ਪ੍ਰਤਾਪ ਬਾਜਵਾ ਦੀ ਸੁਰੱਖਿਆ ਹਟਾਉਣ ਦਾ ਕੈਪਟਨ ਨੇ ਦੱਸਿਆ ਕਾਰਣ

Tuesday, Aug 11, 2020 - 06:41 PM (IST)

ਪ੍ਰਤਾਪ ਬਾਜਵਾ ਦੀ ਸੁਰੱਖਿਆ ਹਟਾਉਣ ਦਾ ਕੈਪਟਨ ਨੇ ਦੱਸਿਆ ਕਾਰਣ

ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਵਲੋਂ ਪ੍ਰ੍ਰਤਾਪ ਸਿੰਘ ਬਾਜਵਾ ਦੀ ਸੁਰੱਖਿਆ ਵਾਪਸ ਲੈਣ ਵਿਚ ਉਨ੍ਹਾਂ ਵਲੋਂ ਲਾਏ ਬਦਲਾਖੋਰੀ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਮਾਰਚ ਮਹੀਨੇ ਵਿਚ ਕੇਂਦਰ ਵਲੋਂ ਰਾਜ ਸਭਾ ਮੈਂਬਰ ਨੂੰ ਮੁਹੱਈਆ ਕਰਵਾਈ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮਗਰੋਂ ਸਾਲ 2013 ਦੀ ਸੂਬੇ ਦੀ ਸੁਰੱਖਿਆ ਨੀਤੀ ਅਨੁਸਾਰ ਉਸ ਨੂੰ ਦਰਪੇਸ਼ ਖ਼ਤਰੇ ਦੀ ਸਮੇਂ-ਸਮੇਂ ਕੀਤੀ ਜਾਣ ਵਾਲੀ ਸਮੀਖਿਆ 'ਤੇ ਅਧਾਰਿਤ ਇਹ ਆਮ ਪ੍ਰਕਿਰਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਵਿਅਕਤੀ ਨੂੰ ਸਹੀ ਮਾਅਨਿਆਂ ਵਿਚ ਜ਼ਰੂਰਤ ਹੋਣ 'ਤੇ ਸੁਰੱਖਿਆ ਦੇਣ ਤੋਂ ਇਨਕਾਰ ਨਹੀਂ ਕਰੇਗੀ ਪਰ ਬੇਵਜ੍ਹਾ ਪੁਲਸ ਮੁਲਾਜ਼ਮਾਂ ਨੂੰ ਵਿਹਲਾ ਨਹੀਂ ਕਰ ਸਕਦੀ ਖਾਸ ਕਰਕੇ ਉਸ ਵੇਲੇ ਜਦੋਂ ਕੋਵਿਡ ਦੀ ਮਹਾਮਾਰੀ ਦਰਮਿਆਨ ਪੁਲਸ ਫੋਰਸ ਬਹੁਤ ਨਿਯੰਤਰਨ ਤੇ ਦਬਾਅ ਵਿਚੋਂ ਗੁਜ਼ਰ ਰਹੀ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਕੀਤੇ ਜਾਂਦੇ ਖ਼ਤਰੇ ਦੇ ਮੁਲਾਂਕਣ ਦੇ ਮੁਤਾਬਿਕ ਬਾਦਲਾਂ ਨੂੰ ਸੁਰੱਖਿਆ ਖ਼ਤਰੇ ਦੇ ਸੰਕੇਤ ਦੇ ਮੱਦੇਨਜ਼ਰ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਾਜਵਾ ਦੀ ਸ਼ਿਕਾਇਤ ਹੋਛੀ ਤੇ ਬੇਮਾਇਨਾ ਹੈ ਅਤੇ ਨਾ ਹੀ ਇਹ ਤੱਥਾਂ 'ਤੇ ਅਧਾਰਿਤ ਹੈ।

