ਲੋਕਾਂ ’ਤੇ ਕਿਤਾਬਾਂ ਲਿਖਣ ਵਾਲੇ ਕੈਪਟਨ ਦੀ ਹੁਣ ਲਿਖੀ ਜਾਵੇਗੀ ਕਿਤਾਬ, ਅਜੇ ਵੀ ਸੰਭਲਣ ਵੇਲਾ : ਬਾਜਵਾ
Wednesday, May 19, 2021 - 06:37 PM (IST)
ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਚੱਲ ਰਹੇ ਕਲੇਸ਼ ਦਰਮਿਆਨ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਜੇ ਵੀ ਮੌਕਾ ਸੰਭਾਲਣ ਦੀ ਚਿਤਾਵਨੀ ਦਿੱਤੀ ਹੈ। ਬਾਜਵਾ ਨੇ ਆਖਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਤਕ ਕਈ ਕਿਤਾਬਾਂ ਲਿਖ ਚੁੱਕੇ ਹਨ ਪਰ ਹੁਣ ਕੈਪਟਨ ਦੇ ਰਾਜ ’ਤੇ ਕਿਤਾਬ ਲਿਖੀ ਜਾਵੇਗੀ। ਕ੍ਰਿਪਾ ਕਰਕੇ ਗੁਰੂ ਨਾਲ ਕੀਤੇ ਵਾਅਦੇ ਨਿਭਾਓ ਨਹੀਂ ਤਾਂ ਇਤਿਹਾਸਕਾਰ ਤੁਹਾਡੇ ਬਾਰੇ ਕੀ ਲਿਖਣਗੇ, ਇਸ ਦਾ ਹਿਸਾਬ ਤੁਸੀਂ ਆਪ ਹੀ ਲਗਾ ਸਕਦੇ ਹੋ।
ਇਹ ਵੀ ਪੜ੍ਹੋ : ਕੋਟਕਪੂਰਾ ਤੋਂ ਦਿਲ ਕੰਬਾਉਣ ਵਾਲੀ ਘਟਨਾ, ਪਹਿਲਾਂ ਪੁੱਤ, ਫਿਰ ਪਿਤਾ ਤੇ ਮਾਂ ਦੀ ਵੀ ਕੋਰੋਨਾ ਕਾਰਣ ਮੌਤ
ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅੰਗਰੇਜ਼ਾਂ ਅਤੇ ਸਿੱਖਾਂ ’ਚ ਹੋਈਆਂ ਜੰਗਾਂ ’ਤੇ ਕਿਤਾਬ ਲਿਖੀ, ਫਿਰ ਮਹਾਰਾਜਾ ਰਣਜੀਤ ਸਿੰਘ ’ਤੇ ਕਿਤਾਬ ਲਿਖੀ ਅਤੇ 1965-71 ਦੀ ਜੰਗ ’ਤੇ ਵੀ ਕਿਤਾਬ ਲਿਖੀ ਹੈ ਪਰ ਹੁਣ ਵੇਲਾ ਮੁੱਖ ਮੰਤਰੀ ਦੇ ਰਾਜ ’ਤੇ ਕਿਤਾਬ ਲਿਖਣ ਦਾ ਹੈ, ਜੇਕਰ ਉਨ੍ਹਾਂ ਆਪਣੇ ਵਾਅਦੇ ਪੂਰੇ ਨਾ ਕੀਤੇ ਤਾਂ ਇਤਿਹਾਸਕਾਰ ਉਨ੍ਹਾਂ ’ਤੇ ਵੀ ਕਿਤਾਬ ਲਿਖਣਗੇ ਅਤੇ ਉਨ੍ਹਾਂ ’ਤੇ ਲਿਖੀ ਜਾਣ ਵਾਲੀ ਕਿਤਾਬ ਦਾ ਅੰਦਾਜ਼ਾ ਉਹ ਆਪ ਹੀ ਲਗਾ ਸਕਦੇ ਹਨ। ਬਾਜਵਾ ਨੇ ਕਿਹਾ ਕਿ ਅਜੇ ਵੀ ਪੰਜਾਬ ਸਰਕਾਰ ਕੋਲ 8 ਮਹੀਨਿਆਂ ਦਾ ਸਮਾਂ ਪਿਆ ਹੈ, ਜੇਕਰ ਲੋਕਾਂ ਦੀ ਕਚਹਿਰੀ ਵਿਚ ਜਾਣਾ ਹੈ ਤਾਂ ਵਾਅਦੇ ਪੂਰੇ ਕਰਨੇ ਪੈਣਗੇ ਅਤੇ ਬਾਦਲਾਂ ਅਤੇ ਸੁਮੇਧ ਸੈਣੀ ਨੂੰ ਜਾਂਚ ਦੇ ਦਾਇਰੇ ਵਿਚ ਲਿਆਉਣਾ ਪਵੇਗਾ।
ਇਹ ਵੀ ਪੜ੍ਹੋ : ਕਾਂਗਰਸੀਆਂ ’ਤੇ ਵਿਜੀਲੈਂਸ ਦੀ ਕਾਰਵਾਈ ’ਤੇ ਸੁਨੀਲ ਜਾਖੜ ਨੇ ਤੋੜੀ ਚੁੱਪ, ਪਰਗਟ ਸਿੰਘ ’ਤੇ ਦਿੱਤਾ ਬਿਆਨ
ਇਸ ਤੋਂ ਇਲਾਵਾ ਬਾਜਵਾ ਨੇ ਆਖਿਆ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਮੀਡੀਆ ਸਾਹਮਣੇ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਵਾਲਾ ਸਾਰਾ ਮਾਮਲਾ ਸਿਆਸਤ ਤੋਂ ਪ੍ਰੇਰਤ ਹੈ। ਉਨ੍ਹਾਂ ਕਿਹਾ ਕਿ ਮੰਤਰੀ ਚੰਨੀ ਨੂੰ ਪ੍ਰੈੱਸ ਕਾਨਫਰੰਸ ਕਰਕੇ ਆਪਣੀ ਗੱਲ ਜ਼ਰੂਰ ਰੱਖਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬਾਜਵਾ ਹਰੀਸ਼ ਰਾਵਤ ਨੂੰ ਜਲਦ ਤੋਂ ਜਲਦ ਪੰਜਾਬ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਜਲਦੀ ਨਹੀਂ ਆਏ ਤਾਂ ਪੰਜਾਬ ਕਾਂਗਰਸ ’ਚ ਮਿਜ਼ਾਇਲਾਂ ਚੱਲ ਜਾਣਗੀਆਂ ਅਤੇ ਇਸ ਨਾਲ ਵੱਡਾ ਧਮਾਕਾ ਹੋਵੇਗਾ।
ਇਹ ਵੀ ਪੜ੍ਹੋ : ਪਰਗਟ ਸਿੰਘ ਮਾਮਲੇ ’ਤੇ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ, ਕਿਹਾ ਕੈਪਟਨ ਦੇ ਸਲਾਹਕਾਰ ’ਤੇ ਦਰਜ ਹੋਵੇ ਮਾਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?