ੍ਹਾਂ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਭਵਿੱਖ ਨਾ ਤਾਂ ਕਾਂਗਰਸ ਪਾਰਟੀ ਵਿਚ ਤੇ ਨਾ ਹੀ ਪੰਜਾਬ ਵਿਚ ਸੁਰੱਖਿਅਤ ਦਿਖਾਈ ਦੇ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਸੋਚੀ ਸਮਝੀ ਸਾਜ਼ਿਸ਼ ਤਹਿਤ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਤੇ ਆਪਣੀ ਪਾਰਟੀ ਦੇ ਲੀਡਰਾਂ ਨੂੰ ਆਪਸ ’ਚ ਉਲਝਾ ਰਹੇ ਹਨ।


Gurminder Singh

Content Editor

Related News