ਇਹ ਵੀ ਪੜ੍ਹੋ : ਕੈਪਟਨ-ਬਾਜਵਾ ਵਿਵਾਦ 'ਚ ਸੁਖਪਾਲ ਖਹਿਰਾ ਦੀ ਦਸਤਕ, ਦਿੱਤਾ ਵੱਡਾ ਬਿਆਨ

ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਨੂੰ ਦਰਪੇਸ਼ ਵੱਧ ਖ਼ਤਰੇ ਦੇ ਮੱਦੇਨਜ਼ਰ ਉਨ੍ਹਾਂ ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ ਦਿੱਤੀ ਜਾਂਦੀ ਜ਼ੈੱਡ ਪਲੱਸ ਸੁਰੱਖਿਆ ਤੋਂ ਇਲਾਵਾ ਪੰਜਾਬ ਪੁਲਸ ਵਲੋਂ ਵੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਬਾਜਵਾ ਅਤੇ ਬਾਦਲਾਂ ਦੇ ਮਾਮਲੇ ਦਰਮਿਆਨ ਕੋਈ ਤੁਲਨਾ ਨਹੀਂ ਹੋ ਸਕਦੀ ਕਿਉਂਕਿ ਉਨ੍ਹਾਂ ਨੂੰ ਦੇਸ਼ ਵਿਚ ਕਿਸੇ ਵੀ ਦਹਿਸ਼ਤਗਰਦੀ ਜਥੇਬੰਦੀ ਵਲੋਂ ਦਰਪੇਸ਼ ਕਿਸੇ ਖ਼ਤਰੇ ਸਬੰਧੀ ਕੋਈ ਵਿਸ਼ੇਸ਼ ਸੂਹ ਦੀ ਅਣਹੋਂਦ ਕਾਰਨ ਪੰਜਾਬ ਸਰਕਾਰ ਦੀ ਸੁਰੱਖਿਆ ਲੈਣ ਲਈ ਸ਼੍ਰੇਣੀਬੱਧ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਸ ਪੰਜਾਬ ਦੀ ਖੁਫੀਆ ਸੂਚਨਾ ਵਿਚ ਇਹ ਦਰਸਾਇਆ ਗਿਆ ਹੈ ਕਿ ਬਾਜਵਾ ਇਕ ਸੰਸਦ ਮੈਂਬਰ ਦੇ ਨਾਤੇ ਸਿਰਫ ਅਹੁਦੇ ਦੀ ਸੁਰੱਖਿਆ ਦੇ ਹੱਕਦਾਰ ਹਨ, ਜਿਵੇਂ ਕਿ ਮੰਤਰੀ ਮੰਡਲ ਵਲੋਂ ਸਾਲ 2013 ਵਿਚ ਮਨਜ਼ੂਰ ਕੀਤੀ ਸੂਬਾਈ ਸੁਰੱਖਿਆ ਨੀਤੀ ਵਿਚ ਦਰਜ ਹੈ।

ਇਹ ਵੀ ਪੜ੍ਹੋ : ਐੱਸ. ਜੀ. ਪੀ. ਸੀ. 'ਤੇ ਵਰ੍ਹੇ ਰਣਜੀਤ ਸਿੰਘ ਢੱਡਰੀਆਂਵਾਲੇ, ਜਥੇਦਾਰ 'ਤੇ ਵੀ ਚੁੱਕੇ ਸਵਾਲ

