ਅਕਾਲੀ ਦਲ ’ਚ ਮੁੜ ਵਾਪਸੀ ’ਤੇ ਪਰਮਿੰਦਰ ਢੀਂਡਸਾ ਨੇ ਦਿੱਤਾ ਵੱਡਾ ਬਿਆਨ, ਰੱਖੀਆਂ ਸ਼ਰਤਾਂ

07/04/2022 5:59:17 PM

ਸੰਗਰੂਰ : ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੂਬੇ 'ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹੇਠਾਂ ਡਿੱਗਦੇ ਗ੍ਰਾਫ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਇਸ 'ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਅਤੇ ਇਸ ਪਾਰਟੀ ਦੇ ਨਾਲ ਹੀ ਢੀਂਡਸਾ ਪਰਿਵਾਰ ਨੂੰ ਪਛਾਣ ਮਿਲੀ ਹੈ। ਅਕਾਲੀ ਦਲ 'ਚ ਮੁੜ ਸ਼ਾਮਲ ਹੋਣ ਦੀ ਗੱਲ 'ਤੇ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਾਰਟੀ 'ਚ ਵਾਪਸ ਜਾਣ ਦਾ ਵਿਚਾਰ ਕਰ ਰਹੇ ਹਨ ਪਰ ਇਸ ਤਹਿਤ ਸਾਡੀਆਂ ਕੁਝ ਸ਼ਰਤਾਂ ਹਨ। ਉਨ੍ਹਾਂ  ਕਿਹਾ ਕਿ ਜਦੋਂ ਅਕਾਲੀ ਦਲ ਦਾ ਗ੍ਰਾਫ ਹੇਠਾਂ ਡਿੱਗਦਾ ਦੇਖਦਾ ਹਾਂ ਤਾਂ ਦੁਖ ਲੱਗਦਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਇਕ ਪਰਿਵਾਰ ਕਾਰਨ ਅਕਾਲੀ ਦਲ ਨੂੰ ਦਾਅ 'ਤੇ ਨਹੀਂ ਲਾਇਆ ਜਾ ਸਕਦਾ। ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਹੁਣ ਉਹ ਪਾਰਟੀ ਨਹੀਂ ਰਹੀ ਜੋ ਸਿੱਖਾਂ ਦੀ ਅਗਵਾਈ ਕਰਦੀ ਸੀ ਅਤੇ ਪੰਜਾਬ ਦੇ ਭਲੇ ਲਈ ਕੰਮ ਕਰਦੀ ਸੀ । ਪਾਰਟੀ ਹੁਣ ਬਾਦਲ ਪਰਿਵਾਰ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ, ਜਿਸ ਨੂੰ ਬਾਦਲ ਪਰਿਵਾਰ ਤੋਂ ਛੁਡਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਲੁਟੇਰੀ ਦੁਲਹਨ ਦਾ ਇਕ ਹੋਰ ਕਾਰਨਾਮਾ, ਵਿਦੇਸ਼ ਲੈ ਕੇ ਜਾਣ ਦੇ ਚੱਕਰ ’ਚ ਇੰਝ ਮਾਰੀ ਠੱਗੀ ਕਿ ਸੋਚਿਆ ਨਾ ਸੀ

ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ ਅਕਾਲੀ ਦਲ 'ਚ ਸ਼ਾਮਲ ਹੋਣ ਨੂੰ ਤਿਆਰ ਹੈ ਪਰ ਉਸ ਲਈ ਕੁਝ ਮੰਗਾਂ ਹਨ। ਜਿਸ ਵਿਚ ਪਹਿਲੀ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਬਦਲਿਆ ਜਾਵੇ। ਦੂਜੀ ਸ਼ਰਤ ਇਹ ਹੈ ਕਿ ਪਾਰਟੀ ਨੂੰ ਕਿਸੇ ਦੀ ਜਗੀਰ ਨਾ ਬਣਿਆ ਜਾਵੇ। ਇਸ ਤੋਂ ਇਲਾਵਾ ਪਾਰਟੀ ਨੂੰ ਪੰਥਕ ਵਿਚਾਰਧਾਰਾ 'ਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇੰਨ੍ਹਾਂ ਮੰਗਾਂ 'ਤੇ ਸਹਿਮਤੀ ਜਤਾਈ ਜਾਂਦੀ ਹੈ ਤਾਂ ਢੀਂਡਸਾ ਪਰਿਵਾਰ ਪਾਰਟੀ 'ਚ ਸ਼ਾਮਲ ਹੋਣ ਨੂੰ ਤਿਆਰ ਹੈ।

