ਪ੍ਰਤਾਪ ਬਾਜਵਾ ਦੀ ਕੈਪਟਨ ਨੂੰ ਚਿਤਾਵਨੀ, 45 ਦਿਨਾਂ ਦਾ ਦਿੱਤਾ ਅਲਟੀਮੇਟਮ

Wednesday, May 19, 2021 - 10:09 PM (IST)

ਪ੍ਰਤਾਪ ਬਾਜਵਾ ਦੀ ਕੈਪਟਨ ਨੂੰ ਚਿਤਾਵਨੀ, 45 ਦਿਨਾਂ ਦਾ ਦਿੱਤਾ ਅਲਟੀਮੇਟਮ

ਚੰਡੀਗੜ੍ਹ : ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਤਤਕਾਲੀ ਮਸਲੇ ’ਤੇ ਬੋਲਦੇ ਹੋਏ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ 45 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਬਾਜਵਾ ਨੇ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਤੋਂ ਇਨਕਾਰ ਕਰਦੇ ਹੋਏ ਆਖਿਆ ਹੈ ਕਿ ਕਾਂਗਰਸ ਦੇ ਉਹੀ ਲੀਡਰ ਇਕੱਠੇ ਹੋਏ ਹਨ ਜਿਹੜੇ ਗੁਰੂ ਘਰ ਤੇ ਪੰਜਾਬ ਦੀ ਗੱਲ ਕਰਦੇ ਹਨ। ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੂੰ ਦਿੱਤੇ ਇੰਟਰਵਿਊ ਵਿਚ ਬਾਜਵਾ ਨੇ ਕਿਹਾ ਕਿ ਜੇਕਰ 45 ਦਿਨਾਂ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਕੋਈ ਫ਼ੈਸਲਾ ਲੈ ਲੈਂਦੇ ਹਨ ਤਾਂ ਠੀਕ ਹੈ ਜੇਕਰ ਉਹ ਫ਼ੈਸਲਾ ਨਹੀਂ ਲੈਂਦੇ ਤਾਂ ਉਨ੍ਹਾਂ ਦੀ ਲੜਾਈ ਆਜ਼ਾਦ ਅਤੇ ਖੁੱਲ੍ਹੇ ਤੌਰ ’ਤੇ ਹੋਵੇਗੀ। ਬਾਜਵਾ ਨੇ ਕਿਹਾ ਕਿ ਚੋਣ ਵਾਅਦਿਆਂ ਵਿਚ 19-21 ਹੋ ਸਕਦੀ ਹੈ ਪਰ ਗੁਰੂ ਘਰ ਨਾਲ ਕੀਤਾ ਵਾਅਦਾ ਪੂਰਾ ਕਰਨਾ ਹੀ ਪਵੇਗਾ।

ਇਹ ਵੀ ਪੜ੍ਹੋ : ਸਿਖ਼ਰ ’ਤੇ ਪਹੁੰਚਿਆ ਪੰਜਾਬ ਕਾਂਗਰਸ ਦਾ ਕਲੇਸ਼, ਮੰਤਰੀ ਚਰਨਜੀਤ ਚੰਨੀ ਨੇ ਫੇਸਬੁੱਕ ਤੋਂ ਹਟਾਈ ਕੈਪਟਨ ਦੀ ਤਸਵੀਰ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ 2017 ਦੀਆਂ ਚੋਣਾਂ ਦੌਰਾਨ ਹੱਥ ’ਚ ਗੁਟਕਾ ਸਾਹਿਬ ਫੜ ਕੇ ਸਹੁੰ ਖਾਧੀ ਸੀ ਕਿ ਬੇਅਦਬੀ ਦੇ ਦੋਸ਼ੀਆਂ ਅਤੇ ਨਸ਼ਾ ਸੌਦਾਗਰਾਂ ਨੂੰ ਬੇਪਰਦਾ ਕਰਕੇ ਅੰਦਰ ਕੀਤਾ ਜਾਵੇਗਾ। ਨਾ ਤਾਂ ਬੇਅਦਬੀ ਦੇ ਦੋਸ਼ੀਆਂ ’ਤੇ ਕਾਰਵਾਈ ਹੋਈ ਅਤੇ ਨਾ ਹੀ ਨਸ਼ੇ ਦੇ ਅਸਲ ਸੌਦਾਗਰ ਫੜੇ ਗਏ। ਉਨ੍ਹਾਂ ਕਿਹਾ ਕਿ ਨਸ਼ੇ ’ਤੇ ਹੋਈ ਜਾਂਚ ਦੀ ਰਿਪੋਰਟ ਵੀ ਜਿਉਂ ਦੀ ਤਿਉਂ ਪਈ ਹੈ। ਉਨ੍ਹਾਂ ਕਿਹਾ ਕਿ ਸਵਾ ਚਾਰ ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰ ਇਹ ਦੋ ਵੱਡੇ ਵਾਅਦੇ ਅਜੇ ਤਕ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਲੋਕਾਂ ਦੀ ਕਚਹਿਰੀ ਵਿਚ ਜਾਣ ਲਈ ਹੀ ਪੰਜਾਬ ਕਾਂਗਰਸ ਦੇ ਮੰਤਰੀ, ਐੱਮ. ਪੀ., ਅਤੇ ਵਿਧਾਇਕ ਇਕੱਠੇ ਹੋਏ ਹਨ।

ਇਹ ਵੀ ਪੜ੍ਹੋ : ਕੋਰੋਨਾ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਵਿਆਹ ਤੋਂ 13 ਦਿਨ ਬਾਅਦ ਲਾੜੇ ਦੀ ਮੌਤ

ਬਾਜਵਾ ਨੇ ਕਿਹਾ ਕਿ ਉਨ੍ਹਾਂ ਦੀ ਹਾਈਕਮਾਨ ਨਾਲ ਵੀ ਇਸ ਸਾਰੇ ਮਸਲੇ ’ਤੇ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਹਾਈਕਮਾਨ ਨੂੰ ਚਾਹੀਦਾ ਹੈ ਕਿ ਪੰਜਾਬ ਕਾਂਗਰਸ ਦੇ ਸਾਰੇ ਆਗੂਆਂ ਨੂੰ ਇਕੱਠਾ ਕਰਕੇ ਗੱਲਬਾਤ ਕੀਤੀ ਜਾਵੇ ਅਤੇ ਉਨ੍ਹਾਂ ਦੀ ਰਾਏ ਲੈਣ ਤੋਂ ਬਾਅਦ ਹੀ ਨਿਚੋੜ ਕੱਢਿਆ ਜਾਵੇ ਅਤੇ ਇਸੇ ਆਧਾਰ ’ਤੇ ਕੋਈ ਫ਼ੈਸਲਾ ਲਿਆ ਜਾਵੇ। ਬਾਜਵਾ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਨਹੀਂ ਸਗੋਂ ਗਰਵਨਰ ਰਾਜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਡੀ. ਜੀ. ਪੀ. ਸੈਂਟਰ ਨੇ ਲਗਾਇਆ ਹੈ, ਐਡਵੋਕੇਟ ਜਨਰਲ ਇਨ੍ਹਾਂ ਦਾ ਦੋਸਤ ਹੈ , ਜੋ ਅੱਜ ਤਕ ਇਕ ਵੀ ਕੇਸ ਨਹੀਂ ਜਿੱਤ ਸਕਿਆ ਹੈ ਜਦਕਿ ਰਿਟਾਇਰਡ ਬਿਓਰੋਕਰੇਟ ਪੰਜਾਬ ਨੂੰ ਚਲਾ ਰਿਹਾ ਹੈ। ਇੰਝ ਜਾਪਦੈ ਜਿਵੇਂ ਅਤੁਲ ਨੰਦਾ ਕਾਂਗਰਸ ਦਾ ਨਹੀਂ ਸਗੋਂ ਬਾਦਲਾਂ ਵਲੋਂ ਲਗਾਇਆ ਗਿਆ ਹੋਵੇ।

ਇਹ ਵੀ ਪੜ੍ਹੋ : ਕੋਟਕਪੂਰਾ ਤੋਂ ਦਿਲ ਕੰਬਾਉਣ ਵਾਲੀ ਘਟਨਾ, ਪਹਿਲਾਂ ਪੁੱਤ, ਫਿਰ ਪਿਤਾ ਤੇ ਮਾਂ ਦੀ ਵੀ ਕੋਰੋਨਾ ਕਾਰਣ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News