ਬਾਜਵਾ ਦਾ ਡੀ. ਜੀ. ਪੀ. ਨੂੰ ਪੱਤਰ, ਮੇਰਾ ਜਾਨੀ-ਮਾਲੀ ਨੁਕਸਾਨ ਹੋਣ ''ਤੇ ਕੈਪਟਨ ਤੇ ਦਿਨਕਰ ਗੁਪਤਾ ਹੋਣਗੇ ਜ਼ਿੰਮੇਵਾਰ
Tuesday, Aug 11, 2020 - 07:23 PM (IST)
ਗੁਰਦਾਸਪੁਰ,(ਹਰਮਨ)- ਪੰਜਾਬ ਪੁਲਸ ਵੱਲੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਸੁਰੱਖਿਆ ਵਾਪਸ ਲਏ ਜਾਣ ਦੇ ਬਾਅਦ ਅੱਜ ਬਾਜਵਾ ਨੇ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਪੱਤਰ ਲਿਖ ਕੇ ਜਿਥੇ ਇਕ ਸੂਬੇ ਦੇ ਪੁਲਸ ਮੁਖੀ ਦੇ ਅਸਲ ਫਰਜ਼ ਯਾਦ ਕਰਵਾਏ ਹਨ। ਉਸ ਦੇ ਨਾਲ ਹੀ ਬਾਜਵਾ ਨੇ ਪੁਲਸ ਵੱਲੋਂ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਦੀ ਕਾਰਵਾਈ ਨੂੰ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਸੂਬੇ ਦੇ ਪੁਲਸ ਮੁਖੀ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦਾ ਅਤੇ ਜਾਂ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਦਾ ਕੋਈ ਨੁਕਸਾਨ ਹੋਇਆ ਤਾਂ ਇਸ ਲਈ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਦਿਨਕਰ ਗੁਪਤਾ ਹੀ ਜ਼ਿੰਮੇਵਾਰ ਹੋਵੇਗਾ।
ਇਸ ਪੱਤਰ ਵਿਚ ਬਾਜਵਾ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਇਹ ਪੱਤਰ ਆਪਣੀ ਸੁਰੱਖਿਆ ਵਾਪਸ ਲੈਣ ਲਈ ਨਹੀਂ ਲਿਖ ਰਹੇ ਸਗੋਂ ਉਹ ਡੀ.ਜੀ.ਪੀ. ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਸੂਬੇ ਦੇ ਇਕ ਆਈ.ਪੀ.ਐਸ. ਅਫਸਰ ਅਤੇ ਪੁਲਸ ਮੁਖੀ ਹੋਣ ਵਜੋਂ ਆਪਣੇ ਫਰਜ਼ਾਂ ਦੀ ਸਹੀ ਪਾਲਣਾ ਨਹੀਂ ਕੀਤੀ ਅਤੇ ਸਰਕਾਰ ਵੱਲੋਂ ਉਨ੍ਹਾਂ ਦੀ ਸੁਰੱਖਿਆ ਸਮੀਖਿਆ ਦੀ ਤਿਆਰ ਕਰਵਾਈ ਝੂਠੀ ਤੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਰਿਪੋਰਟ ਦੇ ਅਧਾਰ 'ਤੇ ਹੀ ਕਾਰਵਾਈ ਕੀਤੀ ਹੈ। ਬਾਜਵਾ ਨੇ ਡੀ.ਜੀ.ਪੀ. ਨੂੰ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਪਿਤਾ ਸਵ. ਸਤਨਾਮ ਸਿੰਘ ਬਾਜਵਾ ਨੇ ਅੱਤਵਾਦ ਵਿਰੁੱਧ ਲੜਾਈ ਵਿਚ ਆਪਣੀ ਜਾਨ ਕੁਰਬਾਨ ਕੀਤੀ ਸੀ ਅਤੇ 1990 ਵਿਚ ਖੁਦ ਉਨ੍ਹਾਂ 'ਤੇ ਵੀ ਅੱਤਵਾਦੀ ਹਮਲਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਨੇ ਪੂਰਾ ਵਿਸ਼ਲੇਸ਼ਣ ਕਰਕੇ ਹੀ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਉਨ੍ਹਾਂ ਨੂੰ ਵਾਧੂ ਸੁਰੱਖਿਆ ਦਿੱਤੀ ਸੀ ਜਦ ਕਿ ਜੁਲਾਈ 2019 ਦੌਰਾਨ ਗ੍ਰਹਿ ਮੰਤਰਾਲੇ ਨੇ ਕੇਂਦਰੀ ਸੁਰੱਖਿਆ ਵਾਪਸ ਲੈ ਲਈ ਸੀ।