ਕੈਪਟਨ ਨੇ ਕਿਹਾ ਫਿਰ ਵੀ 23 ਮਾਰਚ, 2020 ਤੱਕ ਕਾਂਗਰਸੀ ਸੰਸਦ ਮੈਂਬਰ ਦੀ ਸੁਰੱਖਿਆ ਵਿਚ 14 ਜਵਾਨ ਅਤੇ ਡਰਾਇਵਰ ਸਮੇਤ ਇਕ ਐਸਕਾਰਟ ਜਿਪਸੀ ਸ਼ਾਮਲ ਸੀ ਅਤੇ 23 ਮਾਰਚ ਨੂੰ ਕੋਵਿਡ ਡਿਊਟੀ ਕਾਰਨ ਕੁਝ ਜਵਾਨਾਂ ਨੂੰ ਵਾਪਸ ਬੁਲਾ ਲਿਆ ਗਿਆ। 23 ਮਾਰਚ, 2020 ਤੋਂ ਬਾਅਦ ਬਾਜਵਾ ਦੀ ਸੁਰੱਖਿਆ ਵਿਚ ਛੇ ਸੁਰੱਖਿਆ ਜਵਾਨ (ਦੋ ਕਮਾਂਡੋ, ਦੋ ਆਰਮਿਡ ਬਟਾਲੀਅਨ ਤੇ ਇਕ ਜ਼ਿਲ੍ਹੇ ਦਾ ਜਵਾਨ) ਅਤੇ ਡਰਾਇਵਰ ਸਮੇਤ ਇਕ ਐਸਕਾਰਟ ਜਿਪਸੀ ਸੀ। ਹਾਲਾਂਕਿ, 19 ਮਾਰਚ, 2020 ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਬਾਜਵਾ ਨੂੰ ਸੀ.ਆਈ.ਐੱਸ.ਐੱਫ. ਦੀ ਸੁਰੱਖਿਆ ਛੱਤਰੀ ਹੇਠ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਫੈਸਲਾ ਕੀਤਾ। ਕੋਵਿਡ ਦੇ ਕਾਰਨ ਸ਼ੁਰੂਆਤ ਵਿਚ ਸੀ.ਆਈ.ਐੱਸ.ਐੱਫ. ਨੇ ਥੋੜ੍ਹੀ ਗਿਣਤੀ ਵਿਚ ਜਵਾਨਾਂ ਨੂੰ ਤਾਇਨਾਤ ਕੀਤਾ ਪਰ ਇਸ ਹਫ਼ਤੇ ਪੀ.ਐੱਸ.ਓਜ਼, ਹਾਊਸ ਪ੍ਰੋਟੈਕਸ਼ਨ ਗਾਰਡ ਅਤੇ ਐਸਕਾਰਟ ਸਮੇਤ ਪੂਰੀ ਨਫ਼ਰੀ ਬਾਜਵਾ ਦੀ ਸੁਰੱਖਿਆ ਲਈ ਤਾਇਨਾਤ ਹੋ ਗਈ। ਇਸ ਨਾਲ ਜ਼ੈੱਡ ਸ਼੍ਰੇਣੀ ਦੇ ਨੇਮਾਂ ਤਹਿਤ ਬਾਜਵਾ ਦੀ ਸੁਰੱਖਿਆ ਲਈ 25 ਜਵਾਨ, 2 ਐਸਕਾਰਟ ਡਰਾਈਵਰ ਅਤੇ ਸਕਾਰਪੀਓ ਵਾਹਨ ਸ਼ਾਮਲ ਹਨ।

ਇਹ ਵੀ ਪੜ੍ਹੋ : ਸਿਖਰਾਂ 'ਤੇ ਪਹੁੰਚਿਆ ਕਾਂਗਰਸ ਦਾ ਘਰੇਲੂ ਕਲੇਸ਼, ਜਾਖੜ ਨੇ ਨਜ਼ਮ ਰਾਹੀਂ ਦਿੱਤਾ ਬਾਜਵਾ ਨੂੰ ਜਵਾਬ

ਅਮਰਿੰਦਰ ਨੇ ਕਿਹਾ ਕਿ ਸੀ.ਆਈ.ਐੱਸ.ਐੱਫ. ਸੁਰੱਖਿਆ ਦੀ ਪੂਰੀ ਤਾਇਨਾਤੀ ਨੇ ਪੁਲਸ ਵਲੋਂ ਮੌਜੂਦਾ ਸਥਿਤੀ ਅਨੁਸਾਰ ਨਵੇਂ ਸਿਰੇ ਤੋਂ ਸਮੀਖਿਆ ਨੂੰ ਜ਼ਰੂਰੀ ਬਣਾ ਦਿੱਤਾ ਸੀ ਜਿਸ ਉਪਰੰਤ ਮੈਂਬਰ ਪਾਰਲੀਮੈਂਟ ਦੀ ਸੂਬਾ ਪੱਧਰੀ ਸੁਰੱਖਿਆ ਵਾਪਸੀ ਲਈ ਗਈ, ਖਾਸਕਰ ਇਸ ਤੱਥ ਦੀ ਰੌਸ਼ਨੀ ਵਿਚ ਕਿ ਸੂਬਾ ਸਰਕਾਰ ਦੇ ਰਿਕਾਰਡ ਅਨੁਸਾਰ ਕਿਸੇ ਖਤਰੇ ਬਾਰੇ ਕੋਈ ਵਿਸ਼ੇਸ਼ ਸੂਚਨਾ ਨਹੀ ਹੈ ਜੋ ਉਸ ਨੂੰ ਭਾਰਤ ਅੰਦਰ ਸਰਗਰਮ ਅੱਤਵਾਦੀ/ਦਹਿਸ਼ਤਗਰਦ ਜੱਥੇਬੰਦੀਆਂ ਵਲੋਂ ਖਤਰੇ ਵੱਲ ਇਸ਼ਾਰਾ ਕਰਦੀ ਹੋਵੇ। Îਮੁੱਖ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਪੁਲਸ ਵਲੋਂ ਕੇਂਦਰੀ ਏਜੰਸੀ ਨਾਲ ਵਿਚਾਰ-ਵਟਾਂਦਰੇ ਨਾਲ ਸੁਰੱਖਿਆ ਦੀ ਸਮੀਖਿਆ ਸਬੰਧੀ ਸਮੇਂ-ਸਮੇਂ ਕੀਤਾ ਜਾਣ ਵਾਲਾ ਆਮ ਅਭਿਆਸ ਸੀ, ਜੋ ਹਾਲਾਤਾਂ ਦੀ ਤਬਦੀਲੀ ਤੇ ਗਤੀਸ਼ੀਲਤਾ ਨੂੰ ਧਿਆਨ ਵਿਚ ਰੱਖਦਿਆਂ ਸਾਰੇ ਸੁਰੱਖਿਆ ਰੱਖਣ ਵਾਲਿਆਂ ਬਾਬਤ ਲਗਾਤਾਰ ਕੀਤਾ ਜਾਂਦਾ ਹੈ। 

