ਕਿਸਾਨ ਜਥੇਬੰਦੀਆਂ ਵੱਲੋਂ ਖਤਮ ਕੀਤੀ ਰੇਲ ਨਾਕਾਬੰਦੀ ਦਾ ਬਾਜਵਾ ਨੇ ਕੀਤਾ ਸਵਾਗਤ

Saturday, Nov 21, 2020 - 11:21 PM (IST)

ਗੁਰਦਾਸਪੁਰ, (ਹਰਮਨ)- ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਦੇ ਆਰਥਿਕ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਰੇਲ ਨਾਕਾਬੰਦੀ ਖਤਮ ਕਰਨ ਦੇ ਕੀਤੇ ਗਏ ਐਲਾਨ ਦਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸਵਾਗਤ ਕੀਤਾ ਹੈ। ਇਸ ਸਬੰਧ ਵਿਚ ਗੱਲਬਾਤ ਦੌਰਾਨ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਆਗੂਆਂ ਨੇ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਵੱਖ-ਵੱਖ ਵਰਗਾਂ ਦੀ ਰੋਜ਼ੀ-ਰੋਟੀ ਦਾ ਧਿਆਨ ਰੱਖਦਿਆਂ ਸ਼ਲਾਘਾਯੋਗ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸਮੁੱਚੇ ਪੰਜਾਬ ਦੇ ਲੋਕ ਕਿਸਾਨਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਇਸ ਗੰਭੀਰ ਮੁੱਦੇ ’ਤੇ ਕਰੀਬ 2 ਮਹੀਨੇ ਦਿੱਤੇ ਗਏ ਧਰਨਿਆਂ ਦੌਰਾਨ ਵੀ ਸ਼ਾਂਤੀ ਬਣਾਈ ਰੱਖ ਕੇ ਗਾਂਧੀਵਾਦੀ ਸਿਧਾਂਤਾਂ ਨੂੰ ਹੋਰ ਵੀ ਪ੍ਰਪੱਕ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਨੂੰ ਨਜਰਅੰਦਾਜ਼ ਕਰ ਕੇ ਆਪਣਾ ਤਾਨਾਸ਼ਾਹੀ ਰਵੱਈਆ ਬਰਕਰਾਰ ਰੱਖਿਆ ਹੈ। ਪਰ ਇਸ ਦੇ ਬਾਵਜੂਦ ਜਿਸ ਢੰਗ ਨਾਲ ਕਿਸਾਨਾਂ ਨੇ ਸੰਜਮ ਅਤੇ ਸ਼ਾਂਤੀ ਬਣਾਈ ਰੱਖੀ ਹੈ, ਉਹ ਕਾਫਲੇ ਤਾਰੀਫ ਹੈ। ਬਾਜਵਾ ਨੇ ਕਿਸਾਨ ਜਥੇਬੰਦੀਆਂ ਦੀ ਪ੍ਰਸ਼ੰਸ਼ਾ ਕਰਨ ਦੇ ਨਾਲ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਬਿਨਾਂ ਦੇਰੀ ਸਿੱਧਾ ਦਖਲ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਕੇਂਦਰ ਨਾਲ ਵਿਸ਼ਵਾਸ਼ ਕਾਇਮ ਕਨ ਲਈ ਪਹਿਲਾਂ ਹੀ ਪ੍ਰਭਾਵੀ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨਾਂ ਵੱਲੋਂ ਕੀਤੀ ਇਸ ਕਾਰਵਾਈ ਦੇ ਬਾਵਜੂਦ ਜੇਕਰ ਕਿਸਾਨਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਇਸ ਮੁੜ ਮਾੜੇ ਨਤੀਜਿਆਂ ਦਾ ਕਾਰਣ ਬਣੇਗੀ। ਇਸ ਲਈ ਕੇਂਦਰ ਨੂੰ ਯੂਨੀਅਨਾਂ ਨਾਲ ਟੁੱਟੇ ਵਿਸ਼ਵਾਸ਼ ਨੂੰ ਵਧਾਉਣ ’ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨਾਂ ਨੇ ਰੇਲਵੇ ਮੰਤਰਾਲੇ ਨੂੰ ਅਪੀਲ ਕੀਤੀ ਕਿ ਯਾਤਰੀ ਅਤੇ ਰੇਲ ਗੱਡੀਆਂ ਦੀ ਸੰਚਾਲਨ ਜਲਦੀ ਤੋਂ ਜਲਦੀ ਸ਼ੁਰੂ ਕੀਤੀ ਜਾਵੇ।


Bharat Thapa

Content Editor

Related News