ਉਨ੍ਹਾਂ ਕਿਹਾ ਕਿ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਵੱਲੋਂ ਲਿਖੇ ਪੱਤਰ ਦੇ ਬਾਅਦ ਮਾਰਚ 2020 ਵਿਚ ਉਨ੍ਹਾਂ ਦੀ ਕੇਂਦਰੀ ਸੁਰੱਖਿਆ ਬਹਾਲ ਹੋਈ ਸੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਅੰਦਰ ਨਸ਼ਾ/ਸ਼ਰਾਬ ਤੇ ਮਾਈਨਿੰਗ ਮਾਫੀਆ, ਕਈ ਹੋਰ ਬੁਰਾਈਆਂ, ਬੇਇਨਸਾਫੀਆਂ ਤੇ ਧੱਕੇਸ਼ਾਹੀ ਵਿਰੁੱਧ ਲਗਾਤਾਰ ਆਵਾਜ਼ ਉਠਾਉਂਦੇ ਆਏ ਹਨ ਅਤੇ ਪਿਛਲੇ ਕੁਝ ਸਾਲਾਂ ਦੌਰਾਨ ਕਈ ਰਿਪੋਰਟਾਂ ਵਿਚ ਉਨ੍ਹਾਂ ਨੂੰ ਖਤਰੇ ਦੀ ਪੁਸ਼ਟੀ ਵੀ ਕੀਤੀ ਗਈ ਹੈ ਪਰ ਹੁਣ ਪੰਜਾਬ ਅੰਦਰ ਉਨ੍ਹਾਂ ਨੂੰ ਖਤਰਾ ਨਾ ਹੋਣ ਸਬੰਧੀ ਤਿਆਰ ਕੀਤੀ ਜਾਅਲੀ ਮੁਲਾਂਕਣ ਰਿਪੋਰਟ ਦੇ ਅਧਾਰ 'ਤੇ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਏ ਜਾਣ ਨਾਲ ਇਹ ਸਿੱਧ ਹੋ ਗਿਆ ਹੈ ਕਿ ਪੰਜਾਬ ਪੁਲਸ ਦਾ ਢਾਂਚਾ ਮੁੱਖ ਮੰਤਰੀ ਦੀਆਂ ਮਨਮਰਜ਼ੀਆਂ ਲਈ ਕੰਮ ਕਰ ਰਿਹਾ ਹੈ ਤੇ ਪੁਲਸ ਵੱਲੋਂ ਸਿਰਫ ਮੁੱਖ ਮੰਤਰੀ ਦੀ ਸਹੂਲਤ ਤੇ ਮਰਜ਼ੀ ਅਨੁਸਾਰ ਕਿਸੇ ਖਿਲਾਫ ਵੀ ਝੂਠੀਆਂ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਡੀ.ਜੀ.ਪੀ. ਨੂੰ ਇਹ ਸਵਾਲ ਵੀ ਕੀਤਾ ਹੈ ਕਿ ਕੇਂਦਰੀ ਸੁਰੱਖਿਆ ਕਵਰ ਹੋਣ ਦੀ ਆੜ ਹੇਠ ਜੇਕਰ ਪੰਜਾਬ ਅੰਦਰ ਉਨ੍ਹਾਂ ਦੀ ਸੁਰੱਖਿਆ ਵਾਪਸ ਲਈ ਗਈ ਹੈ ਤਾਂ ਇਸੇ ਤਰਜ 'ਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਪੰਜਾਬ ਪੁਲਸ ਦੀ ਸੁਰੱਖਿਆ ਵਾਪਸ ਕਿਉਂ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਇਹ ਅਕਾਲੀ ਆਗੂ ਵੀ ਕੇਂਦਰੀ ਸੁਰੱਖਿਆ ਦੇ ਨਾਲ-ਨਾਲ ਪੰਜਾਬ ਪੁਲਸ ਦੀ ਸੁਰੱਖਿਆ ਨਾਲ ਲੈਸ ਹਨ। ਉਨ੍ਹਾਂ ਆਈ.ਪੀ.ਐਸ ਅਧਿਕਾਰੀ ਨੂੰ ਨੌਕਰੀ ਦੇਣ ਮੌਕੇ ਦਿੱਤੀ ਜਾਂਦੀ ਸਿਖਲਾਈ ਅਤੇ ਕਈ ਨਿਯਮਾਂ ਦਾ ਹਵਾਲਾ ਦਿੰਦਿਆਂ ਡੀ.ਜੀ.ਪੀ. ਨੂੰ ਕਿਹਾ ਕਿ ਸੂਬੇ ਦੇ ਮੁਖੀ ਨੇ ਪੁਲਸ ਫੋਰਸ ਲਈ ਰੋਲ ਮਾਡਲ ਬਣਨਾ ਹੁੰਦਾ ਅਤੇ ਅਜਿਹੇ ਅਧਿਕਾਰੀ ਵਿਚ ਸਟੈਂਡ ਲੈਣ ਦੀ ਹਿੰਮਤ, ਸਹੀ ਮਾਰਗ 'ਤੇ ਚੱਲਣ ਦਾ ਇਰਾਦਾ ਅਤੇ ਰਾਜਸੀ ਆਗੂਆਂ ਦਾ ਮੋਹਰਾ ਨਾ ਬਣਨ ਸਮੇਤ ਕਈ ਗੁਣ ਹੋਣੇ ਚਾਹੀਦੇ ਹਨ। ਉਨ੍ਹਾਂ ਇਸ ਪੱਤਰ ਰਾਹੀਂ ਕਿਹਾ ਕਿ ਉਹ ਪੂਰੀ ਦਲੇਰੀ ਤੇ ਦ੍ਰਿੜਤਾ ਨਾਲ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਪੈਰਵਾਈ ਕਰਦੇ ਰਹਿਣਗੇ ਅਤੇ ਜੇਕਰ ਉਨ੍ਹਾਂ ਦਾ ਕੋਈ ਨੁਕਸਾਨ ਹੋਇਆ ਤਾਂ ਉਸ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਜ਼ਿੰਮੇਵਾਰ ਹੋਣਗੇ। ਬਾਜਵਾ ਨੇ ਚੰਡੀਗੜ੍ਹ ਦੇ ਡੀ.ਜੀ.ਪੀ. ਨੂੰ ਵੀ ਉਕਤ ਪੱਤਰ ਭੇਜ ਕੇ ਇਹ ਅਹਿਮ ਮਸਲਾ ਉਜਾਗਰ ਕੀਤਾ ਹੈ।