ਇਹ ਵੀ ਪੜ੍ਹੋ : ਬਾਜਵਾ ਦੀ ਸੁਰੱਖਿਆ ਵਾਪਸ ਲੈਣ 'ਤੇ ਭੜਕੇ ਦੂਲੋ, ਕੈਪਟਨ ਤੇ ਡੀ. ਜੀ. ਪੀ. ਨੂੰ ਦਿੱਤੀ ਚਿਤਾਵਨੀ 

ਵਿਰੋਧ ਨੂੰ ਸੁਰੱਖਿਆ ਵਾਪਸ ਲੈਣ ਨਾਲ ਜੋੜਨਾ ਗ਼ਲਤ 
ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਵਲੋਂ ਸੂਬਾ ਸਰਕਾਰ ਨਾਲ ਚੱਲ ਰਹੇ ਵਿਰੋਧ ਨੂੰ ਸੁਰੱਖਿਆ ਵਾਪਸ ਲੈਣ ਨਾਲ ਜੋੜਨਾ ਗ਼ਲਤ ਹੈ। ਅਸਲ ਵਿਚ ਵਿਰੋਧ ਦਾ ਰਸਤਾ ਤਾਂ ਬਾਜਵਾ ਨੇ ਖ਼ੁਦ ਹੀ ਚੁਣਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਇਸ ਮਾਮਲੇ ਵਿਚ ਬਾਜਵਾ 'ਤੇ ਦਯਾ-ਦ੍ਰਿਸ਼ਟੀ ਨਹੀਂ ਦਿਖਾ ਸਕਦੀ ਕਿਉਂਕਿ ਪੰਜਾਬ ਪੁਲਸ ਨੂੰ ਇਸ ਵੇਲੇ ਸੁਰੱਖਿਆ ਅਤੇ ਸਰੱਹਦੀ ਸੂਬਾ ਹੋਣ ਕਾਰਣ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਪਟਨ ਨੇ ਕਿਹਾ ਕਿ ਸੂਬਾ ਪੁਲਸ ਦੇ 1,000ਜਵਾਨ ਕੋਰੋਨਾ ਨਾਲ ਪ੍ਰਭਾਵਤ ਹਨ। ਨਾ ਸਿਰਫ ਬਾਜਵਾ, ਸਗੋਂ ਉਨ੍ਹਾਂ ਦੀ ਖੁਦ ਦੀ ਤੇ ਹੋਰ ਵੱਡੇ ਲੋਕਾਂ ਦੀ ਵੀ ਸੁਰੱਖਿਆ ਘੱਟ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੀ. ਪੀ. ਪੀ. ਕਿੱਟਾਂ ਪਾ ਕੇ ਆਮ ਆਦਮੀ ਪਾਰਟੀ ਵਲੋਂ ਆਈਸੋਲੇਸ਼ਨ ਵਾਰਡ 'ਚ ਰੇਡ


author

Gurminder Singh

Content Editor

Related News