ਸਾਬਕਾ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਲਈ ਉਨ੍ਹਾਂ ਦੇ ਪਿਤਾ ਅਤੇ ਹੋਰ ਵੀ ਕਈ ਵੱਡੇ ਆਗੂਆਂ ਨੇ ਮਿਹਨਤ ਕੀਤੀ ਹੈ ਪਰ ਬਾਦਲ ਪਰਿਵਾਰ ਨੇ ਪਾਰਟੀ 'ਤੇ ਆਪਣਾ ਕਬਜ਼ਾ ਕੀਤਾ ਹੋਇਆ ਹੈ। ਜਿਸ ਦੇ ਚੱਲਦਿਆਂ ਪਾਰਟੀ ਵਰਕਰਾਂ ਨੇ ਅਕਾਲੀ ਦਲ ਤੋਂ ਦੂਰੀ ਬਣਾ ਲਈ ਹੈ। ਹੁਣ ਜੋ ਪਾਰਟੀ ਦੇ ਹਾਲਾਤ ਹਨ ਉਹ ਨਿਕਲ ਕੇ ਸਭ ਸਾਹਮਣੇ ਆ ਗਏ ਹਨ। ਜਿਸ ਤੋਂ ਸਾਫ਼ ਹੁੰਦਾ ਹੈ ਕਿ ਲੋਕਾਂ ਦਾ ਪਾਰਟੀ ਤੋਂ ਵਿਸ਼ਵਾਸ ਉੱਠ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ 'ਚ ਵੱਡੇ ਪੱਧਰ 'ਤੇ ਬਦਲਾਅ ਨਾ ਕੀਤੇ ਗਏ ਤਾਂ ਹਾਲਾਤ ਹੋਰ ਵੀ ਵਿਗੜ ਸਕਦੇ ਹਨ। ਇਸ ਤੋਂ ਇਲਾਵਾ ਢੀਂਡਸਾ ਨੇ ਕਿਹਾ ਕਿ ਪਾਰਟੀ ਕੋਲ ਦਹਾਕਿਆਂ ਤੋਂ ਜੁੜੀ ਪੰਥਕ ਵੋਟ ਹੀ ਬਚੀ ਹੈ। ਨੌਜਵਾਨਾਂ ਅਤੇ ਹੋਰ ਵਰਗਾਂ ਦੇ ਲੋਕਾਂ ਨੇ ਪਾਰਟੀ ਤੋਂ ਮੂੰਹ ਮੌੜ ਲਿਆ ਹੈ। 

ਇਹ ਵੀ ਪੜ੍ਹੋ- ਆਈ. ਪੀ. ਐੱਸ. ਗੌਰਵ ਯਾਦਵ ਬਣੇ ਪੰਜਾਬ ਦੇ ਨਵੇਂ ਕਾਰਜਕਾਰੀ ਡੀ. ਜੀ. ਪੀ.

ਜ਼ਿਕਰਯੋਗ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਦੇ ਪਿਤਾ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਗਠਨ ਕੀਤਾ ਸੀ। ਉਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨਾਲ ਗੱਠਜੋੜ ਕਰਕੇ ਲੜ੍ਹੀ ਸੀ ਜਿਸ ਵਿਚ ਉਨ੍ਹਾਂ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


Anuradha

Content Editor

Related News