ਪ੍ਰਤਾਪ ਸਿੰਘ ਬਾਜਵਾ ਦਾ ਨਜਾਇਜ਼ ਸ਼ਰਾਬ ਨੂੰ ਲੈ ਕੇ ਪੰਜਾਬ ਸਰਕਾਰ ''ਤੇ ਵੱਡਾ ਹਮਲਾ
Saturday, May 23, 2020 - 06:50 PM (IST)
ਚੰਡੀਗੜ੍ਹ (ਅਸ਼ਵਨੀ) : ਪੰਜਾਬ 'ਚ ਸ਼ਰਾਬ 'ਤੇ ਉੱਠੇ ਵਿਵਾਦ 'ਚ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਵੀ ਸਰਕਾਰ ਨੂੰ ਘੇਰਨ 'ਚ ਕੋਈ ਕਸਰ ਨਹੀਂ ਛੱਡੀ। ਇਸ ਵਾਰ ਉਨ੍ਹਾਂ ਨੇ ਸਿੱਧੇ-ਸਿੱਧੇ ਪੰਜਾਬ ਆਬਕਾਰੀ ਵਿਭਾਗ ਅਤੇ ਨਜਾਇਜ਼ ਸ਼ਰਾਬ ਮਾਫੀਆ ਵਿਚਕਾਰ ਮਿਲੀਭੁਗਤ ਦੀ ਗੱਲ ਕਹੀ ਹੈ। ਬਾਜਵਾ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਜੇਕਰ ਤੁਹਾਨੂੰ ਚੰਗੀ ਸਕਾਚ ਵ੍ਹਿਸਕੀ ਚਾਹੀਦੀ ਹੈ ਤਾਂ ਬਸ ਆਪਣੇ ਨਜ਼ਦੀਕ ਕਿਸੇ ਵੀ ਐਕਸਾਈਜ਼ ਵਿਭਾਗ ਦੇ ਅਧਿਕਾਰੀ ਨੂੰ ਕਹੋ। ਪੰਜਾਬ 'ਚ ਸ਼ਰਾਬ ਮਾਫੀਆ ਅੱਜ ਬਲੂ ਲੇਬਲ ਤੋਂ ਲੈ ਕੇ ਬਲੈਕ ਲੇਬਲ ਤੱਕ ਬਣਾ ਰਿਹਾ ਹੈ ਅਤੇ ਇਸ ਸ਼ਰਾਬ ਨੂੰ ਨਿਯਮਾਂ ਅਨੁਸਾਰ ਪੰਜਾਬ 'ਚ ਵੇਚ ਵੀ ਰਿਹਾ ਹੈ।
ਇਹ ਵੀ ਪੜ੍ਹੋ : ਕੋਰੋਨਾ ਦੀ ਆਫ਼ਤ ਅਜੇ ਠੱਲ੍ਹੀ ਨਹੀਂ, ਪੰਜਾਬ ਦੇ ਸਰਹੱਦੀ ਇਲਾਕਿਆਂ 'ਤੇ ਮੰਡਰਾਇਆ ਇਕ ਹੋਰ ਖਤਰਾ
ਬਾਜਵਾ ਇਨ੍ਹੀਂ ਦਿਨੀਂ ਲਗਾਤਾਰ ਪੰਜਾਬ 'ਚ ਸ਼ਰਾਬ ਤੋਂ ਪ੍ਰਾਪਤ ਮਾਲੀਏ 'ਚ ਹੋਏ ਨੁਕਸਾਨ 'ਤੇ ਆਵਾਜ਼ ਬੁਲੰਦ ਕਰ ਰਹੇ ਹਨ। ਪੰਜਾਬ ਮੰਤਰੀ ਮੰਡਲ ਅਤੇ ਮੁੱਖ ਸਕੱਤਰ ਵਿਚਕਾਰ ਸ਼ਰਾਬ ਨੀਤੀ 'ਚ ਬਦਲਾਅ ਨੂੰ ਲੈ ਕੇ ਜਦੋਂ ਤੋਂ ਤਨਾਤਨੀ ਹੋਈ ਹੈ, ਉਦੋਂ ਤੋਂ ਬਾਜਵਾ ਨੇ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਹੋਇਆ ਹੈ। ਇੱਥੋਂ ਤੱਕ ਕਿ ਬਾਜਵਾ ਆਬਕਾਰੀ ਵਿਭਾਗ ਦੇ ਉਨ੍ਹਾਂ ਅੰਕੜਿਆਂ ਨੂੰ ਵੀ ਸਿਰੇ ਤੋਂ ਖਾਰਿਜ ਕਰ ਚੁੱਕੇ ਹਨ, ਜਿਸ 'ਚ ਵਿਭਾਗ ਨੇ 2019-20 'ਚ ਕਰਫਿਊ ਦੇ ਸਮੇਂ ਨੂੰ ਛੱਡ ਕੇ ਕਿਸੇ ਵੀ ਤਰ੍ਹਾਂ ਦਾ ਵਿੱਤੀ ਨੁਕਸਾਨ ਨਾ ਹੋਣ ਦੀ ਗੱਲ ਕਹੀ ਸੀ। ਬਾਜਵਾ ਨੇ ਦੋਸ਼ ਲਾਇਆ ਸੀ ਕਿ ਪੰਜਾਬ 'ਚ ਪਿਛਲੇ ਤਿੰਨ ਸਾਲਾਂ ਦੌਰਾਨ ਕਰੀਬ 2700 ਕਰੋੜ ਰੁਪਏ ਦਾ ਐਕਸਾਈਜ਼ ਰੈਵੇਨਿਊ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਪ੍ਰਸ਼ਾਸਨੀ ਪੱਧਰ 'ਤੇ ਵੱਡਾ ਫੇਰਬਦਲ
ਮੁੱਖ ਮੰਤਰੀ ਵਲੋਂ ਹੁਕਮ ਜਾਰੀ ਕਰਨ ਤੋਂ ਬਾਅਦ ਵੱਖ-ਵੱਖ ਮਾਮਲਿਆਂ 'ਚ ਰੋਜ਼ਾਨਾ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਕੱਲੇ ਮੁਕਤਸਰ ਜ਼ਿਲ੍ਹੇ 'ਚ ਦੋ ਦਿਨਾਂ ਅੰਦਰ ਐਕਸਾਈਜ਼ ਐਕਟ ਤਹਿਤ 10 ਮਾਮਲੇ ਦਰਜ ਕੀਤੇ ਗਏ। ਇਸ ਕੜੀ 'ਚ ਜਲੰਧਰ ਪੇਂਡੂ ਪੁਲਸ ਵੀ ਅਚਾਨਕ ਸੋਸ਼ਲ ਮੀਡੀਆ 'ਤੇ ਇੱਕ ਤੋਂ ਬਾਅਦ ਇੱਕ ਨਜਾਇਜ਼ ਸ਼ਰਾਬ ਦੀ ਧਰਪਕੜ ਦਾ ਖੁਲਾਸਾ ਕਰ ਰਹੀ ਹੈ। ਪੰਜਾਬ 'ਚ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਜਾ ਰਹੀਆਂ ਹਨ। ਸਾਫ਼ ਹੈ ਕਿ ਪੰਜਾਬ 'ਚ ਨਜਾਇਜ਼ ਸ਼ਰਾਬ ਦਾ ਵੱਡਾ ਕਾਰੋਬਾਰ ਵੱਧ-ਫੁਲ ਰਿਹਾ ਸੀ ਪਰ ਇਸ ਕਾਰੋਬਾਰ ਨੂੰ ਅਚਾਨਕ ਮੁੱਖ ਸਕੱਤਰ ਅਤੇ ਮੰਤਰੀਆਂ ਵਿਚਕਾਰ ਹੋਏ ਵਿਵਾਦ ਦੀ ਨਜ਼ਰ ਲੱਗ ਗਈ। ਮੁੱਖ ਮੰਤਰੀ ਨੂੰ ਆਨਨ-ਫਾਨਨ 'ਚ ਠੋਸ ਕਦਮ ਚੁੱਕਣੇ ਪਏ ਅਤੇ ਹੁਣ ਆਬਕਾਰੀ ਵਿਭਾਗ ਅਤੇ ਪੰਜਾਬ ਪੁਲਸ ਮੁੱਖ ਮੰਤਰੀ ਦੀ ਗੁੱਡ-ਬੁੱਕ 'ਚ ਆਉਣ ਲਈ ਲਗਾਤਾਰ ਇੱਕ ਤੋਂ ਬਾਅਦ ਇੱਕ ਨਾਜਾਇਜ਼ ਸ਼ਰਾਬ ਦੇ ਮਾਮਲੇ ਦਾ ਖੁਲਾਸਾ ਕਰ ਰਹੀ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫਤ ਦੌਰਾਨ ਮੁੱਖ ਮੰਤਰੀ ਵਲੋਂ ਅਗਲੇ ਕੁਝ ਦਿਨਾਂ ਤੱਕ ਪੂਰੀ ਸਾਵਧਾਨੀ ਵਰਤਣ ਦੇ ਹੁਕਮ