ਪ੍ਰਤਾਪ ਬਾਜਵਾ ਨੇ ਕੇਜਰੀਵਾਲ 'ਤੇ ਵਿੰਨ੍ਹਿਆ ਨਿਸ਼ਾਨਾ, CM ਮਾਨ ਨੂੰ ਕੀਤਾ ਇਹ ਸਵਾਲ
Thursday, Oct 27, 2022 - 08:20 PM (IST)
ਗੁਰਦਾਸਪੁਰ (ਜੀਤ ਮਠਾਰੂ) : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਏਜੰਡੇ ਨੂੰ ਫੁੱਟ ਪਾਊ ਤੇ ਖਤਰਨਾਕ ਦੱਸਦਿਆਂ ਇਸ ਦੀ ਸਖ਼ਤ ਅਲੋਚਨਾ ਕੀਤੀ ਹੈ। ਬਾਜਵਾ ਨੇ ਕਿਹਾ ਕਿ ਕੇਜਰੀਵਾਲ ਦਾ ਕੇਂਦਰ ਸਰਕਾਰ ਨੂੰ ਕਰੰਸੀ ਨੋਟਾਂ 'ਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਛਾਪਣ ਲਈ ਕਹਿਣ ਦਾ ਇੱਕੋ-ਇੱਕ ਉਦੇਸ਼ ਸਿਰਫ਼ ਵੋਟਾਂ ਅਤੇ ਸੱਤਾ ਦੀ ਖਾਤਰ ਆਪਣੇ ਆਪ ਨੂੰ ਇਕ ਨਿਰਵਿਵਾਦ ਹਿੰਦੂ ਨੇਤਾ ਵਜੋਂ ਸਥਾਪਤ ਕਰਨਾ ਹੈ।
ਇਹ ਵੀ ਪੜ੍ਹੋ : ਸਿਹਤ ਮੰਤਰੀ ਜੌੜਾਮਾਜਰਾ ਵੱਲੋਂ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ, ਦਿੱਤੇ ਇਹ ਦਿਸ਼ਾ ਨਿਰਦੇਸ਼
ਬਾਜਵਾ ਨੇ ਕਿਹਾ ਕਿ ਕੇਜਰੀਵਾਲ ਭਾਰਤ ਦੇ ਲੋਕਾਂ ਨੂੰ ਵੀ ਗੁਮਰਾਹ ਕਰ ਰਿਹਾ ਹੈ ਕਿ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਛਾਪ ਕੇ ਦੇਸ਼ ਦੀ ਆਰਥਿਕਤਾ ਨੂੰ ਸੁਧਾਰਿਆ ਜਾ ਸਕਦਾ ਹੈ। ਬਾਜਵਾ ਨੇ ਕਿਹਾ ਕਿ ਕੀ ਇਹ ਇਕ ਅਜਿਹੇ ਵਿਅਕਤੀ ਲਈ ਬੇਸ਼ਰਮੀ ਦੀ ਗੱਲ ਨਹੀਂ ਹੈ ਕਦੇ ਆਈ.ਆਈ.ਟੀ ਦਾ ਸਾਬਕਾ ਵਿਦਿਆਰਥੀ ਅਤੇ ਇੱਕ ਆਈ.ਆਰ.ਐੱਸ ਅਧਿਕਾਰੀ ਰਹਿਣ ਵਾਲਾ ਵਿਅਕਤੀ ਵੋਟਾਂ ਦੀ ਖਾਤਰ ਹੁਣ ਅਜਿਹੇ ਝੂਠੇ ਦਾਅਵੇ ਕਰਦਾ ਹੈ ਜੋ ਨਾ ਸਿਰਫ਼ ਗੈਰ-ਵਿਗਿਆਨਕ ਹਨ ਸਗੋਂ ਬੇਬੁਨਿਆਦ ਵੀ ਹਨ। ਬਾਜਵਾ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਦੇ ਆਰਟੀਕਲ 51 ਏ (ਐੱਚ) 'ਚ ਸਪਸ਼ਟ ਤੌਰ 'ਤੇ ਦਰਜ ਹੈ ਕਿ ਮੌਜੂਦਾ ਸਰਕਾਰ ਸਮਾਜ 'ਚ ਵਿਗਿਆਨਕ ਪਹੁੰਚ ਨੂੰ ਬੜਾਵਾ ਦੇਵੇਗੀ ਪਰ ਇਹ ਮੌਕਾਪ੍ਰਸਤ ਕੇਜਰੀਵਾਲ ਧਰਮ ਦੇ ਨਾਂ 'ਤੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ ਦਾਣਾ ਮੰਡੀਆਂ 'ਚ ਹੋ ਰਹੇ ਘਪਲੇ ਦਾ ਪਰਦਾਫਾਸ਼, ਫਿਰੋਜ਼ਪੁਰ ਦੇ ਤਿੰਨ ਠੇਕੇਦਾਰਾਂ ਖ਼ਿਲਾਫ਼ ਪਰਚਾ ਦਰਜ
ਬਾਜਵਾ ਨੇ ਕਿਹਾ ਕਿ ਕੇਜਰੀਵਾਲ ਲਈ ਦਫ਼ਤਰਾਂ 'ਚ ਡਾ. ਭੀਮ ਰਾਓ ਅੰਬੇਡਕਰ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਤਸਵੀਰਾਂ ਦਿਖਾਉਣਾ ਸਿਰਫ਼ ਵੋਟਾਂ ਬਟੋਰਨ ਲਈ ਪ੍ਰਤੀਕ ਦਾ ਕੰਮ ਹੈ। ਅਸਲ 'ਚ ਉਹ ਉਨ੍ਹਾਂ ਦੀ ਸੋਚ ਜਾਂ ਵਿਚਾਰਧਾਰਾ 'ਚ ਵਿਸ਼ਵਾਸ਼ ਨਹੀਂ ਕਰਦਾ, ਜਦਕਿ ਡਾ. ਅੰਬੇਡਕਰ ਨੇ ਬੁੱਧ ਧਰਮ ਅਪਣਾਇਆ ਅਤੇ ਉਹ ਲੋਕਤੰਤਰੀ ਢਾਂਚੇ 'ਚ ਯਕੀਨ ਰੱਖਦੇ ਸਨ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਇੱਕ ਕੌਮੀ ਹੀਰੋ ਸਨ, ਜਿਹਨਾਂ ਨੇ ਧਰਮ ਨਿਰਪੱਖਤਾ 'ਚ ਭਰੋਸਾ ਜਤਾਇਆ। ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਕੀ ਉਹ ਵੀ ਆਪਣੇ ਸਿਆਸੀ ਗੁਰੂ ਨਾਲ ਸਹਿਮਤ ਹਨ ਅਤੇ ਮਹਾਤਮਾ ਗਾਂਧੀ ਦੇ ਨਾਲ ਕਰੰਸੀ ਨੋਟਾਂ 'ਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਛਾਪਣ ਦਾ ਸਮਰਥਨ ਕਰਦੇ ਹਨ?