ਪੰਜਾਬ 'ਚ ਆਏ ਹੜ੍ਹਾਂ ਸਬੰਧੀ ਪ੍ਰਤਾਪ ਸਿੰਘ ਬਾਜਵਾ ਨੇ ਲਿਖੀ ਮੋਦੀ ਨੂੰ ਚਿੱਠੀ
Tuesday, Aug 20, 2019 - 07:23 PM (IST)
ਜਲੰਧਰ— ਪੰਜਾਬ 'ਚ ਆਏ ਹੜ੍ਹਾਂ ਨੂੰ ਲੈ ਕੇ ਰਾਜ ਸਭਾ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਲਿੱਖੀ ਗਈ ਚਿੱਠੀ 'ਚ ਬਾਜਵਾ ਵੱਲੋਂ ਮੋਦੀ ਨੂੰ ਪੰਜਾਬ 'ਚ ਆਫਤ ਨਾਲ ਨਜਿੱਠਣ ਲਈ ਪੰਜਾਬ ਦੀ ਸਮਰਥਾ ਵਧਾਉਣ ਦੀ ਮੰਗ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਆਏ ਹੜ੍ਹਾਂ ਦੇ ਕਾਰਨ ਕਰੀਬ 1700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਕਿਸਾਨਾਂ ਦੀਆਂ ਫਸਲਾਂ ਵੀ ਬੁਰੀ ਤਰ੍ਹਾਂ ਤਬਾਹ ਹੋਈਆਂ ਹਨ। ਪ੍ਰਤਾਪ ਸਿੰਘ ਬਾਜਵਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਗਏ ਪੱਤਰ 'ਚ ਲਿਖਿਆ ਹੈ ਕਿ ਸਾਉਣੀ ਦਾ ਅੱਧਾ ਸੀਜ਼ਨ ਬੀਤ ਚੁੱਕਾ ਹੈ ਅਤੇ ਕਿਸਾਨਾਂ ਨੂੰ ਖੇਤਾਂ 'ਚ ਖੜ੍ਹੀ ਫਸਲ ਤੋਂ ਵੱਡੀਆਂ ਉਮੀਦਾਂ ਸਨ ਪਰ ਹੁਣ ਬਾਰਿਸ਼ ਕਾਰਨ ਨਾ ਸਿਰਫ ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋ ਗਈਆਂ ਹਨ ਸਗੋਂ ਮਿੱਟੀ ਦੀ ਉੱਪਰਲੀ ਉਪਜਾਊ ਪਰਤ ਵੀ ਹੜ੍ਹਾਂ ਦੇ ਪਾਣੀ 'ਚ ਪ੍ਰਭਾਵਿਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਿਰਫ ਇਸ ਸੀਜ਼ਨ 'ਚ ਹੀ ਨਹੀਂ ਸਗੋਂ ਆਉਣ ਵਾਲੇ ਸਮੇਂ ਦੌਰਾਨ ਵੀ ਕਿਸਾਨਾਂ ਨੂੰ ਇਸ ਕੁਦਰਤੀ ਆਫਤ ਦਾ ਖਮਿਆਜ਼ਾ ਭੁਗਤਣਾ ਪਵੇਗਾ ਅਤੇ ਪਹਿਲਾਂ ਤੋਂ ਆਰਥਕ ਮੰਦਹਾਲੀ ਨਾਲ ਜੂਝ ਰਹੇ ਕਿਸਾਨਾਂ ਦੀ ਹੋਰ ਵੀ ਮਾੜੀ ਹਾਲਤ ਹੋ ਜਾਵੇਗੀ। ਉਨ੍ਹਾਂ ਪ੍ਰਧਾਨ ਮੰਤਰੀ ਕੋਲੋਂ ਮੰਗ ਕੀਤੀ ਕਿ ਉਹ ਤੁਰੰਤ ਪੰਜਾਬ ਦੇ ਕਿਸਾਨਾਂ ਦੀ ਭਲਾਈ ਲਈ ਸੂਬਾ ਸਰਕਾਰ ਦੀ ਆਰਥਕ ਸਹਾਇਤਾ ਕਰਨ।
ਦੱਸ ਦੇਈਏ ਕਿ ਪੰਜਾਬ 'ਚ ਪਈ ਭਾਰੀ ਬਾਰਿਸ਼ ਦੇ ਕਾਰਨ ਪੰਜਾਬ 'ਚ ਦਰਿਆਵਾਂ ਅਤੇ ਨਦੀਆਂ ਦਾ ਪਾਣੀ ਉਫਾਨ 'ਤੇ ਹੈ। ਭਾਖੜਾ ਡੈਮ 'ਚੋਂ ਪਾਣੀ ਛੱਡਣ ਦੇ ਕਾਰਨ ਸਤਲੁਜ ਦਰਿਆ 'ਚ ਵੀ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ, ਜਿਸ ਦੇ ਕਾਰਨ ਕਈ ਪਿੰਡ ਹੜ੍ਹਾਂ ਦੀ ਲਪੇਟ 'ਚ ਆ ਚੁੱਕੇ ਹਨ। ਸਭ ਤੋਂ ਵਧ ਨੁਕਸਾਨ ਨਵਾਂਸਹਿਰ, ਜਲੰਧਰ ਅਤੇ ਫਿਲੌਰ ਨੂੰ ਹੋਇਆ ਹੈ, ਜਿੱਥੇ ਲੋਕ ਘਰ ਬਾਰ ਛੱਡਣ ਲਈ ਵੀ ਮਜਬੂਰ ਹੋ ਚੁੱਕੇ ਹਨ।